ਦੇਸ ਮੇਰੇ ਦੇ ਬਾਂਕੇ ਗੱਭਰੂ : ਪ੍ਰਸੰਗ ਸਹਿਤ ਵਿਆਖਿਆ
ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲ੍ਹੜ ਮੁਟਿਆਰਾਂ।
ਨੱਚਦੇ-ਟੱਪਦੇ ਗਿੱਧਾ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ।
ਪ੍ਰੇਮ-ਲੜੀ ਵਿੱਚ ਇੰਞ ਪਰੋਏ,
ਜਿਉਂ ਕੂੰਜਾਂ ਦੀਆਂ ਡਾਰਾਂ।
ਮੌਤ ਨਾਲ ਇਹ ਕਰਨ ਮਖੌਲਾਂ,
ਮਸਤੇ ਵਿੱਚ ਪਿਆਰਾਂ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-।।’ ਨਾਂ ਦੀ ਪਾਠ-ਪੁਸਤਕ ਵਿੱਚ ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੀਆਂ ਸਿਫ਼ਤਾਂ ਦਾ ਵਰਨਣ ਹੈ।
ਵਿਆਖਿਆ : ਮੇਰੇ ਦੇਸ ਦੇ ਗੱਭਰੂ ਸੁੰਦਰ/ਛੈਲ-ਛਬੀਲੇ ਹਨ ਅਤੇ ਇੱਥੋਂ ਦੀਆਂ ਮੁਟਿਆਰਾਂ ਮਸਤ ਅਤੇ ਅੱਲ੍ਹੜ ਹਨ। ਗੱਭਰੂ ਨੱਚਦੇ-ਟੱਪਦੇ, ਗਿੱਧਾ ਪਾਉਂਦੇ ਅਤੇ ਵਾਰਾਂ ਗਾਉਂਦੇ ਰਹਿੰਦੇ ਹਨ। ਇਹ ਪਿਆਰ ਦੀ ਲੜੀ ਵਿੱਚ ਇਸ ਤਰ੍ਹਾਂ ਪਰੋਏ ਹੋਏ ਹਨ ਜਿਸ ਤਰ੍ਹਾਂ ਕੂੰਜਾਂ ਦੀਆਂ ਡਾਰਾਂ ਹੋਣ। ਇਹ ਗੱਭਰੂ ਮੌਤ ਨਾਲ ਮਖੌਲ ਕਰਨ ਵਾਲੇ ਭਾਵ ਮੌਤ ਦੀ ਪਰਵਾਹ ਨਾ ਕਰਨ ਵਾਲੇ ਹਨ ਅਤੇ ਪਿਆਰ ਵਿੱਚ ਮਸਤ ਹਨ (ਪਿਆਰ ਵਿੱਚ ਮਸਤ ਹੋ ਜਾਂਦੇ ਹਨ।) ਕੁਦਰਤ ਦੇ ਰਚਨਹਾਰ ਅੱਗੇ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਪੰਜਾਬ ਦੇਸ ਦੀਆਂ ਬਹਾਰਾਂ ਸਦਾ ਖਿੜੀਆਂ ਰਹਿਣ।
ਔਖੇ ਸ਼ਬਦਾਂ ਦੇ ਅਰਥ
ਬਾਂਕੇ – ਬਣ ਠਣ ਕੇ ਰਹਿਣ ਵਾਲੇ, ਸੁੰਦਰ, ਛੈਲ-ਛਬੀਲੇ।
ਅੱਲ੍ਹੜ – ਅਣਜਾਣ, ਮੱਤ ਦੀਆਂ ਕੱਚੀਆਂ, ਅੰਞਾਣੀਆਂ।
ਵਾਰ – ਕਵਿਤਾ ਦਾ ਇੱਕ ਰੂਪ ਜਿਸ ਵਿੱਚ ਸੂਰਬੀਰਤਾ ਦਾ ਪ੍ਰਗਟਾਵਾ ਹੁੰਦਾ ਹੈ।
ਕਾਦਰ – ਰਚਨਹਾਰ।
ਅਰਜ਼ – ਬੇਨਤੀ।