ਧਰਤੀ ਹੇਠਲਾ ਬਲਦ: ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੁਲਵੰਤ ਸਿੰਘ ਵਿਰਕ ਅਤੇ ਉਸ ਦੀ ਕਹਾਣੀ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਕੁਲਵੰਤ ਸਿੰਘ ਪੰਜਾਬੀ ਦਾ ਇੱਕ ਪ੍ਰਸਿੱਧ ਕਹਾਣੀਕਾਰ ਹੈ। ਉਹ ਨਿੱਕੀ ਕਹਾਣੀ ਦੇ ਵੱਡੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਵਿਰਕ ਇੱਕ ਮਾਨਵਵਾਦੀ ਕਹਾਣੀਕਾਰ ਹੈ ਅਤੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਨ ਵਿੱਚ ਸਫਲ ਹੈ। ਉਸ ਦੀਆਂ ਕਹਾਣੀਆਂ ਵਿੱਚ ਮਨੁੱਖੀ ਸਮੱਸਿਆਵਾਂ ਦਾ ਸਫਲ ਚਿਤਰਨ ਮਿਲਦਾ ਹੈ।
ਪ੍ਰਸ਼ਨ 2. ਕੁਲਵੰਤ ਸਿੰਘ ਵਿਰਕ ਦੇ ਕਹਾਣੀ-ਸੰਗ੍ਰਹਿਆਂ ਦਾ ਵੇਰਵਾ ਦਿਓ।
ਉੱਤਰ : ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਗ੍ਰਹਿਆਂ ਦਾ ਵੇਰਵਾ ਇਸ ਪ੍ਰਕਾਰ ਹੈ : ਛਾਹ ਵੇਲਾ, ਧਰਤੀ ਤੇ ਅਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਏਕਸ ਕੇ ਹਮ ਬਾਰਿਕ, ਗੋਲ੍ਹਾਂ, ਨਵੇਂ ਲੋਕ ਆਦਿ।
ਪ੍ਰਸ਼ਨ 3. ਕੁਲਵੰਤ ਸਿੰਘ ਵਿਰਕ ਦੇ ਕਿਸ ਕਹਾਣੀ-ਸੰਗ੍ਰਹਿ ਲਈ ਉਸ ਨੂੰ ਸਾਹਿਤ-ਅਕਾਦਮੀ ਦਾ ਪੁਰਸਕਾਰ ਮਿਲਿਆ?
ਉੱਤਰ : ਕੁਲਵੰਤ ਸਿੰਘ ਵਿਰਕ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਕਈ ਇਨਾਮ ਦਿੱਤੇ ਗਏ। ਉਸ ਦੇ ਕਹਾਣੀ-ਸੰਗ੍ਰਹਿ ‘ਨਵੇਂ ਲੋਕ’ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਸ਼ਨ 4. ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਦੀ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਉਂ ਕਿਹਾ ਜਾਂਦਾ ਹੈ?
ਉੱਤਰ : ਕੁਲਵੰਤ ਸਿੰਘ ਵਿਰਕ ਨੇ ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਬਹੁਤ ਵੱਡੀ ਦੇਣ ਦਿੱਤੀ ਹੈ। ਉਸ ਦੀਆਂ ਕਹਾਣੀਆਂ ਅਕਾਰ ਵਿੱਚ ਤਾਂ ਬਹੁਤ ਵੱਡੀਆਂ ਨਹੀਂ ਹੁੰਦੀਆਂ ਪਰ ਗੁਣਾਂ ਦੇ ਪੱਖੋਂ ਇਹ ਬਹੁਤ ਉੱਤਮ ਹਨ। ਇਸੇ ਲਈ ਵਿਰਕ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹਾ ਜਾਂਦਾ ਹੈ।
ਪ੍ਰਸ਼ਨ 5. ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।
ਉੱਤਰ : ‘ਧਰਤੀ ਹੇਠਲਾ ਬਲਦ’ ਕਹਾਣੀ ਦਾ ਵਿਸ਼ਾ ਇੱਕ ਬਜ਼ੁਰਗ (ਜੋ ਇੱਕ ਸ਼ਹੀਦ ਫ਼ੌਜੀ ਦਾ ਪਿਤਾ ਹੈ) ਦੀ ਸਹਿਨ-ਸ਼ਕਤੀ ਨੂੰ ਪ੍ਰਗਟਾਉਣ ਨਾਲ ਸੰਬੰਧਿਤ ਹੈ। ਉਹ ਆਪ ਭਾਰ ਹੇਠ ਦੱਬੇ ਹੋਣ ‘ਤੇ ਵੀ ਦੂਜਿਆਂ ਦਾ ਭਾਰ ਚੁੱਕਣਾ ਚਾਹੁੰਦਾ ਹੈ। ਇਸੇ ਲਈ ਉਸ ਦੀ ਤੁਲਨਾ ਧਰਤੀ ਹੇਠਲੇ ਧੌਲ/ਬਲਦ ਨਾਲ ਕੀਤੀ ਗਈ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਗਾਂ ‘ਤੇ ਚੁੱਕਿਆ ਹੋਇਆ ਹੈ।
ਪ੍ਰਸ਼ਨ 6. ਠੱਠੀ ਖਾਰਾ ਕਿਸ ਦਾ ਪਿੰਡ ਸੀ ਅਤੇ ਇਹ ਕਿੱਥੇ ਸਥਿਤ ਸੀ?
