ਦੰਤ ਕਥਾ : ਪੂਰਨ ਭਗਤ
ਪੂਰਨ ਭਗਤ : ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪੂਰਨ ਕੌਣ ਸੀ?
ਉੱਤਰ : ਪੂਰਨ ਸਿਆਲਕੋਟ ਦੇ ਰਾਜੇ ਸਲਵਾਨ ਦਾ ਪੁੱਤਰ ਸੀ। ਉਸ ਦੀ ਮਾਂ ਰਾਣੀ ਇੱਛਰਾਂ ਸੀ। ਰਾਣੀ ਲੂਣਾ ਉਸ ਦੀ ਮਤਰੇਈ ਮਾਂ ਸੀ ਜੋ ਉਸ ‘ਤੇ ਮੋਹਿਤ ਹੋ ਗਈ ਸੀ। ਪੂਰਨ ਨੇ ਗੁਰੂ ਗੋਰਖ ਨਾਥ ਤੋਂ ਜੋਗ ਧਾਰਨ ਕੀਤਾ ਅਤੇ ਜੋਗੀ ਬਣ ਗਿਆ।
ਪ੍ਰਸ਼ਨ 2. ਪੂਰਨ ਨੂੰ ਜੰਮਦਿਆਂ ਹੀ ਬਾਰਾਂ ਵਰ੍ਹਿਆਂ ਲਈ ਭੋਰੇ ਵਿੱਚ ਕਿਉਂ ਰੱਖਿਆ ਗਿਆ ਸੀ?
ਉੱਤਰ : ਜਦੋਂ ਰਾਜੇ ਸਲਵਾਨ ਘਰ ਪੂਰਨ ਦਾ ਜਨਮ ਹੋਇਆ ਤਾਂ ਜੋਤਸ਼ੀਆਂ ਨੇ ਸਲਵਾਨ ਨੂੰ ਇਹ ਭਰਮ ਪਾ ਦਿੱਤਾ ਕਿ ਬਾਰਾਂ ਵਰ੍ਹਿਆਂ ਤੱਕ ਪੂਰਨ ਦਾ ਮੂੰਹ ਵੇਖਣਾ ਉਸ ਲਈ ਅਸ਼ੁੱਭ ਹੋਵੇਗਾ। ਇਸੇ ਕਾਰਨ ਸਲਵਾਨ ਨੇ ਪੂਰਨ ਨੂੰ ਬਾਰਾਂ ਵਰ੍ਹਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦਿੱਤਾ ਸੀ।
ਪ੍ਰਸ਼ਨ 3. ਲੂਣਾ ਨੇ ਜਦੋਂ ਪੂਰਨ ਨੂੰ ਵੇਖਿਆ ਤਾਂ ਉਸ ਦੇ ਮਨ ‘ਤੇ ਕੀ ਪ੍ਰਭਾਵ ਪਿਆ ਸੀ?
ਉੱਤਰ : ਜਦੋਂ ਪੂਰਨ ਪਿਤਾ ਦੇ ਆਦੇਸ਼ ‘ਤੇ ਮਤਰੇਈ ਮਾਂ ਨੂੰ ਮਹਿਲਾਂ ਵਿੱਚ ਮਿਲਨ ਲਈ ਗਿਆ ਤਾਂ ਲੂਣਾ ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਦੰਗ ਰਹਿ ਗਈ ਤੇ ਉਸ ਦਾ ਮਨ ਉਸ ਉੱਪਰ ਆ ਗਿਆ ਭਾਵ ਉਹ ਪੂਰਨ ‘ਤੇ ਮੋਹਿਤ ਹੋ ਗਈ।
ਪ੍ਰਸ਼ਨ 4. ਪੂਰਨ ਮਤਰੇਈ ਮਾਂ ਲੂਣਾ ਨੂੰ ਮਿਲ ਕੇ ਨਿਰਾਸ਼ ਕਿਉਂ ਹੋਇਆ ਸੀ?
