ਛਤਰੀ – ਪੈਰਾ ਰਚਨਾ

ਛਤਰੀ ਸਾਡਾ ਮੀਂਹ ਤੇ ਧੁੱਪ ਤੋਂ ਬਚਾਅ ਕਰਦੀ ਹੈ। ਆਕਾਰ ਵਿਚ ਛਤਰੀ ਵੱਡੀ ਵੀ ਹੁੰਦੀ ਹੈ ਤੇ ਛੋਟੀ ਵੀ। ਵੱਡੀ ਛਤਰੀ ਦੀ ਵਰਤੋਂ ਆਮ ਕਰਕੇ ਮਰਦ ਕਰਦੇ ਹਨ, ਪਰ ਛੋਟੀ ਛਤਰੀ ਦੀ ਵਰਤੋਂ ਇਸਤਰੀਆਂ ਵੱਲੋਂ ਕੀਤੀ ਜਾਂਦੀ ਹੈ। ਵੱਡੀ ਛਤਰੀ ਦਾ ਰੰਗ ਆਮ ਕਰਕੇ ਕਾਲਾ ਹੁੰਦਾ ਹੈ, ਪਰ ਛੋਟੀਆਂ ਛਤਰੀਆਂ ਕਈਆਂ ਰੰਗਾਂ ਤੇ ਫੁੱਲਾਂ ਬੂਟਿਆਂ ਵਾਲੀਆਂ ਮਿਲਦੀਆਂ ਹਨ।

ਅੱਜਕਲ੍ਹ ਅਜਿਹੀਆਂ ਛਤਰੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਇਕੱਠਿਆਂ ਕਰਕੇ ਅਸੀਂ ਬੈਗ ਵਿਚ ਪਾ ਸਕਦੇ ਹਾਂ। ਅਜਿਹੀ ਛਤਰੀ ਘਰੋਂ ਦੂਰ ਜਾਣ ਵਾਲੇ ਲੋਕਾਂ ਲਈ ਕਾਫ਼ੀ ਚੰਗੀ ਰਹਿੰਦੀ ਹੈ, ਖਾਸ ਕਰ ਜਦੋਂ ਮੀਂਹ ਜਾਂ ਕੜਾਕੇ ਦੀ ਧੁੱਪ ਪੈ ਰਹੀ ਹੋਵੇ ਤਾਂ ਇਸ ਤੋਂ ਬਿਨਾਂ ਇਕ ਥਾਂ ਤੋਂ ਦੂਜੀ ਥਾਂ ਜਾਣਾ ਔਖਾ ਹੋ ਜਾਂਦਾ ਹੈ।

ਛਤਰੀ ਦੀ ਕੀਮਤ ਕੋਈ ਬਹੁਤੀ ਨਹੀਂ ਹੁੰਦੀ। 60 – 70 ਰੁਪਏ ਦੀ ਬਹੁਤ ਚੰਗੀ ਛਤਰੀ ਮਿਲ ਜਾਂਦੀ ਹੈ। ਹਰ ਮਨੁੱਖ ਨੂੰ ਆਪਣੇ ਘਰ ਵਿਚ ਛਤਰੀ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਦੀ ਕਿਸੇ ਦਿਨ ਵੀ ਜ਼ਰੂਰਤ ਪੈ ਸਕਦੀ ਹੈ ਤੇ ਮੌਸਮ ਦੀ ਖ਼ਰਾਬੀ ਕਾਰਨ ਤੁਹਾਡੇ ਰੁਕੇ ਕੰਮ ਇਸ ਨੂੰ ਹੱਥ ਵਿੱਚ ਫੜ ਕੇ ਤੁਰਨ ਨਾਲ ਚੱਲ ਪੈਂਦੇ ਹਨ। ਮੀਂਹ ਜਾਂ ਧੁੱਪ ਵਿਚ ਮਨੁੱਖ ਨੂੰ ਛਤਰੀ ਦਾ ਰੱਬ ਵਰਗਾ ਆਸਰਾ ਹੁੰਦਾ ਹੈ, ਇਸ ਕਰਕੇ ਰੱਬ ਨੂੰ ‘ਨੀਲੀ ਛਤਰੀ ਵਾਲਾ’ ਕਿਹਾ ਜਾਂਦਾ ਹੈ, ਜਿਸ ਨੇ ਸਾਰੀ ਧਰਤੀ ਨੂੰ ਆਪਣੀਆਂ ਬਖਸ਼ਿਸ਼ਾਂ ਨਾਲ ਨਿਹਾਲ ਕੀਤਾ ਹੋਇਆ ਹੈ।