ਉੱਤਰ : ਠੱਠੀ ਖਾਰਾ ਮਾਨ ਸਿੰਘ ਦੇ ਫ਼ੌਜੀ ਦੋਸਤ ਕਰਮ ਸਿੰਘ ਦਾ ਪਿੰਡ ਸੀ। ਇਹ ਪਿੰਡ ਅੰਮ੍ਰਿਤਸਰ ਦੇ ਨੇੜੇ ਪੱਕੀ ਸੜਕ ‘ਤੇ ਸਥਿਤ ਸੀ। ਮਾਨ ਸਿੰਘ ਇਸੇ ਪਿੰਡ ਕਰਮ ਸਿੰਘ ਦੇ ਘਰ ਵਾਲਿਆਂ ਨੂੰ ਮਿਲਨ ਗਿਆ ਸੀ।
ਪ੍ਰਸ਼ਨ 7. ਮਾਨ ਸਿੰਘ ਕੌਣ ਹੈ?
ਉੱਤਰ : ਮਾਨ ਸਿੰਘ ‘ਧਰਤੀ ਹੇਠਲਾ ਬਲਦ’ ਕਹਾਣੀ ਦਾ ਪਾਤਰ ਹੈ। ਉਹ ਪਿੰਡ ਚੂਹੜਕਾਣਾ ਦਾ ਰਹਿਣ ਵਾਲਾ ਹੈ ਅਤੇ ਇੱਕ ਫ਼ੌਜੀ ਹੈ। ਉਹ ਫ਼ੌਜੀ ਕਰਮ ਸਿੰਘ ਦਾ ਗੂੜਾ ਦੋਸਤ ਹੈ ਅਤੇ ਛੁੱਟੀ ਆਇਆ ਹੋਇਆ ਹੈ। ਫ਼ੌਜ ਵਿਚ ਮਾਨ ਸਿੰਘ ਤੇ ਕਰਮ ਸਿੰਘ ਇਕੱਠੇ ਸਨ।
ਪ੍ਰਸ਼ਨ 8. ਮਾਨ ਸਿੰਘ ਕਿਸ ਨੂੰ ਅਤੇ ਕਿੱਥੇ ਮਿਲਨ ਗਿਆ ਸੀ?
ਉੱਤਰ : ਮਾਨ ਸਿੰਘ ਅਤੇ ਕਰਮ ਸਿੰਘ ਫ਼ੌਜ ਵਿੱਚ ਇਕੱਠੇ ਸਨ ਅਤੇ ਗੂੜ੍ਹੇ ਦੋਸਤ ਸਨ। ਮਾਨ ਸਿੰਘ ਛੁੱਟੀ ਆਇਆ ਹੋਇਆ ਸੀ। ਕਰਮ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੇ ਘਰ ਵੀ ਹੋ ਕੇ ਆਵੇ। ਇਸੇ ਲਈ ਉਹ ਕਰਮ ਸਿੰਘ ਦੇ ਪਿੰਡ ਠੱਠੀ ਖਾਰਾ ਗਿਆ मी।
ਪ੍ਰਸ਼ਨ 9. ਮਾਨ ਸਿੰਘ ਦੀ ਕਰਮ ਸਿੰਘ ਨਾਲ ਗੁੜ੍ਹੀ ਦੋਸਤੀ ਕਿੱਥੇ ਲੱਗੀ/ਪਈ?
ਉੱਤਰ : ਮਾਨ ਸਿੰਘ ਦੀ ਕਰਮ ਸਿੰਘ ਨਾਲ ਗੂੜ੍ਹੀ ਦੋਸਤੀ ਫ਼ੌਜ ਵਿੱਚ ਇਕੱਠੇ ਰਹਿੰਦਿਆਂ ਪਈ। ਇਹ ਦੋਵੇਂ ਪਹਿਲਾਂ ਤਾਂ ਆਪਣੇ ਰੈਜਿਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਅਤੇ ਹੁਣ ਇੱਕ ਹੀ ਬਟਾਲੀਅਨ ਵਿੱਚ ਬਰਮਾ ਦੇ ਫਰੰਟ ‘ਤੇ ਲੜ ਰਹੇ ਸਨ।
ਪ੍ਰਸ਼ਨ 10. ਫੌਜ ਵਿੱਚ ਕਰਮ ਸਿੰਘ ਅਤੇ ਮਾਨ ਸਿੰਘ ਕਿਸ-ਕਿਸ ਅਹੁਦੇ ‘ਤੇ ਸਨ?
ਉੱਤਰ : ਕਰਮ ਸਿੰਘ ਫ਼ੌਜ ਵਿੱਚ ਮਾਨ ਸਿੰਘ ਤੋਂ ਪਹਿਲਾਂ ਭਰਤੀ ਹੋਇਆ ਸੀ ਅਤੇ ਹੁਣ ਹੋਲਦਾਰ ਬਣ ਗਿਆ ਸੀ। ਦੂਸਰੇ ਪਾਸੇ ਮਾਨ ਸਿੰਘ ਅਜੇ ਮੁਸ਼ਕਲ ਨਾਲ ਨਾਇਕੀ ਤੱਕ ਹੀ ਪਹੁੰਚਿਆ ਸੀ।
ਪ੍ਰਸ਼ਨ 11. “ਜਿੰਨੀਆਂ ਗੂੜੀਆਂ ਯਾਰੀਆਂ ਫ਼ੌਜ ਵਿੱਚ ਲੱਗਦੀਆਂ ਨੇ, ਇੰਨੀਆਂ ਹੋਰ ਕਿਧਰੇ ਨਹੀਂ ਲੱਗਦੀਆਂ।” ਇਹ ਸ਼ਬਦ ਕਿਸ ਨੇ ਕਹੇ ਅਤੇ ਇਹ ਸ਼ਬਦ ਕਿਸ ਦੀ ਦੋਸਤੀ/ਯਾਰੀ ਬਾਰੇ ਦੱਸਦੇ ਹਨ?
