ਛੋਟੇ ਭਰਾ ਨੂੰ ਪੱਤਰ


ਵੱਡੇ ਭਰਾ ਵੱਲੋਂ ਛੋਟੇ ਨੂੰ ਚਿੱਠੀ ਕਿ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਹ ਕਾਲਜ ਵਿਚ ਕਿਹੜੇ ਮਜ਼ਮੂਨ ਲਏ।


15, ਭਟਨਾਗਰ ਹੋਸਟਲ,

ਪੰਜਾਬ ਯੂਨੀਵਰਸਿਟੀ,

ਚੰਡੀਗੜ੍ਹ।

25 ਜੂਨ, 2023

ਮੇਰੇ ਪਿਆਰੇ ਕੰਵਲ,

ਅਖੀਰ ਤੂੰ ਸਾਡੀਆਂ ਉਮੀਦਾਂ ਤੇ ਪੂਰਾ ਉਤਰਿਆਂ। ਮੈਟ੍ਰਿਕ ਦੀ ਪ੍ਰੀਖਿਆਂ ਵਿਚ ਪੰਜਵੇਂ ਨੰਬਰ ਤੇ ਰਹਿ ਕੇ ਤੂੰ ਆਪਣੀ ਯੋਗਤਾ ਦਾ ਸਿੱਕਾ ਬਿਠਾ ਦਿੱਤਾ ਹੈ। ਪਿਤਾ ਜੀ ਤੇ ਮਾਤਾ ਜੀ ਤਾਂ ਤੇਰੀ ਇਸ ਸਫਲਤਾ ਉਤੇ ਫੁੱਲੇ ਨਹੀਂ ਸਮਾਉਂਦੇ ਹੋਣਗੇ। ਮੇਰੇ ਵੱਲੋਂ ਉਨ੍ਹਾਂ ਨੂੰ ਤੇ ਤੈਨੂੰ ਹਾਰਦਿਕ ਵਧਾਈ।

ਸੁਭਾਵਿਕ ਹੀ ਇਸ ਵੇਲੇ ਤੁਸੀਂ ਸਾਰੇ ਇਹ ਸੋਚ ਰਹੇ ਹੋਵੋਗੇ ਕਿ ਅੱਗੋਂ ਤੈਨੂੰ ਕਿਸ ਪਾਸੇ ਪਾਇਆ ਜਾਏ। ਮੈਂ ਸਾਇੰਸ ਵਿਚ ਤੇਰੀ ਦਿਲਚਸਪੀ ਤੇ ਯੋਗਤਾ ਵੇਖ ਕੇ ਸ਼ੁਰੂ ਤੋਂ ਹੀ ਇਸ ਖਿਆਲ ਦਾ ਰਿਹਾ ਹਾਂ ਕਿ ਕਾਲਜ ਵਿਚ ਤੈਨੂੰ ਮੈਡੀਕਲ ਗਰੁੱਪ ਲੈਣਾ ਚਾਹੀਦਾ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪ੍ਰੀ- ਮੈਡੀਕਲ ਪਾਸ ਕਰਨ ਤੋਂ ਬਾਅਦ ਤੈਨੂੰ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਜਾਏਗਾ, ਡਾਕਟਰੀ ਦੇ ਕਿੱਤੇ ਵਿਚ ਜਿੱਥੇ ਇਕ ਡਾਕਟਰ ਆਪਣੇ ਗੁਜ਼ਾਰੇ ਲਈ ਖਾਸੀ ਰਕਮ ਕਮਾ ਸਕਦਾ ਹੈ, ਉਥੇ ਉਸ ਨੂੰ ਦੇਸ ਤੇ ਸਮਾਜ ਦੀ ਸੇਵਾ ਦਾ ਵੀ ਮੌਕਾ ਮਿਲਦਾ ਹੈ। ਉਸਨੂੰ ਗਰੀਬ ਤੇ ਲੋੜਵੰਦ ਬੀਮਾਰਾਂ ਦਾ ਮੁਫਤ ਇਲਾਜ ਕਰਨ ਦਾ ਵਧ ਤੋਂ ਵਧ ਮੌਕਾ ਮਿਲਦਾ ਹੈ। ਉਹ ਗਰੀਬ ਤੇ ਲੋੜਵੰਦ ਬੀਮਾਰਾਂ ਦਾ ਮੁਫਤ ਇਲਾਜ ਕਰਕੇ ਵਧ ਤੋਂ ਵਧ ਜਸ ਖੱਟ ਸਕਦਾ ਹੈ। ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਮੇਰਾ ਖਿਆਲ ਹੈ ਕਿ ਤੇਰੀ ਆਪਣੀ ਰੁਚੀ ਤੇ ਸ਼ੌਕ ਵੀ ਇਸੇ ਪਾਸੇ ਜਾਣ ਦਾ ਹੈ। ਮੈਂ ਇਹ ਸਲਾਹ ਦੇ ਕੇ ਮਾਨੋ ਤੇਰੇ ਦਿਲ ਦੀ ਆਵਾਜ਼ ਬਣ ਰਿਹਾ ਹਾਂ।

