ਦਫ਼ਤਰੀ ਚਿੱਠੀ


ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਉਸ ਦੇ ਦਫ਼ਤਰ ਦੇ ਇੱਕ ਕਲਰਕ ਵੱਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਕਰਦੇ ਹੋਏ ਬਿਨੈ-ਪੱਤਰ ਲਿਖੋ।


115, ਅਜੀਤ ਨਗਰ,

ਪਟਿਆਲਾ।

24 ਮਾਰਚ, 20…

ਸੇਵਾ ਵਿਖੇ

ਡਿਪਟੀ ਕਮਿਸ਼ਨਰ ਸਾਹਿਬ,

ਜ਼ਿਲ੍ਹਾ ਪਟਿਆਲਾ,

ਪਟਿਆਲਾ।

ਵਿਸ਼ਾ : ਦਫ਼ਤਰ ਦੇ ਕਲਰਕ ਵੱਲੋਂ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਆਪ ਜੀ ਦੇ ਦਫ਼ਤਰ ਵਿੱਚ ਕਾਫ਼ੀ ਦੇਰ ਤੋਂ ਮੇਰਾ ਇੱਕ ਕੰਮ ਆਪ ਜੀ ਦੇ ਦਫ਼ਤਰ ਦੀ ਬਦਨੀਤੀ ਕਾਰਨ ਫਸਿਆ ਪਿਆ ਹੈ। ਮੈਂ ਉਸ ਕੰਮ ਲਈ ਪਤਾ ਨਹੀਂ ਕਿੰਨੇ ਚੱਕਰ ਮਾਰ ਚੁੱਕਾ ਹਾਂ। ਇਹ ਕਲਰਕ ਜਿਸ ਦਾ ਨਾਂ ਹਰਪਾਲ ਸਿੰਘ ਹੈ, ਹਮੇਸ਼ਾ ਟਾਲਮਟੋਲ ਕਰਦਾ ਰਹਿੰਦਾ ਹੈ। ਮੈਂ ਇਸ ਕੰਮ ਵਾਸਤੇ ਆਪ ਜੀ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ, ਪਰੰਤੂ ਆਪ ਜੀ ਦੇ ਦਫ਼ਤਰ ਦੇ ਬਾਹਰ ਬੈਠਦਾ ਚਪੜਾਸੀ ਮੈਨੂੰ ਅੰਦਰ ਨਹੀਂ ਜਾਣ ਦਿੰਦਾ। ਮੈਨੂੰ ਪੂਰੀ ਉਮੀਦ ਹੈ, ਇਹ ਚਪੜਾਸੀ ਵੀ ਉਸ ਕਲਰਕ ਨਾਲ ਮਿਲਿਆ ਹੋਇਆ ਹੈ।

ਸ੍ਰੀਮਾਨ ਜੀ, ਮੇਰਾ ਕੰਮ ਬਿਲਕੁਲ ਵਾਜਬ ਹੈ। ਮੈਂ ਇੱਕ ਸੇਵਾ-ਮੁਕਤ ਫ਼ੌਜੀ ਹਾਂ। ਮੈਂ ਲਗਪਗ ਤੀਹ ਸਾਲ ਦੇਸ਼ ਦੀ ਸੇਵਾ ਕੀਤੀ ਹੈ। ਮੈਂ ਚੀਨ ਅਤੇ ਪਾਕਿਸਤਾਨ ਨਾਲ ਦੋ ਲੜਾਈਆਂ ਵੀ ਲੜੀਆਂ ਹਨ। ਮੈਂ ਸੋਚਦਾ ਹਾਂ ਕਿ ਜੇ ਇੱਕ ਦੇਸ਼-ਸੇਵਕ ਨੂੰ ਏਨਾ ਖੱਜਲ ਕੀਤਾ ਜਾ ਰਿਹਾ ਹੈ ਤਾਂ ਬਾਕੀ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ।

ਅੱਜ ਜਦੋਂ ਇਸ ਕਲਰਕ ਨੇ ਮੇਰਾ ਕੰਮ ਕਰਨ ਦੇ ਬਦਲੇ ਦੋ ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਤਾਂ ਮੇਰਾ ਖੂਨ ਖੌਲ ਉਠਿਆ। ਮੈਂ ਉਸ ਨੂੰ ਕੁਝ ਨਹੀਂ ਕਿਹਾ ਪਰੰਤੂ ਉਸ ਨੂੰ ਨਸੀਹਤ ਦੇਣ ਵਜੋਂ ਆਪ ਜੀ ਪਾਸ ਉਸ ਦੀ ਸ਼ਿਕਾਇਤ ਕਰ ਰਿਹਾ ਹਾਂ। ਮੇਰੀ ਉਸ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਮੈਂ ਸਿਰਫ਼ ਚਾਹੁੰਦਾ ਹਾਂ ਅਜਿਹੇ ਰਿਸ਼ਵਤਖੋਰ ਕਲਰਕਾਂ ਦੀ ਦਫ਼ਤਰਾਂ ਵਿੱਚੋਂ ਛੁੱਟੀ ਕੀਤੀ ਜਾਵੇ। ਅਜਿਹੇ ਲੋਕ ਹੀ ਭ੍ਰਿਸ਼ਟਾਚਾਰ ਖਿਲਾਰਨ ਲਈ ਜ਼ਿੰਮੇਵਾਰ ਹਨ। ਅਜਿਹੇ ਭ੍ਰਿਸ਼ਟਾਚਾਰੀ ਲੋਕਾਂ ਦੀ ਬਦੌਲਤ ਸਾਡਾ ਦੇਸ਼ ਦਿਨੋਂ-ਦਿਨ ਨਿੱਘਰਦਾ ਜਾ ਰਿਹਾ ਹੈ।

ਸੋ ਮੇਰੀ ਆਪ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਮੇਰਾ ਕੰਮ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇ ਤੇ ਇਸ ਰਿਸ਼ਵਤਖੋਰ ਕਲਰਕ ਨੂੰ ਇਸ ਸਬੰਧੀ ਚਿਤਾਵਨੀ ਦੇ ਕੇ ਇੱਥੋਂ ਬਦਲ ਕੇ ਕਿਸੇ ਦੂਰ-ਦੁਰਾਡੇ ਥਾਂ ‘ਤੇ ਭੇਜ ਦਿੱਤਾ ਜਾਵੇ ਜਾਂ ਇਸ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਇਸ ਬਾਰੇ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ। ਇਸ ਲਈ ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਵਿਸ਼ਵਾਸਪਾਤਰ,

ਮੇਜਰ ਮਦਨ ਗੋਪਾਲ।