ਉੱਤਰ : ਜਦੋਂ ਪੂਰਨ ਮਤਰੇਈ ਮਾਂ ਲੂਣਾ ਤੋਂ ਮਾਂ ਵਾਲ਼ਾ ਅਸ਼ੀਰਵਾਦ ਲੈਣ ਗਿਆ ਤਾਂ ਲੂਣਾ ਪੂਰਨ ਦੀ ਸੁੰਦਰਤਾ ਵੇਖ ਕੇ ਉਸ ਨੂੰ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਵੇਖਣ ਲੱਗੀ ਸੀ। ਇਸੇ ਕਾਰਨ ਪੂਰਨ ਮਤਰੇਈ ਮਾਂ ਲੂਣਾ ਨੂੰ ਮਿਲ ਕੇ ਬਹੁਤ ਨਿਰਾਸ਼ ਹੋਇਆ ਸੀ।
ਪ੍ਰਸ਼ਨ 5. ਲੂਣਾ ਨੇ ਪੂਰਨ ‘ਤੇ ਕੀ ਦੋਸ਼ ਲਾਏ ਸਨ?
ਉੱਤਰ : ਜਦੋਂ ਪੂਰਨ ਨੇ ਲੂਣਾ ਦੀ ਪ੍ਰੇਮ-ਭਾਵਨਾ ਨੂੰ ਠੁਕਰਾ ਦਿੱਤਾ ਤਾਂ ਲੂਣਾ ਨੇ ਬਦਲਾ ਲੈਣ ਵਜੋਂ ਸਾਜ਼ਸ਼ ਅਧੀਨ ਆਪਣੇ ਕੱਪੜੇ ਪਾੜ ਲਏ ਤੇ ਵਾਲ ਖਿਲਾਰ ਲਏ। ਫਿਰ ਮਹਿਲ ਵਿੱਚ ਆਏ ਰਾਜੇ ਸਲਵਾਨ ਨੂੰ ਕਿਹਾ ਕਿ ਪੂਰਨ ਨੇ ਮਾਂ-ਪੁੱਤਰ ਦੇ ਰਿਸ਼ਤੇ ਨੂੰ ਭੁੱਲ ਕੇ ਮਰਯਾਦਾ ਤੋੜੀ ਹੈ।
ਪ੍ਰਸ਼ਨ 6. ਸਲਵਾਨ ਨੇ ਲੂਣਾ ਦੀ ਗੱਲ ਸੁਣ ਕੇ ਕੀ ਹੁਕਮ ਦਿੱਤਾ ਸੀ?
ਉੱਤਰ : ਜਦੋਂ ਰਾਜੇ ਸਲਵਾਨ ਨੇ ਲੂਣਾ ਦੀਆਂ ਪੂਰਨ ‘ਤੇ ਲਾਈਆਂ ਤੁਹਮਤਾਂ ਨੂੰ ਸੱਚ ਮੰਨ ਲਿਆ ਤਾਂ ਉਸ ਨੇ ਪੂਰਨ ਨੂੰ ਜੱਲਾਦਾਂ ਦੇ ਹਵਾਲੇ ਕਰ ਕੇ ਮਾਰਨ ਮਗਰੋਂ ਖੂਹ ਵਿੱਚ ਸੁੱਟਣ ਦਾ ਹੁਕਮ ਸੁਣਾ ਦਿੱਤਾ ਸੀ।
ਪ੍ਰਸ਼ਨ 7. ਜੱਲਾਦਾਂ ਨੇ ਪੂਰਨ ਨੂੰ ਸੁੱਕੇ ਖੂਹ ਵਿੱਚ ਕਿਉਂ ਸੁੱਟਿਆ ਸੀ?
ਉੱਤਰ : ਜਦੋਂ ਪੂਰਨ ਨੂੰ ਮਾਰ ਕੇ ਖੂਹ ਵਿੱਚ ਸੁੱਟਣ ਦਾ ਹੁਕਮ ਸੁਣ ਕੇ ਜੱਲਾਦਾਂ ਨੇ ਪੂਰਨ ਨੂੰ ਫੜਿਆ ਤਾਂ ਉਹਨਾਂ ਨੂੰ ਨਿਰਦੋਸ਼ ਤੇ ਮਾਸੂਮ ਪੂਰਨ ‘ਤੇ ਤਰਸ ਆ ਗਿਆ ਸੀ। ਇਸੇ ਕਾਰਨ ਉਹਨਾਂ ਪੂਰਨ ਨੂੰ ਜਾਨੋਂ ਮਾਰਨ ਦੀ ਥਾਂ ਹੱਥ-ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ ਸੀ।
ਪ੍ਰਸ਼ਨ 8. ਜੱਲਾਦਾਂ ਨੇ ਰਾਜੇ ਸਲਵਾਨ ਨੂੰ ਕਿਵੇਂ ਸੰਤੁਸ਼ਟ ਕੀਤਾ ਸੀ?