ਉੱਤਰ : ਇਹ ਸ਼ਬਦ ਕਹਾਣੀਕਾਰ ਦੇ ਹਨ। ਉਹ ਕਹਿੰਦਾ ਹੈ ਕਿ ਜਿੰਨੀਆਂ ਗੂੜੀਆਂ ਦੋਸਤੀਆਂ/ਯਾਰੀਆਂ ਫ਼ੌਜ ਵਿੱਚ ਲੱਗਦੀਆਂ ਹਨ ਹੋਰ ਕਿਤੇ ਨਹੀਂ ਲੱਗਦੀਆਂ। ਇਹਨਾਂ ਸ਼ਬਦਾਂ ਵਿੱਚ ਕਰਮ ਸਿੰਘ ਅਤੇ ਮਾਨ ਸਿੰਘ ਦੀ ਦੋਸਤੀ/ਯਾਰੀ ਬਾਰੇ ਦੱਸਿਆ ਗਿਆ ਹੈ।
ਪ੍ਰਸ਼ਨ 12. ਕਰਮ ਸਿੰਘ ਦੀ ਬੋਲ-ਚਾਲ ਕਿਸ ਤਰ੍ਹਾਂ ਦੀ ਸੀ?
ਉੱਤਰ : ਕਰਮ ਸਿੰਘ ਦੂਸਰਿਆਂ ਨਾਲ ਬਹੁਤ ਮਿੱਠਾ ਬੋਲਦਾ ਸੀ। ਉਸ ਦੇ ਪਿੰਡ ਦੇ ਕਈ ਹੋਰ ਮੁੰਡੇ ਵੀ ਫ਼ੌਜ ਵਿੱਚ ਸਨ ਪਰ ਉਹ ਜਦੋਂ ਛੁੱਟੀ ਆਉਂਦੇ ਸਨ ਤਾਂ ਪਿੰਡ ਦੇ ਲੋਕਾਂ ਨਾਲ ਉਹਨਾਂ ਦੀ ਗੱਲ ‘ਵਾਹਿਗੁਰੂ ਜੀ ਦੀ ਫ਼ਤਿਹ’ ਤੋਂ ਅੱਗੇ ਨਹੀਂ ਸੀ ਤੁਰਦੀ। ਪਰ ਜਦੋਂ ਕਰਮ ਸਿੰਘ ਛੁੱਟੀ ਆਉਂਦਾ ਤਾਂ ਖੂਹ ‘ਤੇ ਨ੍ਹਾਉਣ ਵਾਲਿਆਂ ਦੀ ਭੀੜ ਵਧ ਜਾਂਦੀ ਸੀ।
ਪ੍ਰਸ਼ਨ 13. ਕਰਮ ਸਿੰਘ ਜਦ ਪਿੰਡ ਛੁੱਟੀ ਆਉਂਦਾ ਸੀ ਤਾਂ ਲੋਕ ਕਿੱਥੇ ਉਸ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ?
ਉੱਤਰ : ਕਰਮ ਸਿੰਘ ਜਦ ਪਿੰਡ ਛੁੱਟੀ ਆਉਂਦਾ ਸੀ ਤਾਂ ਲੋਕ ਸਿਆਲ ਦੀ ਅੱਧੀ ਰਾਤ ਤੱਕ ਠੰਢੀ ਹੋ ਰਹੀ ਦਾਣੇ ਭੁੰਨਣ ਵਾਲੀ ਭੱਠੀ ਦੇ ਸੇਕ ਦੇ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ।
ਪ੍ਰਸ਼ਨ 14. ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਕਰਮ ਸਿੰਘ ਦੀ ਗੋਲੀ ਕਿਵੇਂ ਮਸ਼ਹੂਰ ਸੀ?
ਉੱਤਰ : ਪਿਛਲੀ ਰੈਜਿਮੈਂਟ ਵਿੱਚ ਕਰਮ ਸਿੰਘ ਦੀ ਰਾਈਫ਼ਲ ਦਾ ਨਿਸ਼ਾਨਾ ਬਹੁਤ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਸ ਦੀ ਗੋਲੀ ਨਿਸ਼ਾਨੇ ਦੇ ਵਿਚਕਾਰੋਂ ਇਸ ਤਰ੍ਹਾਂ ਲੰਘਦੀ ਸੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਘਾਈ ਗਈ ਹੋਵੇ।
ਪ੍ਰਸ਼ਨ 15. ਕਰਮ ਸਿੰਘ ਆਪਣੀ ਪਲਟਨ/ਫ਼ੌਜ ਦਾ ਦਿਲ ਕਿਵੇਂ ਠੰਢਾ ਕਰਦਾ ਸੀ?
ਉੱਤਰ : ਲੜਾਈ ਵਿੱਚ ਕਰਮ ਸਿੰਘ ਦੇ ਪੱਕੇ ਨਿਸ਼ਾਨੇ ਨੇ ਦੂਰ ਲੁਕੇ ਕਈ ਜਪਾਨੀ ਡੇਗੇ ਸਨ। ਇਸ ਤਰ੍ਹਾਂ ਉਹ ਜਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਆਪਣੇ ਆਦਮੀਆਂ ਦਾ ਬਦਲਾ ਲੈਂਦਾ ਸੀ ਅਤੇ ਆਪਣੀ ਪਲਟਨ/ਫ਼ੌਜ ਦਾ ਦਿਲ ਠੰਢਾ ਕਰਦਾ ਸੀ।
ਪ੍ਰਸ਼ਨ 16. ਜਿਮਨਾਸਟਿਕ ਦੇ ਡੰਡਿਆਂ ‘ਤੇ ਖੇਡਾਂ ਕਰਦਾ ਕਰਮ ਸਿੰਘ ਦੇਖਣ ਵਾਲਿਆਂ ਨੂੰ ਕਿਸ ਤਰ੍ਹਾਂ ਲੱਗਦਾ ਸੀ?
