ਕੁਲਫ਼ੀ: ਸਾਰ


ਜੂਨ ਮਹੀਨੇ ਦੀ 26 ਤਾਰੀਖ਼ ਸੀ। ਮਹੀਨਾ ਭਾਵੇਂ ਮੁੱਕਣ ‘ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਲੇਖਕ/ ਕਹਾਣੀਕਾਰ ਸੋਚਦਾ ਹੈ ਕਿ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਤਾਂ ਝੱਟ ਲੰਘ ਜਾਂਦੇ ਹਨ ਤੇ ਤਨਖ਼ਾਹ ਵੀ ਇਹਨਾਂ ਦਿਨਾਂ ਵਿੱਚ ਹੀ ਉੱਡ-ਪੁੱਡ ਜਾਂਦੀ ਹੈ। ‘ਮਲਾਈ ਵਾਲੀ ਕੁਲਫ਼ੀ’ ਦੀ ਅਵਾਜ਼ ਸੁਣ ਕੇ ਲੇਖਕ ਦੇ ਮੂੰਹ ਵਿੱਚ ਪਾਣੀ ਆ ਗਿਆ ਸੀ ਪਰ ਆਰਥਿਕ ਤੰਗੀ ਕਾਰਨ ਉਹ ਬੇਵੱਸ ਸੀ। ਉਸ ਦੀ ਦੁਪਹਿਰ ਪਿੱਛੋਂ ਦੀ ਨੀਂਦ ਅਜੇ ਪੂਰੀ ਨਹੀਂ ਸੀ ਹੋਈ ਕਿ ਕਾਕੇ ਨੇ ਉਸ ਨੂੰ ਹਲੂਣ ਕੇ ਜਗਾ ਦਿੱਤਾ।

ਕਾਕੇ ਨੇ ਮੁਰਮੁਰੇ ਲਈ ਲੇਖਕ ਤੋਂ ਟਕੇ ਦੀ ਮੰਗ ਕੀਤੀ। ਪਰ ਉਸ ਕੋਲ ਅੱਜ ਕੋਈ ਵੀ ਪੈਸਾ ਨਹੀਂ ਸੀ। ਘਰ ਦਾ ਖ਼ਰਚ ਉਧਾਰ ‘ਤੇ ਚੱਲ ਰਿਹਾ ਸੀ। ਕਾਕੇ ਨੇ ਮੁਰਮੁਰੇ ਲਈ ਮੁੜ ਟਕੇ ਦੀ ਮੰਗ ਕੀਤੀ ਤਾਂ ਲੇਖਕ ਨੇ ਉਸ ਨੂੰ ਟਾਲਨਾ ਚਾਹਿਆ। ਅਖੀਰ ਉਸ ਨੇ ਕਿਹਾ ਕਿ ਮੁਰਮੁਰਾ ਭੈੜਾ ਹੁੰਦਾ ਹੈ ਅਤੇ ਇਸ ਨਾਲ ਖੰਘ ਲੱਗ ਜਾਂਦੀ ਹੈ। ਪਰ ਕਾਕਾ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ। ਅਖੀਰ ਕਹਾਣੀਕਾਰ ਨੇ ਉਸ ਨੂੰ ਕਿਹਾ ਕਿ ਉਹ ਸ਼ਾਮ ਨੂੰ ਬਜ਼ਾਰੋਂ ਕੁਲਫ਼ੀ ਖਾਣਗੇ। ਕਿਸੇ ਹੋਰ ਛਾਬੜੀ ਵਾਲ਼ੇ ਦੇ ਆ ਜਾਣ ਦੇ ਡਰ ਤੋਂ ਕਹਾਣੀਕਾਰ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ ‘ਤੇ ਕੀਮਤੀ ਸਮਾਂ ਬਰਬਾਦ ਕਰਦਾ ਰਿਹਾ। ਨੌਕਰੀ ਦੇ ਚਲੇ ਜਾਣ ਦੇ ਡਰ ਤੋਂ ਉਹ ਆਪਣੇ ਮਾਲਕ ਨੂੰ ਵੀ ਇਹ ਨਾ ਕਹਿ ਸਕਿਆ ਕਿ ਉਸ ਦਾ ਏਨੀ ਤਨਖ਼ਾਹ ਵਿੱਚ ਗੁਜ਼ਾਰਾ ਨਹੀਂ ਹੁੰਦਾ।

