ਢੋਲਾ : ਉੱਭੇ ਦੇ ਬੱਦਲ


ਸਾਰ : ਉੱਭੇ ਦੇ ਬੱਦਲ


ਪ੍ਰਸ਼ਨ : ‘ਉੱਭੇ ਦੇ ਬੱਦਲ’ ਨਾਂ ਦੇ ਢੋਲੇ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਪ੍ਰੇਮੀ ਦੇ ਵਿਯੋਗ ਦਾ ਦੁੱਖ ਸਹਾਰਦੀ ਨਾਇਕਾ ਆਖਦੀ ਹੈ ਕਿ ਪੁਰੇ ਦੀ ਹਵਾ ਨੇ ਹਉਕਿਆਂ ਦੇ ਬੱਦਲ ਚੁੱਕ ਲਿਆਂਦੇ ਹਨ। ਜਿਸ ਪ੍ਰੀਤਮ ਨੇ ਉਸ ਨੂੰ ਆਪਣੇ ਨਾਲ ਰਲਾ ਕੇ ਲਿਆਂਦਾ ਸੀ ਉਹ ਤਾਂ ਦੂਰ ਜਾ ਰਿਹਾ ਹੈ। ਉਹ ਤਾਂ ਅਵਾਜ਼ ਦੇਣ ‘ਤੇ ਵੀ ਨਹੀਂ ਬੋਲਦਾ। ਨਾਇਕਾ ਉਸ ਨੂੰ ਬੁਲਾ ਕੇ ਉਸ ਦੀ ਉਡੀਕ ਵਿੱਚ ਖੜ੍ਹੀ ਹੈ। ਉਸ ਨੇ ਤਾਂ ਨਾਇਕਾ ਦੇ ਹੱਥਾਂ ਵਿੱਚੋਂ ਪਿਆਰ ਦੇ ਛੱਲੇ ਵੀ ਲਾਹ ਲਏ ਹਨ। ਪ੍ਰੀਤਮਾ ਕਹਿੰਦੀ ਹੈ ਕਿ ਪ੍ਰੀਤਮ ਦੇ ਵਿਯੋਗ ਕਾਰਨ ਉਸ ਦੇ ਮਨ ‘ਤੇ ਹਰ ਰੋਜ਼ ਪਰੇਸ਼ਾਨੀ ਹੀ ਰਹਿੰਦੀ ਹੈ। ਰਲੀਆਂ ਹੋਈਆਂ ਜੋੜੀਆਂ ਨੂੰ ਰੱਬ ਨੇ ਨਿਖੇੜ ਦਿੱਤਾ ਹੈ। ਪ੍ਰੀਤਮਾ ਚਾਹੁੰਦੀ ਹੈ ਕਿ ਉਸ ਦਾ ਪ੍ਰੇਮੀ ਸਾਰੇ ਝਗੜੇ ਖ਼ਤਮ ਕਰ ਕੇ ਇਹਨਾਂ ਵਣਾਂ ਵਿੱਚੋਂ ਹੀ ਕਿਤੇ ਨਿਕਲ ਆਵੇ ਅਥਵਾ ਉਸ ਦਾ ਵਿਯੋਗ ਖ਼ਤਮ ਹੋ ਜਾਵੇ। ਇਸ ਤਰ੍ਹਾਂ ‘ਉੱਭੇ ਦੇ ਬੱਦਲ’ ਨਾਂ ਦੇ ਢੋਲੇ ਵਿੱਚ ਮਿਲਾਪ ਦੀ ਇੱਛਕ ਪ੍ਰੀਤਮਾ ਦੇ ਵਿਯੋਗ ਨੂੰ ਪ੍ਰਗਟਾਇਆ ਗਿਆ ਹੈ।


ਅਭਿਆਸ ਦੇ ਪ੍ਰਸ਼ਨ-ਉੱਤਰ

(ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)


ਪ੍ਰਸ਼ਨ 1. ‘ਉੱਭੇ ਦੇ ਬੱਦਲ’ ਢੋਲੇ ਵਿੱਚ ਨਾਇਕਾ ਦੀ ਬੇਵੱਸੀ ਦਾ ਵਰਨਣ ਕਿਵੇਂ ਕੀਤਾ ਗਿਆ ਹੈ?