ਉੱਤਰ : ਕਰਮ ਸਿੰਘ ਦੀ ਉਮਰ ਭਾਵੇਂ ਵਧਦੀ ਜਾਂਦੀ ਸੀ ਪਰ ਜਦ ਉਹ ਜਿਮਨਾਸਟਿਕ ਦੇ ਡੰਡਿਆਂ ‘ਤੇ ਖੇਡਾਂ ਕਰਦਾ ਤਾਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ।
ਪ੍ਰਸ਼ਨ 17. ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਕਿਉਂ ਬਹੁਤ ਔਖਾ ਹੋਇਆ ਸੀ?
ਉੱਤਰ : ਕਰਮ ਸਿੰਘ ਚਾਹੁੰਦਾ ਸੀ ਕਿ ਉਸ ਨੂੰ ਵੀ ਮਾਨ ਸਿੰਘ ਦੇ ਨਾਲ ਹੀ ਛੁੱਟੀ ਮਿਲ ਜਾਂਦੀ। ਇਸ ਤਰ੍ਹਾਂ ਉਹ ਇਕੱਠੇ ਜਾਂਦੇ, ਸ਼ਾਇਦ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਅਤੇ ਫਿਰ ਇਕੱਠੇ ਹੀ ਮੁੜ ਆਉਂਦੇ। ਪਰ ਕਰਮ ਸਿੰਘ ਨੂੰ ਛੁੱਟੀ ਨਹੀਂ ਸੀ ਮਿਲੀ। ਇਸ ਲਈ ਉਹ ਬਹੁਤ ਔਖਾ ਹੋਇਆ ਸੀ।
ਪ੍ਰਸ਼ਨ 18. ਅਣਵੰਡੇ ਪੰਜਾਬ ਅਤੇ ਵਰਤਮਾਨ ਭਾਰਤੀ ਪੰਜਾਬ ਦੇ ਮਾਝੇ ਦੇ ਇਲਾਕੇ ਬਾਰੇ ਜਾਣਕਾਰੀ ਦਿਓ।
ਉੱਤਰ : ਅਣਵੰਡੇ ਪੰਜਾਬ ਵਿੱਚ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਹਿੰਦੇ ਸਨ। ਵਰਤਮਾਨ ਪੰਜਾਬ ਵਿੱਚ ਦਰਿਆ ਬਿਆਸ ਤੋਂ ਪੱਛਮ ਵੱਲ ਦੇ ਇਲਾਕੇ ਨੂੰ ਮਾਝਾ ਕਹਿੰਦੇ ਹਨ।
ਪ੍ਰਸ਼ਨ 19. ‘ਬਾਰ’ ਦੇ ਇਲਾਕੇ ਬਾਰੇ ਜਾਣਕਾਰੀ ਦਿਓ।
ਉੱਤਰ : ‘ਬਾਰ’ ਦਾ ਇਲਾਕਾ ਹੁਣ ਪਾਕਿਸਤਾਨ ਵਿੱਚ ਹੈ। ਦਰਿਆ ਜਿਹਲਮ ਅਤੇ ਚਨਾਬ ਦੇ ਵਿਚਕਾਰਲੇ ਖ਼ੁਸ਼ਕ ਇਲਾਕੇ ਨੂੰ ‘ਬਾਰ’ ਕਹਿੰਦੇ ਸਨ।
ਪ੍ਰਸ਼ਨ 20. ਮਾਨ ਸਿੰਘ ਅਤੇ ਕਰਮ ਸਿੰਘ ਦਾ ਪਿੰਡ ਕਿਸ-ਕਿਸ ਇਲਾਕੇ ਵਿੱਚ ਸੀ?
ਉੱਤਰ : ਮਾਨ ਸਿੰਘ ਦਾ ਪਿੰਡ ਚੂਹੜਕਾਣਾ ਸੀ। ਅੰਮ੍ਰਿਤਸਰ ਅਤੇ ਚੂਹੜਕਾਣੇ ਵਿਚਕਾਰਲੀ ਵਿੱਥ ਪੰਜਾਹ ਕੋਹਾਂ ਦੀ ਵੀ ਨਹੀਂ ਸੀ। ਚੂਹੜਕਾਣਾ ‘ਬਾਰ’ ਦੇ ਇਲਾਕੇ ਵਿੱਚ ਸੀ। ਕਰਮ ਸਿੰਘ ਦਾ ਪਿੰਡ ਠੱਠੀ ਖਾਰਾ ਅੰਮ੍ਰਿਤਸਰ ਦੇ ਨੇੜੇ ਪੱਕੀ ਸੜਕ ‘ਤੇ ਸੀ। ਇਹ ਪਿੰਡ ਮਾਝੇ ਦੇ ਇਲਾਕੇ ਵਿੱਚ ਸੀ।
ਪ੍ਰਸ਼ਨ 21. ਛੁੱਟੀ ਆਉਂਦੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕੀ ਕਿਹਾ?