ਮੈਨੂੰ ਯਕੀਨ ਹੈ ਕਿ ਪਿਤਾ ਜੀ ਤੇ ਮਾਤਾ ਜੀ ਵੀ ਇਸ ਗੱਲ ਵਿਚ ਮੇਰੇ ਨਾਲ ਸਹਿਮਤ ਹੋਣਗੇ। ਹੋਣਹਾਰ ਬੱਚੇ ਨੂੰ ਉਸ ਦੀ ਰੁਚੀ ਅਨੁਸਾਰ ਉਨੱਤੀ ਤੇ ਵਿਕਾਸ ਦਾ ਮੌਕਾ ਦੇਣ ਵਿਚ ਉਨ੍ਹਾਂ ਨੂੰ ਕੀ ਇਤਰਾਜ਼ ਜੋ ਸਕਦਾ ਹੈ। ਇਹ ਗੱਲ ਠੀਕ ਹੈ ਕਿ ਡਾਕਟਰੀ ਦੀ ਪੜ੍ਹਾਈ ਦਾ ਖਰਚ ਉਨ੍ਹਾਂ ਦੀ ਵਿੱਤ ਤੋਂ ਜ਼ਿਆਦਾ ਹੈ, ਪਰ ਮੈਡੀਕਲ ਵਿਚ ਦਾਖਲ ਹੋਣ ਲਈ ਤਾਂ ਹਾਲੀ ਦੋ ਸਾਲ ਪਏ ਹਨ। ਉਸ ਵੇਲੇ ਤਕ ਮੇਰੀ ਇੰਜਨੀਅਰੀ ਦੀ ਪੜ੍ਹਾਈ ਖਤਮ ਹੋ ਜਾਏਗੀ ਤੇ ਮੈਂ ਬੜੀ ਖੁਸ਼ੀ ਨਾਲ ਤੇਰੀ ਪੜ੍ਹਾਈ ਦਾ ਸਾਰਾ ਖਰਚ ਆਪਣੇ ਜਿੰਮੇ ਲੈ ਲਵਾਂਗਾ। ਛੋਟੇ ਭਰਾ ਦੀ ਉਨੱਤੀ ਵਿਚ ਮਦਦ ਦੇਣ ਤੋਂ ਵਧ ਹੋਰ ਕਿਹੜੀ ਖੁਸ਼ੀ ਹੋ ਸਕਦੀ ਹੈ।

ਪਿਤਾ ਜੀ ਤੇ ਮਾਤਾ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੈਨੂੰ, ਚੰਨੀ ਤੇ ਅੰਮ੍ਰਿਤ ਨੂੰ ਬਹੁਤ ਪਿਆਰ।

ਤੇਰਾ ਪਿਆਰਾ ਵੀਰ,

ਕੁਲਦੀਪ ਸਿੰਘ।