ਉੱਤਰ: ‘ਉੱਭੇ ਦੇ ਬੱਦਲ’ ਨਾਂ ਦੇ ਢੋਲੇ ਵਿੱਚ ਨਾਇਕਾ ਬੇਵੱਸ ਹੈ ਕਿਉਂਕਿ ਜਿਸ ਪ੍ਰੀਤਮ ਨੇ ਉਸ ਨੂੰ ਆਪਣੇ ਨਾਲ ਰਲਾ ਕੇ ਲਿਆਂਦਾ ਸੀ ਉਹ ਤਾਂ ਉਸ ਨੂੰ ਛੱਡ ਕੇ ਦੂਰ ਜਾ ਰਿਹਾ ਹੈ। ਉਹ ਤਾਂ ਪ੍ਰੀਤਮਾ ਦੇ ਬੁਲਾਉਣ ‘ਤੇ ਵੀ ਉਸ ਨੂੰ ਅਵਾਜ਼ ਨਹੀਂ ਦਿੰਦਾ। ਪ੍ਰੀਤਮਾ ਪ੍ਰੇਮੀ ਨੂੰ ਅਵਾਜ਼ ਮਾਰ ਕੇ ਬੇਵੱਸ ਖੜ੍ਹੀ ਉਸ ਨੂੰ ਉਡੀਕਦੀ ਹੈ। ਪਰ ਪ੍ਰੀਤਮ ਤਾਂ ਉਸ ਦੇ ਹੱਥਾਂ ਵਿੱਚੋਂ ਪਿਆਰ ਦੇ ਛੱਲੋ ਵੀ ਲਾਹ ਕੇ ਲੈ ਗਿਆ ਹੈ।

ਪ੍ਰਸ਼ਨ 2. ‘ਉੱਭੇ ਦੇ ਬੱਦਲ’ ਢੋਲੇ ਵਿੱਚ ਨਾਇਕਾ ਕੀ ਕਾਮਨਾ ਕਰਦੀ ਹੈ?

ਉੱਤਰ : ‘ਉੱਭੇ ਦੇ ਬੱਦਲ’ ਨਾਂ ਦੇ ਢੋਲੇ ਵਿੱਚ ਨਾਇਕਾ ਇਹ ਕਾਮਨਾ ਕਰਦੀ ਹੈ ਕਿ ਉਹਦਾ ਪ੍ਰੀਤਮ ਸਾਰੇ ਝਗੜੇ ਖ਼ਤਮ ਕਰ ਕੇ ਅਥਵਾ ਭੁਲਾ ਕੇ ਇਹਨਾਂ ਵਣਾਂ ਵਿੱਚੋਂ ਹੀ ਕਿਤੋਂ ਨਿਕਲ ਆਵੇ ਅਤੇ ਉਸ ਦਾ ਵਿਯੋਗ ਖ਼ਤਮ ਹੋ ਜਾਵੇ।

ਪ੍ਰਸ਼ਨ 3. ਉੱਤੇ ਦੇ ਬੱਦਲ’ ਢੋਲੇ ਵਿੱਚ ਵਿਸਾਹ-ਘਾਤ ਕਿਵੇਂ ਪ੍ਰਗਟ ਹੋਇਆ ਹੈ?

ਉੱਤਰ : ਪ੍ਰੀਤਮ ਜਿਸ ਪ੍ਰੀਤਮਾ ਨੂੰ ਨਾਲ ਰਲਾ ਕੇ ਲਿਆਇਆ ਸੀ ਉਹ ਉਸ ਨੂੰ ਛੱਡ ਕੇ ਚਲਾ ਗਿਆ । ਉਹ ਤਾਂ ਆਪਣੀ ਪ੍ਰੀਤਮਾ ਦੇ ਪਿਆਰ ਦੇ ਛੱਲੇ ਵੀ ਲਾਹ ਕੇ ਲੈ ਗਿਆ। ਉਹ ਪ੍ਰੀਤਮਾ ਦੇ ਅਵਾਜ਼ ਮਾਰਨ ‘ਤੇ ਵੀ ਜਵਾਬ ਨਹੀਂ ਦਿੰਦਾ ਤੇ ਉਹ ਖੜ੍ਹੀ ਉਸ ਨੂੰ ਉਡੀਕਦੀ ਹੈ।