ਉੱਤਰ : ਜੱਲਾਦਾਂ ਨੇ ਰਾਜਾ ਸਲਵਾਨ ਦੇ ਹੁਕਮ ਅਨੁਸਾਰ ਪੂਰਨ ਨੂੰ ਮਾਰ ਕੇ ਖੂਹ ਵਿੱਚ ਸੁੱਟਣ ਦੀ ਥਾਂ ਉਸ ਦੇ ਹੱਥ-ਪੈਰ ਕੱਟ ਕੇ ਸੁੱਕੇ ਖੂਹ ਵਿੱਚ ਹੀ ਸੁੱਟਿਆ ਸੀ। ਉਹਨਾਂ ਨੇ ਰਾਜੇ ਸਲਵਾਨ ਦੀ ਸੰਤੁਸ਼ਟੀ ਲਈ ਪੂਰਨ ਦੇ ਲਹੂ ਨਾਲ ਲਿਬੜੇ ਕੁਝ ਕੱਪੜੇ ਵਿਖਾ ਦਿੱਤੇ ਸਨ।
ਪ੍ਰਸ਼ਨ 9. ਪੂਰਨ ਖੂਹ ਵਿੱਚੋਂ ਕਿਵੇਂ ਬਾਹਰ ਆਇਆ ਸੀ?
ਉੱਤਰ : ਜੋਗੀ ਗੋਰਖ ਨਾਥ ਨੇ ਪੂਰਨ ਦੀ ਗੱਲ ਸੁਣ ਕੇ ਕਿਹਾ ਸੀ ਕਿ ਜੇਕਰ ਉਹ ਸੱਚਾ ਹੈ ਤਾਂ ਉਸ ਵੱਲੋਂ ਲਮਕਾਏ ਕੱਚੇ ਸੂਤ ਦੇ ਧਾਗੇ ਨੂੰ ਫੜ ਕੇ ਬਾਹਰ ਆ ਜਾਵੇ। ਪੂਰਨ ਸੱਚਾ ਸੀ ਤੇ ਉਹ ਉਸ ਦੇ ਆਖੇ ਅਨੁਸਾਰ ਇਸੇ ਧਾਗੇ ਨੂੰ ਫੜ ਕੇ ਬਾਹਰ ਆ ਗਿਆ ਸੀ।
ਪ੍ਰਸ਼ਨ 10. ਪੂਰਨ ਜੋਗੀ ਕਦੋਂ ਬਣਿਆ ਸੀ?
ਉੱਤਰ : ਜਦੋਂ ਗੁਰੂ ਗੋਰਖ ਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕੱਢ ਕੇ ਆਪਣੀ ਸ਼ਕਤੀ ਨਾਲ ਨੌ-ਬਰ-ਨੌ ਕਰ ਦਿੱਤਾ ਸੀ ਤਾਂ ਉਸੇ ਵੇਲ਼ੇ ਹੀ ਪੂਰਨ ਗੁਰੂ ਗੋਰਖ ਨਾਥ ਤੋਂ ਜੋਗ ਧਾਰਨ ਕਰ ਕੇ ਜੋਗੀ ਬਣ ਗਿਆ ਸੀ।
ਪ੍ਰਸ਼ਨ 11. ਪੂਰਨ ਨੂੰ ਰਾਣੀ ਸੁੰਦਰਾਂ ਨੇ ਕਦੋਂ ਵੇਖਿਆ ਸੀ?
ਉੱਤਰ : ਜੋਗੀ ਬਣਿਆ ਪੂਰਨ ਵੀ ਗੋਰਖ ਨਾਥ ਦੇ ਹੋਰ ਚੇਲਿਆਂ ਵਾਂਗ ਸਮੇਂ-ਸਮੇਂ ਨਗਰਾਂ ਵਿੱਚੋਂ ਭਿੱਖਿਆ ਲੈਣ ਜਾਂਦਾ ਸੀ। ਇੱਕ ਵਾਰੀ ਜਦੋਂ ਉਹ ਰਾਣੀ ਸੁੰਦਰਾਂ ਦੇ ਮਹਿਲੀਂ ਭਿੱਖਿਆ ਲੈਣ ਗਿਆ ਤਾਂ ਉੱਥੇ ਹੀ ਰਾਣੀ ਸੁੰਦਰਾਂ ਨੇ ਪੂਰਨ ਨੂੰ ਵੇਖਿਆ ਸੀ।
ਪ੍ਰਸ਼ਨ 12. ਰਾਣੀ ਸੁੰਦਰਾਂ ਨੇ ਪੂਰਨ ਦੀ ਝੋਲੀ ਕੀ ਤੇ ਕਿਉਂ ਪਾਇਆ ਸੀ?