ਉੱਤਰ : ਛੁੱਟੀ ਆਉਂਦੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕਿਹਾ ਕਿ ਉਹ ਉਹਨਾਂ ਦੇ ਘਰ ਵੀ ਹੁੰਦਾ ਆਵੇ। ਉਸ ਨੇ ਕਿਹਾ ਕਿ ਜਦੋਂ ਉਸ ਦੇ ਘਰ ਵਾਲੇ ਉਸ ਨੂੰ (ਮਾਨ ਸਿੰਘ ਨੂੰ) ਉਹਦੇ ਕੋਲੋਂ ਆਏ ਨੂੰ ਦੇਖਣਗੇ ਤਾਂ ਉਹਨਾਂ ਦਾ ਅੱਧਾ ਮੇਲ ਹੋ ਜਾਵੇਗਾ। ਫਿਰ ਜਦ ਉਹ ਮਾਨ ਸਿੰਘ ਤੋਂ ਉਹਨਾਂ ਦੀਆਂ ਗੱਲਾਂ ਸੁਣੇਗਾ ਤਾਂ ਉਸ ਦਾ ਵੀ ਅੱਧਾ ਮੇਲ ਹੋ ਜਾਵੇਗਾ।
ਪ੍ਰਸ਼ਨ 22. ਕਰਮ ਸਿੰਘ ਨੇ ਆਪਣੇ ਇਲਾਕੇ ਵਿੱਚ ਮਾਨ ਸਿੰਘ ਦੀ ਦਿਲਚਸਪੀ ਵਧਾਉਣ ਲਈ ਕੀ ਕੀਤਾ?
ਉੱਤਰ : ਕਰਮ ਸਿੰਘ ਨੇ ਆਪਣੇ ਇਲਾਕੇ ਵਿੱਚ ਮਾਨ ਸਿੰਘ ਦੀ ਦਿਲਚਸਪੀ ਵਧਾਉਣ ਲਈ ਉਸ ਨੂੰ ਪੁੱਛਿਆ ਕਿ ਕੀ ਉਹ ਪਹਿਲਾਂ ਉਸ ਪਾਸੇ ਗਿਆ ਹੈ ਜਾਂ ਨਹੀਂ? ਮਾਨ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚੋਂ ਦੀ ਲੰਘਿਆ ਹੈ ਅਤੇ ਉਸ ਤੋਂ ਪਰ੍ਹਾਂ ਕਦੇ ਨਹੀਂ ਗਿਆ। ਫਿਰ ਕਰਮ ਸਿੰਘ ਮਾਨ ਸਿੰਘ ਨੂੰ ਤਰਨਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਦਵਾਰਿਆਂ ਵਿੱਚ ਮੱਥਾ ਟੇਕ ਕੇ ਆਉਣ ਲਈ ਵੀ ਕਹਿੰਦਾ ਹੈ।
ਪ੍ਰਸ਼ਨ 23. ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਨ੍ਹਾਂ ਗੁਰਦਵਾਰਿਆਂ ਵਿੱਚ ਮੱਥਾ ਟੇਕਣ ਲਈ ਕਿਹਾ?
ਉੱਤਰ : ਛੁੱਟੀ ਆਉਂਦੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕਿਹਾ ਕਿ ਉਹ ਤਰਨਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਦਵਾਰਿਆਂ ਵਿੱਚ ਮੱਥਾ ਟੇਕ ਆਵੇ ਅਤੇ ਨਾਲੇ ਉਹਨਾਂ ਦੇ ਘਰ ਵੀ ਹੁੰਦਾ ਆਵੇ।
ਪ੍ਰਸ਼ਨ 24. ਮਾਨ ਸਿੰਘ ਆਪਣੀ ਆਉ-ਭਗਤ ‘ਤੇ ਹੈਰਾਨ ਕਿਉਂ ਸੀ?
ਉੱਤਰ : ਮਾਨ ਸਿੰਘ ਨੇ ਜਦ ਕਰਮ ਸਿੰਘ ਦੇ ਘਰ ਦੀ ਡਿਓੜ੍ਹੀ ਵਿੱਚ ਬੈਠੇ ਬਾਬੇ ਨੂੰ ਆਪਣੇ ਬਾਰੇ ਦੱਸਿਆ ਤਾਂ ਉਸ ਨੇ ਮਾਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਬੈਠਣ ਲਈ ਕਿਹਾ। ਪਰ ਇਧਰ-ਉੱਧਰ ਦੇਖਣ ਤੋਂ ਬਾਅਦ ਉਸ ਨੇ ਨੀਵੀਂ ਪਾ ਲਈ। ਇਸ ਲਈ ਮਾਨ ਸਿੰਘ ਆਪਣੀ ਆਉ-ਭਗਤ ‘ਤੇ ਹੈਰਾਨ ਸੀ।
ਪ੍ਰਸ਼ਨ 25. ਮਾਨ ਸਿੰਘ ਦੇ ਆਉਣ ‘ਤੇ ਕਰਮ ਸਿੰਘ ਦਾ ਪਿਤਾ ਵਿਹੜੇ ਵੱਲ ਕਿਉਂ ਤੁਰ ਪਿਆ ਸੀ?
ਉੱਤਰ : ਕਰਮ ਸਿੰਘ ਦੇ ਪਿਤਾ ਨੇ ਮਾਨ ਸਿੰਘ ਦਾ ਰਸਮੀ ਸੁਆਗਤ ਕੀਤਾ ਸੀ। ਪਰ ਅੰਦਰੋਂ ਉਹ ਆਪਣੇ ਪੁੱਤਰ ਦੇ ਸ਼ਹੀਦ ਹੋਣ ਕਾਰਨ ਦੁਖੀ ਸੀ। ਉਹ ਮਾਨ ਸਿੰਘ ਤੋਂ ਇਹ ਖ਼ਬਰ ਲੁਕਾਉਣਾ ਚਾਹੁੰਦਾ ਸੀ ਤਾਂ ਜੋ ਉਸ ਦੀ ਛੁੱਟੀ ਖ਼ਰਾਬ ਨਾ ਹੋਵੇ। ਇਸੇ ਲਈ ਉਹ ਉੱਠ ਕੇ ਵਿਹੜੇ ਵੱਲ ਤੁਰ ਪਿਆ ਸੀ ਅਤੇ ਉਸ ਨੇ ਇੱਕ ਕੱਟੀ ਨੂੰ ਖੋਲ੍ਹ ਕੇ ਦੂਜੇ ਕਿੱਲੇ ‘ਤੇ ਬੰਨ੍ਹ ਦਿੱਤਾ ਸੀ।
ਪ੍ਰਸ਼ਨ 26. ਮਾਨ ਸਿੰਘ ਨੇ ਜਦ ਜਸਵੰਤ ਬਾਰੇ ਪੁੱਛਿਆ ਤਾਂ ਬਾਬੇ ਨੇ ਕੀ ਉੱਤਰ ਦਿੱਤਾ?
