Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationKavita/ਕਵਿਤਾ/ कविताPunjab School Education Board(PSEB)ਪ੍ਰਸੰਗ ਸਹਿਤ ਵਿਆਖਿਆ (Prasang sahit viakhia)

ਧੌਂਸਾ ਵੱਜਿਆ……… ਲਾਂਵਦੇ ਦੇਰ ਮੀਆਂ।


ਸਿੰਘਾਂ ਦੀ ਚੜ੍ਹਤ : ਸ਼ਾਹ ਮੁਹੰਮਦ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ,

ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।

ਚੜ੍ਹੇ ਪੁੱਤ੍ਰ ਸਰਦਾਰਾਂ ਦੇ ਛੈਲ ਬਾਂਕੇ,

ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਚੜ੍ਹੇ ਸਭ ਮਝੈਲ, ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਸੀ ਢੇਰ ਮੀਆਂ ।

ਸ਼ਾਹ ਮੁਹੰਮਦਾ ਤੁਰੇ ਜੰਬੂਰਖ਼ਾਨੇ,

ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ ।

ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸਿੰਘਾਂ ਦੀ ਚੜ੍ਹਤ’ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੇ ਅੰਤ ਸਿੱਖਾਂ ਦੀ ਹਾਰ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਸਿੱਖ ਫ਼ੌਜ ਦੀ ਅੰਗਰੇਜ਼ਾਂ ਵਿਰੁੱਧ ਆਰੰਭਿਕ ਚੜ੍ਹਾਈ ਦਾ ਦ੍ਰਿਸ਼ ਪੇਸ਼ ਕਰਦਾ ਹੈ।

ਵਿਆਖਿਆ : ਜਦੋਂ ਸਿੱਖ ਫ਼ੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਹੋਇਆ, ਤਾਂ ਫ਼ੌਜਾਂ ਨਗਾਰੇ ਵਜਾ ਕੇ ਲੜਾਈ ਲਈ ਚਲ ਪਈਆਂ। ਸਿੱਖ ਫ਼ੌਜਾਂ ਦੇ ਵੱਡੇ-ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰ ਦਿੱਤੀ। ਇਸ (ਫ਼ੌਜ) ਵਿੱਚ ਸ਼ਾਮਲ ਵੱਡੇ-ਵੱਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦਿੰਦੇ ਸਨ, ਜਿਵੇਂ ਜੰਗਲ ਵਿੱਚੋਂ ਸ਼ੇਰ ਨਿਕਲ ਆਏ ਹੋਣ। ਇਨ੍ਹਾਂ ਫ਼ੌਜਾਂ ਵਿੱਚ ਮਾਝੇ ਅਤੇ ਦੁਆਬੇ ਦੇ ਉਹ ਬਹਾਦਰ ਵੀ ਸ਼ਾਮਲ ਸਨ. ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਊਂਦਿਆਂ ਵੱਡੇ-ਵੱਡੇ ਕਿਲ੍ਹਿਆਂ ਨੂੰ ਫ਼ਤਹਿ ਕੀਤਾ ਸੀ। ਫ਼ੌਜ ਦੇ ਨਾਲ ਊਠਾਂ ਉੱਤੇ ਲੱਦਿਆ ਜ਼ੰਬੂਰਖ਼ਾਨਾ ਵੀ ਚਲ ਪਿਆ ਤੇ ਇਸ ਤਰ੍ਹਾਂ ਜਦੋਂ ਸਿੱਖ ਫ਼ੌਜਾਂ ਨੂੰ ਚੜ੍ਹਾਈ ਕਰਨ ਦਾ ਹੁਕਮ ਹੋਇਆ, ਤਾਂ ਉਨ੍ਹਾਂ ਤੁਰਦਿਆਂ ਜ਼ਰਾ ਵੀ ਦੇਰ ਨਾ ਲਾਈ।


ਔਖੇ ਸ਼ਬਦਾਂ ਦੇ ਅਰਥ : ਸਿੰਘਾਂ ਦੀ ਚੜ੍ਹਤ

ਧੌਂਸਾ : ਨਗਾਰਾ ।

ਬਾਂਕੇ : ਸੋਹਣੇ ਜਵਾਨ ।

ਢੇਰ : ਬਹੁਤ ।

ਜੰਬੂਰਖ਼ਾਨੇ : ਊਠਾਂ ਉੱਤੇ ਲੱਦੀਆਂ ਤੋਪਾਂ ਦਾ ਸਮੂਹ ।


‘ਸਿੰਘਾਂ ਦੀ ਚੜ੍ਹਤ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ

ਪ੍ਰਸ਼ਨ. ‘ਸਿੰਘਾਂ ਦੀ ਚੜ੍ਹਤ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਅੰਗਰੇਜ਼ਾਂ ਵਿਰੁੱਧ ਚੜ੍ਹਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫ਼ੌਜਾਂ ਧੌਂਸਾ ਵਜਾ ਕੇ ਤੁਰ ਪਈਆਂ। ਇਸ ਫ਼ੌਜ ਵਿੱਚ ਸਰਦਾਰਾਂ ਦੇ ਬਹਾਦਰ ਪੁੱਤਰ ਅਤੇ ਮਝੈਲ, ਦੁਆਬੀਏ ਸੂਰਬੀਰਾਂ ਤੋਂ ਇਲਾਵਾ ਜੰਬੂਰਖ਼ਾਨਾ ਵੀ ਸ਼ਾਮਿਲ ਸੀ।