CBSEEducationHistoryHistory of Punjab

ਗੁਰੂ ਅਰਜਨ ਦੇਵ ਜੀ


ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?

ਉੱਤਰ : ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਔਕੜਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਪ੍ਰਿਥੀ ਚੰਦ ਦਾ ਵਿਰੋਧ : ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ। ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਪਰ ਗੁਰੂ ਰਾਮਦਾਸ ਜੀ ਨੇ ਉਸ ਦੇ ਸੁਆਰਥੀ ਸੁਭਾਓ ਨੂੰ ਦੇਖਦੇ ਹੋਏ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ‘ਤੇ ਉਸ ਨੇ ਆਪਣੇ ਪਿਤਾ ਜੀ ਦੀ ਸ਼ਾਨ ਵਿੱਚ ਦੁਰਬਚਨ ਬੋਲੇ। ਉਸ ਨੇ ਲਾਹੌਰ ਦੇ ਮੁਗ਼ਲ ਕਰਮਚਾਰੀ ਸੁਲਹੀ ਖ਼ਾਂ ਨਾਲ ਮਿਲ ਕੇ ਅਕਬਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣ ਦਾ ਹਰ ਸੰਭਵ ਯਤਨ ਕੀਤਾ।

2. ਕੱਟੜ ਮੁਸਲਮਾਨਾਂ ਦਾ ਵਿਰੋਧ : ਗੁਰੂ ਅਰਜਨ ਦੇਵ ਜੀ ਨੂੰ ਕੱਟੜ ਮੁਸਲਮਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਹ ਮੁਸਲਮਾਨ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਉਨ੍ਹਾਂ ਦੇ ਦੁਸ਼ਮਣ ਬਣ ਗਏ। ਕੱਟੜਪੰਥੀ ਮੁਸਲਮਾਨਾਂ ਨੇ ਸਰਹਿੰਦ ਵਿਖੇ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ। ਇਸ ਲਹਿਰ ਦਾ ਨੇਤਾ ਸ਼ੇਖ ਅਹਿਮਦ ਸਰਹਿੰਦੀ ਸੀ। 1605 ਈ. ਵਿੱਚ ਜਹਾਂਗੀਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਹ ਬੜੇ ਕੱਟੜ ਵਿਚਾਰਾਂ ਦਾ ਸੀ। ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਸਿੱਖਾਂ ਦੇ ਵਿਰੁੱਧ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦਾ ਮਨ ਬਣਾ ਲਿਆ।

3. ਪੁਜਾਰੀ ਵਰਗ ਦਾ ਵਿਰੋਧ : ਗੁਰੂ ਅਰਜਨ ਦੇਵ ਜੀ ਨੂੰ ਪੰਜਾਬ ਦੇ ਪੁਜਾਰੀ ਵਰਗ ਭਾਵ ਬ੍ਰਾਹਮਣਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦਾ ਸਮਾਜ ਵਿੱਚ ਪ੍ਰਭਾਵ ਬਹੁਤ ਘੱਟਦਾ ਜਾ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਤਾਂ ਬ੍ਰਾਹਮਣਾਂ ਨੇ ਮੁਗ਼ਲ ਬਾਦਸ਼ਾਹ ਅਕਬਰ ਪਾਸ ਇਹ ਸ਼ਿਕਾਇਤ ਕੀਤੀ ਕਿ ਇਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੈ। ਪੜਤਾਲ ਕਰਨ ‘ਤੇ ਅਕਬਰ ਦਾ ਕਹਿਣਾ ਸੀ ਕਿ ਇਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ।

4. ਚੰਦੂ ਸ਼ਾਹ ਦਾ ਵਿਰੋਧ : ਚੰਦੁ ਸ਼ਾਹ ਜੋ ਕਿ ਲਾਹੌਰ ਦਾ ਦੀਵਾਨ ਸੀ, ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਦੇ ਆਦਮੀਆਂ ਨੇ ਚੰਦੂ ਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਦਾ ਸੁਝਾਅ ਦਿੱਤਾ। ਇਸ ‘ਤੇ ਉਸ ਨੇ ਗੁਰੂ ਜੀ ਨੂੰ ਅਪਸ਼ਬਦ ਕਹੇ। ਬਾਅਦ ਵਿੱਚ ਉਹ ਆਪਣੀ ਪਤਨੀ ਦੇ ਮਜਬੂਰ ਕਰਨ ‘ਤੇ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਪਰ ਗੁਰੂ ਸਾਹਿਬ ਨੇ ਇਹ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ।