ਧਰਤੀ ‘ਤੇ ਵੱਖ – ਵੱਖ ਮੌਸਮ ਕਿਉਂ ਹੁੰਦੇ ਹਨ?
ਕਈ ਲੋਕ ਸੋਚਦੇ ਹਨ ਕਿ ਸਾਲ ਦੇ ਕਈ ਮਹੀਨੇ ਹੋਰਨਾਂ ਮਹੀਨਿਆਂ ਤੋਂ ਗਰਮ ਹੁੰਦੇ ਹਨ ਕਿਉਂਕਿ ਉਹ ਸੂਰਜ ਦੇ ਨੇੜੇ ਹੁੰਦੇ ਹਨ, ਪਰ ਇਸ ਦਾ ਅਸਲ ਕਾਰਨ ਇਹ ਹੈ ਕਿ ਧਰਤੀ ਇੱਕ ਪਾਸੇ ਨੂੰ ਝੁਕੀ ਹੋਈ ਹੁੰਦੀ ਹੈ।
ਧਰਤੀ ਆਪਣੇ ਧੁਰੇ ‘ਤੇ 23.5 ਡਿਗਰੀ ਝੁਕੀ ਹੋਈ ਹੈ। ਇਸ ਦਾ ਮਤਲਬ ਇਹ ਹੈ ਕਿ ਧਰਤੀ ਸੂਰਜ ਦਾ ਚੱਕਰ ਲਾਉਂਦੇ ਹੋਏ ਹਮੇਸ਼ਾ ਇੱਕ ਪਾਸੇ ਨੂੰ ਝੁਕੀ ਹੋਈ ਹੁੰਦੀ ਹੈ। ਇਸ ਲਈ ਕਈ ਵਾਰੀ ਧਰਤੀ ਦਾ ਧੁਰਾ ਉਸ ਪਾਸੇ ਝੁਕਿਆ ਹੁੰਦਾ ਹੈ, ਜਿਸ ਪਾਸੇ ਸੂਰਜ ਹੁੰਦਾ ਹੈ ਜਦਕਿ ਕਈ ਵਾਰੀ ਇਹ ਦੂਜੇ ਪਾਸੇ ਨੂੰ ਝੁਕਿਆ ਹੁੰਦਾ ਹੈ। ਇਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦਾ ਧਰਤੀ ‘ਤੇ ਸਾਲ ਦੇ ਵੱਖੋ – ਵੱਖ ਸਮੇਂ’ਤੇ ਪੈਣਾ ਹੀ ਵੱਖੋ – ਵੱਖ ਮੌਸਮਾਂ ਦਾ ਕਾਰਨ ਹੈ।
ਧਰਤੀ ਦੇ ਇਕ ਪਾਸੇ ਝੁਕੇ ਹੋਏ ਹੋਣ ਕਾਰਨ ਛੇ ਮਹੀਨੇ ਇਸ ਦੇ ਇਕ ਪਾਸੇ ਸੂਰਜ ਦੀਆਂ ਕਿਰਨਾਂ ਸਿੱਧੀਆਂ (ਗਰਮੀ) ਪੈਂਦੀਆਂ ਹਨ, ਜਦਕਿ ਦੂਜੇ ਪਾਸੇ ਇਹ ਤਿਰਛੀਆਂ (ਸਰਦੀ) ਪੈਂਦੀਆਂ ਹਨ। ਇਨ੍ਹਾਂ ਦੋਹਾਂ ਦੇ ਵਿਚਕਾਰਲੇ ਸਮੇਂ ‘ਚ ਮੌਸਮ ਬਸੰਤ ਅਤੇ ਪਤਝੜ ਕਹਾਉਂਦਾ ਹੈ।