ਉੱਤਰ : ਮਾਨ ਸਿੰਘ ਜਾਣਦਾ ਸੀ ਕਿ ਕਰਮ ਸਿੰਘ ਦੇ ਛੋਟੇ ਭਰਾ ਦਾ ਨਾਂ ਜਸਵੰਤ ਸਿੰਘ ਹੈ। ਇਸ ਲਈ ਜਦ ਉਸ ਨੇ ਪੁੱਛਿਆ ਕਿ ‘ਜਸਵੰਤ ਸਿੰਘ ਕਿੱਥੇ ਹੈ?’ ਤਾਂ ਬਾਬੇ ਨੇ ਉੱਤਰ ਦਿੱਤਾ ਕਿ ਉਹ ਚਰ੍ਹੀ ਦੀ ਗੱਡ ਲੈ ਕੇ ਹੁਣੇ ਆ ਜਾਵੇਗਾ।
ਪ੍ਰਸ਼ਨ 27. ਫ਼ੌਜ ਵਿੱਚ ਕਰਮ ਸਿੰਘ ਨੂੰ ਕਿਹੜਾ ਆਲਸ ਸੀ?
ਉੱਤਰ : ਮਾਨ ਸਿੰਘ ਦੱਸਦਾ ਹੈ ਕਿ ਫ਼ੌਜ ਵਿੱਚ ਕਰਮ ਸਿੰਘ ਨੂੰ ਸਵੇਰੇ ਉੱਠਣ ਦਾ ਬਹੁਤ ਆਲਸ ਸੀ। ਉੱਥੇ ਉਹ ਸਾਰਿਆਂ ਤੋਂ ਪਿੱਛੋਂ ਉੱਠਦਾ ਸੀ।
ਪ੍ਰਸ਼ਨ 28. ਮਾਨ ਸਿੰਘ ਦੀ ਕਰਮ ਸਿੰਘ ਦੀ ਬੇਬੇ ਨਾਲ ਹੋਈ ਮਿਲ਼ਨੀ ਬਾਰੇ ਜਾਣਕਾਰੀ ਦਿਓ।
ਉੱਤਰ : ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆਈ ਸੀ। ਮਾਨ ਸਿੰਘ ਨੇ ਉਸ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਹੱਸਦੀਆਂ ਅੱਖਾਂ ਨਾਲ ਉਸ ਵੱਲ ਦੇਖਿਆ। ਬੇਬੇ ਦੇ ਬੁੱਲ੍ਹ ਕੁਝ ਕਹਿਣ ਲਈ ਫਰਕੇ ਸਨ ਪਰ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਸ਼ਬਦ ਨਹੀਂ ਸੀ ਨਿਕਲਿਆ। ਮਾਨ ਸਿੰਘ ਨੇ ਬੇਬੇ ਤੋਂ ਚਾਹ ਦੀ ਗੜਵੀ ਅਤੇ ਕੌਲੀ ਫੜ ਲਈ ਅਤੇ ਉਹ ਚਲੀ ਗਈ।
ਪ੍ਰਸ਼ਨ 29. ਜਸਵੰਤ ਸਿੰਘ ਅਤੇ ਉਸ ਦੇ ਪਿਤਾ ਦੀ ਮਾਨ ਸਿੰਘ ਦੀਆਂ ਗੱਲਾਂ ਵਿੱਚ ਦਿਲਚਸਪੀ ਕਿਉਂ ਨਹੀਂ ਸੀ?
ਉੱਤਰ : ਮਾਨ ਸਿੰਘ ਕਰਮ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਸੁਣਾਉਣਾ ਚਾਹੁੰਦਾ ਸੀ। ਉਸ ਨੂੰ ਉਮੀਦ ਸੀ ਕਿ ਉਸ ਤੋਂ ਬਰ੍ਹਮਾ ਦੀ ਲੜਾਈ ਬਾਰੇ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਜਾਣਗੀਆਂ। ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ। ਪਰ ਇੱਥੇ ਤਾਂ ਉਸ ਦੀਆਂ ਗੱਲਾਂ ਕੋਈ ਸੁਣਦਾ ਹੀ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਘਰ ਵਾਲੇ ਕਰਮ ਸਿੰਘ ਦੇ ਮਾਰੇ ਜਾਣ/ਸ਼ਹੀਦ ਹੋਣ ਕਾਰਨ ਦੁਖੀ ਸਨ।
ਪ੍ਰਸ਼ਨ 30. ਮਾਨ ਸਿੰਘ ਦੇ ਦਿਲ ਵਿੱਚੋਂ ਇਹ ਖ਼ਿਆਲ ਕਿਵੇਂ ਨਿਕਲ ਗਿਆ ਕਿ ਘਰ ਵਾਲ਼ੇ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ?
