ਨਾਜ਼ਿਮ ਦੀ ਸਥਿਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ (Provincial administration) ਦੀ ਸਥਿਤੀ ਕੀ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਵਿਵਸਥਾ ਨੂੰ ਕੁਸ਼ਲ ਢੰਗ ਨਾਲ ਚਲਾਉਣ ਲਈ ਆਪਣੇ ਰਾਜ ਨੂੰ ਚਾਰ ਪ੍ਰਾਂਤਾਂ ਜਾਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ।
ਇਨ੍ਹਾਂ ਦੇ ਨਾਂ ਸਨ :
ਸੂਬਾ-ਏ-ਲਾਹੌਰ
ਸੂਬਾ-ਏ-ਮੁਲਤਾਨ
ਸੂਬਾ- ਏ-ਕਸ਼ਮੀਰ
ਸੂਬਾ-ਏ-ਪਿਸ਼ਾਵਰ।
ਸੂਬੇ ਜਾਂ ਪ੍ਰਾਂਤ ਦਾ ਮੁਖੀਆ ਨਾਜ਼ਿਮ ਕਹਾਉਂਦਾ ਸੀ। ਉਸ ਦੀ ਨਿਯੁਕਤੀ ਮਹਾਰਾਜਾ ਦੁਆਰਾ ਕੀਤੀ ਜਾਂਦੀ ਸੀ, ਕਿਉਂਕਿ ਇਹ ਅਹੁਦਾ ਬੜਾ ਮਹੱਤਵਪੂਰਨ ਹੁੰਦਾ ਸੀ।
ਇਸ ਲਈ ਮਹਾਰਾਜਾ ਇਸ ਅਹੁਦੇ ‘ਤੇ ਬਹੁਤ ਹੀ ਵਿਸ਼ਵਾਸਯੋਗ, ਸਮਝਦਾਰ, ਈਮਾਨਦਾਰ ਅਤੇ ਅਨੁਭਵੀ ਵਿਅਕਤੀ ਨੂੰ ਹੀ ਨਿਯੁਕਤ ਕਰਦੇ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਅਨੇਕਾਂ ਸ਼ਕਤੀਆਂ ਪ੍ਰਾਪਤ ਸਨ:
(i) ਉਸ ਦਾ ਮੁੱਖ ਕਾਰਜ ਆਪਣੇ ਅਧੀਨ ਪ੍ਰਾਂਤ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਸੀ।
(ii) ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕਾਰਜ਼ਾਂ ਦੀ ਦੇਖ-ਭਾਲ ਕਰਦਾ ਸੀ।
(iii) ਉਹ ਪ੍ਰਾਂਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਂਦਾ ਸੀ।
(iv) ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦਾ ਫ਼ੈਸਲਾ ਕਰਦਾ ਸੀ ਅਤੇ ਕਾਰਦਾਰਾਂ ਦੇ ਫ਼ੈਸਲਿਆਂ ਦੇ ਵਿਰੁੱਧ ਬੇਨਤੀਆਂ ਸੁਣਦਾ ਸੀ।
(v) ਉਹ ਭੂਮੀ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਮੱਦਦ ਕਰਦਾ ਸੀ।
(vi) ਉਸ ਦੇ ਅਧੀਨ ਕੁੱਝ ਸੈਨਾ ਹੁੰਦੀ ਸੀ ਅਤੇ ਕਈ ਵਾਰ ਛੋਟੇ-ਮੋਟੇ ਅਭਿਯਾਨਾਂ ਦੀ ਅਗਵਾਈ ਵੀ ਕਰਦਾ ਸੀ।
(vii) ਉਹ ਨਿਸ਼ਚਿਤ ਲਗਾਨ ਸਮੇਂ ਤੇ ਕੇਂਦਰੀ ਖ਼ਜਾਨੇ ਵਿੱਚ ਜਮ੍ਹਾਂ ਕਰਾਉਂਦਾ ਸੀ।
(viii) ਉਹ ਜ਼ਰੂਰਤ ਪੈਣ ‘ਤੇ ਕੇਂਦਰ ਨੂੰ ਫ਼ੌਜ ਵੀ ਭੇਜਦਾ ਸੀ।
(ix) ਉਹ ਆਮ ਤੌਰ ਤੇ ਪ੍ਰਾਂਤ ਦਾ ਚੱਕਰ ਲਗਾ ਕੇ ਇਹ ਪਤਾ ਲਗਾਉਂਦਾ ਸੀ ਕਿ ਕੀ ਪਰਜਾ ਰਣਜੀਤ ਸਿੰਘ ਤੋਂ ਖ਼ੁਸ਼ ਹੈ ਕਿ ਨਹੀਂ। ਇਸ ਪ੍ਰਕਾਰ ਨਾਜ਼ਿਮ ਦੇ ਕੋਲ ਅਸੀਮ ਸ਼ਕਤੀਆਂ ਸਨ ਪਰੰਤੂ ਉਸ ਨੂੰ ਪ੍ਰਾਂਤ ਦੇ ਸੰਬੰਧਿਤ ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਮਹਾਰਾਜਾ ਤੋਂ
ਆਗਿਆ ਲੈਣੀ ਪੈਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਖ਼ੁਦ ਅਤੇ ਕੇਂਦਰੀ ਅਧਿਕਾਰੀਆਂ ਦੁਆਰਾ ਨਾਜ਼ਿਮ ਦੇ ਕਾਰਜਾਂ ਦਾ ਨਿਰੀਖਣ ਕਰਦੇ ਸਨ। ਸੰਤੁਸ਼ਟ ਨਾ ਹੋਣ ‘ਤੇ ਨਾਜ਼ਿਮ ਨੂੰ ਬਦਲ ਦਿੱਤਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਚੰਗੀਆਂ ਤਨਖ਼ਾਹਾਂ ਮਿਲਦੀਆਂ ਸਨ ਅਤੇ ਉਹ ਬਹੁਤ ਸ਼ਾਨ ਨਾਲ ਵੱਡੇ ਮਹੱਲਾਂ ਵਿੱਚ ਰਹਿੰਦੇ ਸਨ।