ਉੱਤਰ : ਜਦੋਂ ਰਾਣੀ ਸੁੰਦਰਾਂ ਨੇ ਮਹਿਲਾਂ ਵਿੱਚ ਭਿੱਖਿਆ ਲੈਣ ਆਏ ਜੋਗੀ ਪੂਰਨ ਨੂੰ ਵੇਖਿਆ ਤਾਂ ਉਹ ਉਸ ਦੀ ਸੁੰਦਰਤਾ ਤੇ ਤੇਜ ਨੂੰ ਵੇਖ ਕੇ ਉਸ ‘ਤੇ ਮੋਹਿਤ ਹੋ ਗਈ ਤੇ ਉਸ ਨੇ ਮੋਤੀਆਂ ਦਾ ਭਰਿਆ ਥਾਲ ਪੂਰਨ ਦੀ ਝੋਲੀ ਪਾ ਦਿੱਤਾ ਸੀ।
ਪ੍ਰਸ਼ਨ 13. ਪੂਰਨ ਨੇ ਰਾਣੀ ਸੁੰਦਰਾਂ ਨੂੰ ਮੋਤੀ ਕਿਉਂ ਵਾਪਸ ਕੀਤੇ ਸਨ?
ਉੱਤਰ : ਜਦੋਂ ਜੋਗੀ ਪੂਰਨ ਨੇ ਰਾਣੀ ਸੁੰਦਰਾਂ ਵੱਲੋਂ ਝੋਲੀ ਵਿੱਚ ਪਾਏ ਮੋਤੀ ਗੁਰੂ ਗੋਰਖ ਨਾਥ ਅੱਗੇ ਢੇਰੀ ਕੀਤੇ ਸਨ ਤਾਂ ਗੁਰੂ ਨੇ ਕਿਹਾ ਕਿ ਸਾਨੂੰ ਮੋਤੀ ਨਹੀਂ, ਭੋਜਨ ਚਾਹੀਦਾ ਹੈ। ਇਸੇ ਲਈ ਜੋਗੀ ਪੂਰਨ ਨੇ ਰਾਣੀ ਸੁੰਦਰਾਂ ਦੇ ਮਹਿਲਾਂ ਵਿੱਚ ਜਾ ਕੇ ਇਹ ਮੋਤੀ ਉਸ ਨੂੰ ਵਾਪਸ ਕਰ ਦਿੱਤੇ ਸਨ।
ਪ੍ਰਸ਼ਨ 14. ਰਾਣੀ ਸੁੰਦਰਾਂ ਗੁਰੂ ਗੋਰਖ ਨਾਥ ਦੇ ਡੇਰੇ ਕੀ ਲੈ ਕੇ ਗਈ ਸੀ?
ਉੱਤਰ : ਰਾਣੀ ਸੁੰਦਰਾਂ ਗੁਰੂ ਗੋਰਖ ਨਾਥ ਦੇ ਡੇਰੇ ਚੰਗੇ ਪਕਵਾਨ ਤਿਆਰ ਕਰਵਾ ਕੇ ਆਪ ਲੈ ਕੇ ਗਈ ਸੀ। ਉਸ ਨੇ ਬੜੇ ਪਿਆਰ ਨਾਲ ਸਾਰੇ ਜੋਗੀਆਂ ਨੂੰ ਭੋਜਨ ਛਕਾਇਆ ਸੀ।
ਪ੍ਰਸ਼ਨ 15. ਰਾਣੀ ਸੁੰਦਰਾਂ ਨੇ ਗੁਰੂ ਗੋਰਖ ਨਾਥ ਤੋਂ ਕੀ ਵਰਦਾਨ ਮੰਗਿਆ ਸੀ?