ਉੱਤਰ : ਰੋਟੀ ਲਈ ਘਰ ਵਾਲਿਆ ਨੇ ਕਾਫ਼ੀ ਉਚੇਚ ਕੀਤਾ ਹੋਇਆ ਸੀ। ਜਸਵੰਤ ਸਿੰਘ ਰੋਟੀ ਖਾਂਦੇ ਮਾਨ ਸਿੰਘ ਨੂੰ ਪੱਖਾ ਝੱਲ ਰਿਹਾ ਸੀ। ਇਸ ਤਰ੍ਹਾਂ ਮਾਨ ਸਿੰਘ ਦੇ ਦਿਲ ਵਿੱਚੋਂ ਇਹ ਖ਼ਿਆਲ ਨਿਕਲ ਗਿਆ ਕਿ ਘਰ ਵਾਲ਼ੇ ਉਸ ਵੱਲ ਧਿਆਨ ਨਹੀਂ ਦੇ ਰਹੇ।
ਪ੍ਰਸ਼ਨ 31. ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਕੁੱਛੜ ਚੁੱਕ ਕੇ ਕੀ ਕਿਹਾ?
ਉੱਤਰ : ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਕੁੱਛੜ ਚੁੱਕ ਕੇ ਕਿਹਾ ਕਿ ਜੇਕਰ ਉਸ ਨੇ ਆਪਣੇ ਬਾਪੂ ਕੋਲ ਜਾਣਾ ਹਰ ਹੈ ਤਾਂ ਉਹ ਉਸ ਨਾਲ ਚੱਲੇ। ਉੱਥੇ ਬਹੁਤ ਮੀਂਹ ਪੈਂਦਾ ਹੈ ਤੇ ਉਹ ਪਾਣੀ ਵਿੱਚ ਤੁਰਿਆ ਫਿਰੇ।
ਪ੍ਰਸ਼ਨ 32. ਕਰਮ ਸਿੰਘ ਦੇ ਪਿਤਾ ਨੂੰ ਮਾਨ ਸਿੰਘ ਦੀ ਕਿਹੜੀ ਗੱਲ ਸੂਲ਼ ਵਾਂਗ ਚੁਭੀ ਸੀ?
ਉੱਤਰ : ਮਾਨ ਸਿੰਘ ਨੇ ਕਰਮ ਸਿੰਘ ਦੇ ਮੁੰਡੇ ਨੂੰ ਕੁੱਛੜ ਚੁੱਕ ਲਿਆ ਸੀ ਅਤੇ ਉਸ ਨੂੰ ਪੁੱਛਣ ਲੱਗਾ ਸੀ ਕਿ ਉਸ ਨੇ ਆਪਣੇ ਬਾਪੂ ਦੇ ਕੋਲ ਜਾਣਾ ਹੈ? ਕਰਮ ਸਿੰਘ ਦੇ ਪਿਤਾ ਨੂੰ ਮਾਨ ਸਿੰਘ ਦੀ ਇਹ ਗੱਲ ਸੂਲ ਵਾਂਗ ਚੁਭੀ ਸੀ ਕਿਉਂਕਿ ਕਰਮ ਸਿੰਘ ਤਾਂ ਸ਼ਹੀਦ ਹੋ ਚੁੱਕਾ ਸੀ।
ਪ੍ਰਸ਼ਨ 33. ਤਰਨਤਾਰਨ ਜਾਂਦਿਆਂ ਰਾਹ ਵਿੱਚ ਮਿਲਦੇ ਜਾਣੂ ਬੰਦਿਆਂ ਨੂੰ ਜਸਵੰਤ ਸਿੰਘ ਕਿਵੇਂ ਮਿਲਦਾ ਸੀ?
ਉੱਤਰ : ਮਾਨ ਸਿੰਘ ਨਾਲ ਤਰਨਤਾਰਨ ਜਾਂਦਿਆਂ ਜਸਵੰਤ ਸਿੰਘ ਕੁਝ ਘੁੱਟਿਆ ਹੀ ਗਿਆ। ਰਾਹ ਵਿੱਚ ਮਿਲਦੇ ਜਾਣੂ ਬੰਦਿਆਂ ਨੂੰ ਉਹ ਦੂਰੋਂ ਹੀ ਫ਼ਤਿਹ ਬੁਲਾ ਕੇ ਅਗਾਂਹ ਤੁਰ ਪੈਂਦਾ ਸੀ।
ਪ੍ਰਸ਼ਨ 34. ਮਾਨ ਸਿੰਘ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸੁਆਦ ਕਿਉਂ ਆਇਆ ਸੀ?
ਉੱਤਰ : ਮਾਨ ਸਿੰਘ ਦੇ ਆਉਣ ‘ਤੇ ਬਾਬਾ (ਕਰਮ ਸਿੰਘ ਦਾ ਪਿਤਾ) ਕੁਝ ਔਖਾ ਜਿਹਾ ਲੱਗ ਰਿਹਾ ਸੀ। ਮਾਨ ਸਿੰਘ ਦੀਆਂ ਗੱਲਾਂ ਵਿੱਚ ਵੀ ਉਹਨਾਂ ਕੋਈ ਦਿਲਚਸਪੀ ਨਾ ਦਿਖਾਈ। ਉਸ ਨਾਲ ਤਰਨਤਾਰਨ ਜਾਂਦਿਆਂ ਵੀ ਜਸਵੰਤ ਘੁੱਟਿਆ ਜਿਹਾ ਹੀ ਰਿਹਾ।
ਇਸ ਲਈ ਸਾਰਿਆਂ ਵੱਲੋਂ ਮਾਨ ਸਿੰਘ ਲਈ ਆਪੋ-ਆਪਣੀ ਥਾਂ ਕਾਫ਼ੀ ਉਚੇਚ ਕਰਨ ਦੇ ਬਾਵਜੂਦ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸੁਆਦ ਆਇਆ।
ਪ੍ਰਸ਼ਨ 35. ਮਾਨ ਸਿੰਘ ਨੂੰ ਕਰਮ ਸਿੰਘ ਦੇ ਮਾਰੇ ਜਾਣ/ਸ਼ਹੀਦ ਹੋਣ ਬਾਰੇ ਕਿਸ ਤੋਂ ਜਾਣਕਾਰੀ ਮਿਲੀ?
