EducationNCERT class 10thPunjab School Education Board(PSEB)

 ਦੂਜਾ ਵਿਆਹ – ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ


ਪ੍ਰਸ਼ਨ 1 . ਮਨਜੀਤ ਵੱਲੋਂ ਆਪਣੇ ਪਤੀ ਸੁਖਦੇਵ ਸਿੰਘ ਦਾ ਨਾਂ ਲੈਣ ਸੰਬੰਧੀ ਨਿਹਾਲ ਕੌਰ ਤੇ ਸੁਖਦੇਵ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ।

ਉੱਤਰ – ਨਿਹਾਲ ਕੌਰ ਚਾਹੁੰਦੀ ਹੈ ਕਿ ਮਨਜੀਤ ਆਪਣੇ ਪਤੀ ਦਾ ਨਾਂ ਨਾ ਲਵੇ। ਪਰ ਇਸ ਸੰਬੰਧੀ ਸੁਖਦੇਵ ਦੇ ਵਿਚਾਰ ਅਲੱਗ ਹਨ।

ਉਹ ਕਹਿੰਦਾ ਹੈ ਕਿ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ। ਉਹ ਕਹਿੰਦਾ ਹੈ ਕਿ ਤੀਵੀਂ ਆਪਣੇ ਘਰ ਵਾਲੇ ਨੂੰ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ।

ਜੇਕਰ ਉਹ ਅਜਿਹਾ ਕਹੇ ਤਾਂ ਫਿਰ ਉਸ ਦੇ ਘਰ ਵਾਲੇ ਨੂੰ ਉਸ ਨੂੰ ਸਰਦਾਰਨੀ ਜੀ ਕਹਿਣਾ ਪਵੇਗਾ। ਸੁਖਦੇਵ ਆਪਣੇ ਮਿੱਤਰ ਸੋਹਣ ਸਿੰਘ ਦਾ ਹਵਾਲਾ ਦਿੰਦਾ ਦੱਸਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਰਦਾਰਨੀ ਕਹਿੰਦਾ ਹੈ ਤਾਂ ਉਹਨਾਂ ਨੂੰ ਹਾਸਾ ਆਉਂਦਾ ਹੈ। 

ਨਿਹਾਲ ਕੌਰ ਕਹਿੰਦੀ ਹੈ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਉਹ ਆਪਣੇ ਪਤੀ ਦਾ ਨਾਂ ਲੈ ਲਿਆ ਕਰੇਗੀ। ਜਦ ਮਨਜੀਤ ਮੁੜ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਗੁੱਸੇ ਵਿੱਚ ਮਨਜੀਤ ਨੂੰ ਮੂੰਹ ਸੰਭਾਲ ਕੇ ਬੋਲਣ ਲਈ ਕਹਿੰਦੀ ਹੈ ਅਤੇ ਆਖਦੀ ਹੈ ਕਿ ਉਸ ਨੇ ਮਨਜੀਤ ਨੂੰ ਸੁਖਦੇਵ ਦਾ ਨਾਂ ਨਹੀਂ ਲੈਣ ਦੇਣਾ। 

ਪਰ ਦੂਜੇ ਪਾਸੇ ਸੁਖਦੇਵ ਵੀ ਸਰਦਾਰ ਜੀ ਅਖਵਾਉਣ ਦੇ ਹੱਕ ਵਿੱਚ ਨਹੀਂ। ਮਨਜੀਤ ਮਜ਼ਾਕ ਵਿੱਚ ਕਹਿੰਦੀ ਹੈ ਕਿ ਫਿਰ ਉਹ ਮਾਂ ਜੀ ਦੇ ਪੁੱਤ ਕਹਿ ਲਿਆ ਕਰੇਗੀ।

ਸੁਖਦੇਵ ਮਾਂ ਨੂੰ ਸਮਝਾਉਂਦਾ ਹੈ ਕਿ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ।