ਉੱਤਰ : ਜਦੋਂ ਰਾਣੀ ਸੁੰਦਰਾਂ ਨੇ ਬੜੇ ਪਿਆਰ ਨਾਲ ਸਾਰੇ ਜੋਗੀਆਂ ਨੂੰ ਭੋਜਨ ਛਕਾਇਆ ਤਾਂ ਗੋਰਖ ਨਾਥ ਨੇ ਰਾਣੀ ਸੁੰਦਰਾਂ ਦੀ ਸ਼ਰਧਾ ਤੋਂ ਤਰੁੱਠ ਕੇ ਕੋਈ ਵਰਦਾਨ ਮੰਗਣ ਲਈ ਕਿਹਾ। ਇਸ ‘ਤੇ ਰਾਣੀ ਨੇ ਗੁਰੂ ਕੋਲੋਂ ‘ਪੂਰਨ’ ਦੀ ਮੰਗ ਕੀਤੀ ਸੀ।
ਪ੍ਰਸ਼ਨ 16. ਰਾਣੀ ਇੱਛਰਾਂ ਜੋਗੀ ਪੂਰਨ ਨੂੰ ਕਿੱਥੇ ਮਿਲੀ ਸੀ?
ਉੱਤਰ : ਰਾਣੀ ਇੱਛਰਾਂ ਨੂੰ ਜਦੋਂ ਸ਼ਹਿਰ ਵਿੱਚ ਪੂਰਨ ਭਗਤ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਹ ਉਸ ਦੇ ਦਰਸ਼ਨਾਂ ਲਈ ਬਾਗ਼ ਵਿੱਚ ਪਹੁੰਚੀ। ਕਿਹਾ ਜਾਂਦਾ ਹੈ ਕਿ ਇੱਛਰਾਂ ਨੇ ਪੂਰਨ ਭਗਤ ਦੇ ਬੋਲ ਸੁਣ ਕੇ ਉਸ ਨੂੰ ਪਛਾਣ ਲਿਆ ਸੀ ਤੇ ਅੰਨ੍ਹੀ ਹੋ ਚੁੱਕੀ ਇੱਛਰਾਂ ਦੀ ਨਜ਼ਰ ਵੀ ਵਾਪਸ ਆ ਗਈ ਸੀ।
ਪ੍ਰਸ਼ਨ 17. ਰਾਜਾ ਸਲਵਾਨ ਬਾਗ਼ ਵਿੱਚ ਪੂਰਨ ਭਗਤ ਨੂੰ ਮਿਲਨ ਕਿਉਂ ਗਿਆ ਸੀ?
ਉੱਤਰ : ਰਾਜਾ ਸਲਵਾਨ ਬਾਗ਼ ਵਿੱਚ ਠਹਿਰੇ ਪੂਰਨ ਭਗਤ ਕੋਲ ਆਪਣੀ ਰਾਣੀ ਲੂਣਾ ਨਾਲ਼ ਗਿਆ ਸੀ ਕਿਉਂਕਿ ਘਰ ਉਲਾਦ ਨਾ ਹੋਣ ਕਾਰਨ ਲੂਣਾ ਬਹੁਤ ਉਦਾਸ ਸੀ। ਉਹ ਪੂਰਨ ਭਗਤ ਕੋਲੋਂ ਪੁੱਤਰ ਦੀ ਦਾਤ ਲੈਣ ਗਏ ਸਨ।
ਪ੍ਰਸ਼ਨ 18. ਰਾਜਾ ਰਸਾਲੂ ਦਾ ਜਨਮ ਕਿਸ ਦੇ ਵਰ ਨਾਲ ਹੋਇਆ ਸੀ?
ਉੱਤਰ : ਰਾਜਾ ਰਸਾਲੂ ਦਾ ਜਨਮ ਪੂਰਨ ਭਗਤ ਦੇ ਵਰ ਨਾਲ ਰਾਜੇ ਸਲਵਾਨ ਤੇ ਰਾਣੀ ਲੂਣਾ ਦੇ ਘਰ ਹੋਇਆ ਸੀ। ਇਸ ਲਈ ਭਗਤ ਪੂਰਨ ਨੇ ਲੂਣਾ ਨੂੰ ਇੱਕ ਚੌਲਾਂ ਦਾ ਦਾਣਾ ਖਾਣ ਲਈ ਦਿੱਤਾ ਸੀ। ਰਾਜੇ ਰਸਾਲੂ ਦੇ ਮਹਾਂਬਲੀ ਹੋਣ ਦੀ ਭਵਿਖਬਾਣੀ ਵੀ ਪੂਰਨ ਭਗਤ ਨੇ ਹੀ ਕੀਤੀ ਸੀ।