ਸ਼ਾਮੀਂ ਲੇਖਕ ਦੇ ਵਾਪਸ ਆਉਣ ‘ਤੇ ਕਾਕੇ ਨੇ ਕੁਲਫ਼ੀ ਖਾਣ ਲਈ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਉੱਪਰ ਜਾ ਕੇ ਫਿਰ ਬਹਾਨਾ ਬਣਾਉਂਦਿਆਂ ਕਿਹਾ ਕਿ ਹੁਣ ਰਾਤ ਹੋ ਗਈ ਹੈ। ਇਸ ਲਈ ਉਹ ਕੱਲ੍ਹ ਕੁਲਫ਼ੀ ਖਾਣਗੇ। ਦੂਸਰੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਲਏ, ਪਰ ਘਰਵਾਲ਼ੀ ਨੇ ਘਰ ਦੀਆਂ ਲੋੜਾਂ ਲਈ ਇਹ ਤਿੰਨ ਰੁਪਏ ਲੈ ਲਏ। ਲੇਖਕ ਨੇ ਜਦ ਕਾਕੇ ਨੂੰ ਕੁਲਫ਼ੀ ਖੁਆਉਣ ਲਈ ਕਿਹਾ ਤਾਂ ਉਸ ਨੇ ਆਖਿਆ, “ਬੜਾ ਉਹਨੂੰ ਯਾਦ ਰਹਿਣੈ। ਮੈਂ ਟਕਾ ਦੇ ਛੱਡਾਂਗੀ ਮੁਰਮੁਰੇ ਲਈ।”

ਕਾਕੇ ਨੇ ਦੁਪਹਿਰ ਦੀ ਨੀਂਦ ਤੋਂ ਜਾਗਦਿਆਂ ਹੀ ਕੁਲਫ਼ੀ ਦੀ ਮੰਗ ਕੀਤੀ। ਲੇਖਕ ਨੇ ਉਸ ਨੂੰ ਸ਼ਾਮ ਨੂੰ ਕੁਲਫ਼ੀ ਖੁਆਉਣ ਦਾ ਵਾਇਦਾ ਕਰ ਕੇ ਪਿੱਛਾ ਛੁਡਾਇਆ। ਪਰ ਉਹ ਸ਼ਾਮ ਤੋਂ ਪਹਿਲਾਂ ਹੀ ਖੇਡਣ ਦੇ ਬਹਾਨੇ ਬਾਹਰ ਨਿਕਲ ਗਿਆ ਤੇ ਦੇਰ ਰਾਤ ਗੁਜ਼ਰਿਆਂ ਘਰ ਮੁੜਿਆ ਤਾਂ ਕਾਕਾ ਸੌਂ ਚੁੱਕਾ ਸੀ। ਕਹਾਣੀਕਾਰ ਉਸ ਨਾਲ ਲੰਮਾ ਪਿਆ ਬੇਚੈਨ ਰਿਹਾ। ਰਾਤ ਨੂੰ ਸੁੱਤਾ ਪਿਆ ਵੀ ਕਾਕਾ ਕੁਫ਼ੀ (ਕੁਲਫ਼ੀ), ਕੁਫ਼ੀ (ਕੁਲਫ਼ੀ) ਬੋਲਦਾ ਰਿਹਾ।

ਸਵੇਰੇ ਜਾਗਦਿਆਂ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਜਦ ਲੇਖਕ ਕੰਮ ਤੋਂ ਵਾਪਸ ਆਇਆ ਤਾਂ ਵੀ ਕਾਕੇ ਨੇ ਕੁਝ ਨਾ ਮੰਗਿਆ। ਲੇਖਕ ਰੋਟੀ ਖਾਣ ਤੋਂ ਬਾਅਦ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ। ਕੁਲਫ਼ੀ ਵਾਲ਼ੇ ਦੇ ਹੋਕੇ ਨੇ ਉਸ ਨੂੰ ਜਗਾ ਦਿੱਤਾ। ਕਾਕਾ ਬੂਹੇ ਲਾਗੇ/ਨੇੜੇ ਖੜ੍ਹਾ ਹੋ ਕੇ ਦੇਖਣ ਲੱਗ ਪਿਆ। ਜਿਉਂ ਹੀ ਕੁਲਫ਼ੀ ਵਾਲ਼ੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ‘ਤੇ ਕੁਲਫ਼ੀ ਦੀ ਪਲੇਟ ਰੱਖੀ ਤਾਂ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਪਲੇਟ, ਕੁਲਫ਼ੀ, ਫਲੂਦਾ ਤੇ ਚਮਚਾ ਸਭ ਡਿਗ ਪਏ ਅਤੇ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਜਾ ਡਿੱਗਾ। ਜਦ ਉਹ ਉੱਠਿਆ ਤਾਂ ਕਾਕੇ ਨੇ ਉਸ ਨੂੰ ਮੁੜ ਅਜਿਹੀ ਢੁੱਡ ਮਾਰੀ ਕਿ ਉਹ ਮੁੜ ਨਾਲੀ ਵਿੱਚ ਜਾ ਪਿਆ। ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਝਿੜਕਣ ਲੱਗੀ ਤਾਂ ਕਹਾਣੀਕਾਰ ਨੇ ਆਪਣੀ ਪਤਨੀ ਨੂੰ ਕਿਹਾ, “ਕੁਝ ਵੰਡ ਸ਼ੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਐ।”