ਪ੍ਰਸ਼ਨ 2 . ਸੁਖਦੇਵ ਦੇ ਦੂਜੇ ਵਿਆਹ ਸੰਬੰਧੀ ਨਿਹਾਲ ਕੌਰ ਤੇ ਸੁਖਦੇਵ ਵਿੱਚ ਜੋ ਵਿਚਾਰ – ਵਟਾਂਦਰਾ ਹੁੰਦਾ ਹੈ, ਉਸ ਬਾਰੇ ਜਾਣਕਾਰੀ ਦਿਓ।

ਉੱਤਰ – ਨਿਹਾਲ ਕੌਰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਹਨ ਪਰ ਉਸ ਦੇ ਕੋਈ ਬੱਚਾ ਨਹੀਂ ਹੋਇਆ। 

ਗੱਲਾਂ – ਗੱਲਾਂ ਵਿੱਚ ਨਿਹਾਲ ਕੌਰ ਕਹਿੰਦੀ ਹੈ ਕਿ ਮਨਜੀਤ ਦੇ ਲੱਛਣਾਂ ਕਾਰਨ ਸੁਖਦੇਵ ਦੇ ਦੂਜੇ ਵਿਆਹ ਦਾ ਪ੍ਰਬੰਧ ਕਰਨਾ ਪਵੇਗਾ। 

ਸੁਖਦੇਵ ਮਜ਼ਾਕ ਨਾਲ ਕਹਿੰਦਾ ਹੈ ਕਿ ਮਨਜੀਤ ਉਸ ਕੋਲ ਛਾਉਣੀ ਰਿਹਾ ਕਰੇਗੀ ਅਤੇ ਦੂਜੀ ਨੂੰਹ ਮਾਂ ( ਨਿਹਾਲ ਕੌਰ ) ਦੀ ਸੇਵਾ ਕਰਿਆ ਕਰੇਗੀ।

ਪ੍ਰਸ਼ਨ 3 . ਨਿਹਾਲ ਕੌਰ ਮਨਜੀਤ ਨੂੰ ਸੁਖਦੇਵ ਦੇ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ ? ਇਸ ਦੇ ਕਾਰਨਾਂ ਬਾਰੇ ਜਾਣਕਾਰੀ ਦਿਓ।

ਉੱਤਰ – ਨਿਹਾਲ ਕੌਰ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਹਨ ਪਰ ਉਸ ਦੇ ਕੋਈ ਬੱਚਾ ਨਹੀਂ।

ਨਿਹਾਲ ਕੌਰ ਸਮੇਂ – ਸਮੇਂ ‘ਤੇ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਹੈ ਅਤੇ ਸੁਖਦੇਵ ਦੇ ਦੂਜੇ ਵਿਆਹ ਦਾ ਡਰ ਦਿੰਦੀ ਰਹਿੰਦੀ ਹੈ । 

ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਇਸ ਵਿੱਚ ਵਿਚਾਰੀ ਮਾਂ ਦਾ ਕੋਈ ਕਸੂਰ ਨਹੀਂ। ਉਸ ਨੂੰ ਸਾਰੀ ਉਮਰ ਬਾਪੂ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ। 

ਅੰਤ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਰਵਾ ਵੀ ਲਿਆ। ਨਿਹਾਲ ਕੌਰ ਸਮਝਦੀ ਹੈ ਕਿ ਇਸਤਰੀ ‘ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। 

ਸੁਖਦੇਵ ਦੱਸਦਾ ਹੈ ਕਿ ਮਾਂ ਨੂੰ ਪੋਤਾ – ਪੋਤੀ ਨਾ ਹੋਣ ਦਾ ਵੀ ਮਨਜੀਤ ‘ਤੇ ਰੋਸ ਹੈ।

ਪ੍ਰਸ਼ਨ 4 . ਨਿਹਾਲ ਕੌਰ ਨੇ ਮਨਜੀਤ ਨੂੰ ਦੂਜੇ ਵਿਆਹ ਸੰਬੰਧੀ ਜਿਹੜੇ ਬੋਲ – ਕਬੋਲ ਕਹੇ ਸਨ ਉਸ ਲਈ ਉਹ ਮੁਆਫ਼ੀ ਕਿਉਂ ਮੰਗਦੀ ਹੈ ?