ਉੱਤਰ : ਛੁੱਟੀ ਆਇਆ ਫ਼ੌਜੀ ਮਾਨ ਸਿੰਘ ਕਰਮ ਸਿੰਘ ਦੇ ਘਰ ਆਇਆ ਹੋਇਆ ਸੀ। ਡਾਕੀਆ ਕਰਮ ਸਿੰਘ ਦੀ ਪੈੱਨਸ਼ਨ ਲੈ ਕੇ ਆਇਆ ਤਾਂ ਮਾਨ ਸਿੰਘ ਨੂੰ ਉਸ ਤੋਂ ਕਰਮ ਸਿੰਘ ਦੇ ਮਾਰੇ ਜਾਣ/ਸ਼ਹੀਦ ਹੋਣ ਬਾਰੇ ਜਾਣਕਾਰੀ ਮਿਲੀ।
ਪ੍ਰਸ਼ਨ 36. ਪਰਿਵਾਰ ਵੱਲੋਂ ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਮਾਨ ਸਿੰਘ ਨੂੰ ਕਿਉਂ ਨਹੀਂ ਸੀ ਦੱਸਿਆ ਗਿਆ?
ਉੱਤਰ : ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਮਾਨ ਸਿੰਘ ਨੂੰ ਇਸ ਲਈ ਨਹੀਂ ਸੀ ਦੱਸਿਆ ਗਿਆ ਤਾਂ ਜੋ ਉਸ ਦੀ ਛੁੱਟੀ ਖ਼ਰਾਬ ਨਾ ਹੋਵੇ। ਕਰਮ ਸਿੰਘ ਦੇ ਪਿਤਾ ਨੂੰ ਪਤਾ ਸੀ ਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਇਸੇ ਲਈ ਉਹਨਾਂ ਮਾਨ ਸਿੰਘ ਤੋਂ ਕਰਮ ਸਿੰਘ ਦੇ ਸ਼ਹੀਦ ਹੋਣ ਵਾਲੀ ਗੱਲ ਲੁਕਾਈ ਰੱਖੀ।
ਪ੍ਰਸ਼ਨ 37. ਕਰਮ ਸਿੰਘ ਦਾ ਪਿਤਾ ਦੂਜਿਆਂ ਨੂੰ ਹੌਲ਼ਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ। ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਅਧਾਰ ‘ਤੇ ਸਪਸ਼ਟ ਕਰੋ।
ਉੱਤਰ : ‘ਧਰਤੀ ਹੇਠਲਾ ਬਲਦ’ ਕਹਾਣੀ ਵਿੱਚ ਕਰਮ ਸਿੰਘ ਦਾ ਪਿਤਾ ਮਾਨ ਸਿੰਘ ਨੂੰ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਨਹੀਂ ਦੱਸਣਾ ਚਾਹੁੰਦਾ। ਉਹ ਇਹ ਭਾਰ ਇਸ ਲਈ ਆਪ ਚੁੱਕੀ ਫਿਰਦਾ ਹੈ ਤਾਂ ਜੋ ਮਾਨ ਸਿੰਘ ਦੀ ਛੁੱਟੀ ਖ਼ਰਾਬ ਨਾ ਹੋਵੇ। ਉਸ ਨੂੰ ਪਤਾ ਹੈ ਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ।
ਪ੍ਰਸ਼ਨ 38. ‘ਧਰਤੀ ਹੇਠਲਾ ਬਲਦ’ ਕਹਾਣੀ ਵਿੱਚ ਪੇਸ਼ ਹੋਈ ਸਮੱਸਿਆ ਬਾਰੇ ਲਿਖੋ।
ਉੱਤਰ : ‘ਧਰਤੀ ਹੇਠਲਾ ਬਲਦ’ ਕਹਾਣੀ ਵਿੱਚ ਪੇਸ਼ ਹੋਈ ਸਮੱਸਿਆ ਇਹ ਹੈ ਕਿ ਫ਼ੌਜੀ ਕਰਮ ਸਿੰਘ ਦਾ ਪਿਤਾ ਮਾਨ ਸਿੰਘ ਨੂੰ ਆਪਣੇ ਪੁੱਤਰ ਦੇ ਮਾਰੇ ਜਾਣ ਦੀ ਖ਼ਬਰ ਇਸ ਲਈ ਨਹੀਂ ਦੇਣੀ ਚਾਹੁੰਦਾ ਤਾਂ ਜੋ ਉਸ ਦੀ ਛੁੱਟੀ ਖ਼ਰਾਬ ਨਾ ਹੋਵੇ। ਕਰਮ ਸਿੰਘ ਦਾ ਪਿਤਾ ਪੁੱਤਰ ਦੀ ਮੌਤ ਦਾ ਭਾਰ ਆਪ ਹੀ ਚੁੱਕੀ ਫਿਰਦਾ ਹੈ। ਪਰ ਉਹ ਇਸ ਵਿੱਚ ਸਫਲ ਨਹੀਂ ਹੁੰਦਾ ਕਿਉਂਕਿ ਡਾਕੀਏ ਦੇ ਆਉਣ ‘ਤੇ ਅਸਲੀਅਤ ਪ੍ਰਗਟ ਹੋ ਜਾਂਦੀ ਹੈ।