ਉੱਤਰ – ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਹੈ ਕਿ ਉਸ ਦਾ ਜਵਾਈ ਬਲਵੰਤ ਸਿੰਘ ਵੀ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੁੰਦੀ ਹੈ। 

ਇਸੇ ਲਈ ਉਹ ਮਨਜੀਤ ਨੂੰ ਕਹਿੰਦੀ ਹੈ ਕਿ ਉਸਨੇ ਉਸ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਹਨ ਉਸ ਲਈ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। 

ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਪਹਿਲਾਂ ਹੀ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ। ਉਹ ਕਹਿੰਦੀ ਹੈ ਕਿ ਉਸ ਦੀ ਧੀ ‘ਤੇ ਦੂਜੇ ਵਿਆਹ ਦੀ ਹੋਣੀ ਪਤਾ ਨਹੀਂ ਕਿਹੜੇ ਪਾਪ ਦਾ ਫਲ ਬਣ ਕੇ ਬੀਤੀ ਹੈ। ਉਹ ਮਨਜੀਤ ਨੂੰ ਕਹੇ ਬੋਲ – ਕਬੋਲਾਂ ਲਈ ਵਾਹਿਗੁਰੂ ਤਿ ਮਨਜੀਤ ਤੋਂ ਮੁਆਫ਼ੀ ਮੰਗਦੀ ਹੈ।

ਪ੍ਰਸ਼ਨ 5 . ‘ਦੂਜਾ ਵਿਆਹ’ ਇਕਾਂਗੀ ਦੇ ਵਿਸ਼ੇ / ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।

ਉੱਤਰ – ਸੰਤ ਸਿੰਘ ਦੇ ਇਕਾਂਗੀ ‘ਦੂਜਾ ਵਿਆਹ’ ਦਾ ਵਿਸ਼ਾ ਨੂੰਹ ਸੱਸ ਦੇ ਸਮਾਜਿਕ ਰਿਸ਼ਤੇ ਵਿਚਲੇ ਝਗੜੇ ਅਤੇ ਇਸ ਰਿਸ਼ਤੇ ਦੀਆਂ ਉਲਝਣਾਂ ਨੂੰ ਪ੍ਰਗਟਾਉਣ ਨਾਲ ਸੰਬੰਧਿਤ ਹੈ। 

ਇਕਾਂਗੀਕਾਰ ਨੇ ਇਸ ਰਿਸ਼ਤੇ ਦੀਆਂ ਉਲਝਣਾਂ ਦਾ ਹੱਲ ਵੀ ਸੁਝਾਇਆ ਹੈ। ਉਹ ਭਾਵੇਂ ਸੱਸ (ਨਿਹਾਲ ਕੌਰ) ਨੂੰ ਕਸੂਰਵਾਰ ਸਮਝਦਾ ਹੈ ਪਰ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜੇਕਰ ਨੂੰਹ ਸਿਆਣਪ ਤੋਂ ਕੰਮ ਲਵੇ ਤਾਂ ਉਹ ਸੱਸ ਦੀਆਂ ਵਧੀਕੀਆਂ ‘ਤੇ ਕਾਬੂ ਪਾ ਸਕਦੀ ਹੈ ਅਤੇ ਘਰ ਦਾ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ। 

ਮਨਜੀਤ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਉਂਦੀ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ। ਇਸ ਸਮੱਸਿਆ ਨੂੰ ਪੇਸ਼ ਕਰਕੇ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ।

ਅੰਤ ਨਿਹਾਲ ਕੌਰ ਨੂੰ ਆਪਣੀ ਗ਼ਲਤੀ ਮੰਨਣੀ ਪੈਂਦੀ ਹੈ।