ਕਾਰ ਵਿਹਾਰ ਦੇ ਪੱਤਰ
ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲੇ ਕਿਸੇ ਕਿਸਾਨ ਮੇਲੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ-ਪ੍ਰਬੰਧਕਾਂ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਖਾਨਾ ਨੂਰਪੁਰ
ਜ਼ਿਲ੍ਹਾ ਜਲੰਧਰ।
ਹਵਾਲਾ ਨੰਬਰ : 34349
ਮਿਤੀ : 19-3-20…..
ਸੇਵਾ ਵਿਖੇ,
ਮੁੱਖ ਖੇਤੀਬਾੜੀ ਅਫ਼ਸਰ,
ਖੇਤਰੀ ਖੋਜ ਕੇਂਦਰ,
ਜਲੰਧਰ।
ਵਿਸ਼ਾ : ਕਿਸਾਨ ਮੇਲੇ ਵਿੱਚ ਸਟਾਲ ਲਗਾਉਣ ਸਬੰਧੀ।
ਸ਼੍ਰੀ ਮਾਨ ਜੀ,
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਲੰਧਰ ਵਿਖੇ 20-4-20….. ਨੂੰ ਕਿਸਾਨ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੈਂ ਇਸ ਮੇਲੇ ਵਿੱਚ ਆਪਣਾ ਸਟਾਲ ਲਾਉਣਾ ਚਾਹੁੰਦੀ ਹਾਂ, ਜਿਸ ਵਿੱਚ ਨਿਮਨਲਿਖਤ ਖਾਧ-ਪਦਾਰਥ ਸ਼ਾਮਲ ਹੋਣਗੇ।
(ੳ) ਮੈਂ ਆਪਣੇ ਹੱਥੀਂ ਘਰ ਅਚਾਰ ਤਿਆਰ ਕੀਤਾ ਹੈ, ਜਿਸ ਵਿੱਚ ਅੰਬ, ਨਿੰਬੂ, ਮਿਰਚ ਅਤੇ ਮਿਕਸ ਅਚਾਰ ਸ਼ਾਮਲ ਹੈ।
(ਅ) ਮੇਰੇ ਪਤੀ ਖੇਤੀ-ਬਾੜੀ ਦੇ ਨਾਲ-ਨਾਲ ਮੱਖੀ ਪਾਲਣ ਦਾ ਕੰਮ ਵੀ ਕਰਦੇ ਹਨ, ਸੋ ਮੇਰੇ ਸਟਾਲ ‘ਤੇ ਸ਼ੁੱਧ ਸ਼ਹਿਦ ਵੀ ਉਪਲਬਧ ਹੋਵੇਗਾ।
(ੲ) ਮੈਂ ਆਪਣੇ ਘਰ ਵਿਖੇ ਗੁਣਵੱਤਾ ਭਰਪੂਰ ਵੱਖ-ਵੱਖ ਭਾਂਤ ਦਾ ਮੁਰੱਬਾ ਤਿਆਰ ਕੀਤਾ ਹੈ, ਜਿਹੜਾ ਕਿ ਸਟਾਲ ਰਾਹੀਂ ਵੀਰਾਂ-ਭੈਣਾਂ ਨੂੰ ਵੇਚਿਆ ਜਾਵੇਗਾ।
ਮੇਰੀ ਸਟਾਲ ‘ਤੇ ਉਪਲੱਬਧ ਵਸਤਾਂ ਦੀ ਸ਼ੁੱਧਤਾ, ਪਿਆਰ, ਭਾਰ ਤੇ ਕੀਮਤ ਸਬੰਧੀ ਮੇਰੀ ਪੂਰਨ ਜ਼ਿੰਮੇਵਾਰੀ ਹੋਵੇਗੀ। ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਕਿਸਾਨ ਮੇਲੇ ‘ਚ ਸਟਾਲ ਦਾ ਕੀ ਆਕਾਰ ਹੋਵੇਗਾ? ਨਾਲ-ਨਾਲ ਇਹ ਵੀ ਦੱਸਿਆ ਜਾਵੇ ਕਿ ਇਸ ਵਾਰ ਸਟਾਲ ਸਾਉਣ ਲਈ ਕਿੰਨੀ ਫੀਸ ਨਿਰਧਾਰਿਤ ਕੀਤੀ ਗਈ ਹੈ। ਸਟਾਲ ਦੀ ਸਥਿਤੀ ਕੀ ਹੋਵੇਗੀ? ਦੂਸਰੇ ਸ਼ਬਦਾਂ ਵਿੱਚ ਸਟਾਲ ਕਿਹੜੇ ਪਾਸੇ ਅਲਾਟ ਕੀਤਾ ਜਾਵੇਗਾ? ਕੀ ਸਟਾਲ ਦੇ ਪ੍ਰਚਾਰ ਹਿੱਤ ਬੈਨਰ/ਬੋਰਡ ਵੀ ਲਾਏ ਜਾ ਸਕਦੇ ਹਨ? ਕਿਰਪਾ ਕਰਕੇ ਉਕਤ ਜਾਣਕਾਰੀ ਦਿੰਦੇ ਹੋਏ ਮੈਨੂੰ ਸਟਾਲ ਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ। ਮੈਂ ਆਪ ਜੀ ਦੇ ਦਫ਼ਤਰ ਦੇ ਨੇਮਾਂ ਦੀ ਪਾਬੰਦ ਹੋਵਾਂਗੀ ਅਤੇ ਨਾਲ ਹੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਵੀ ਰੱਖਿਆ ਜਾਵੇਗਾ।
ਧੰਨਵਾਦ ਸਹਿਤ।
ਆਪ ਜੀ ਦੀ ਵਿਸ਼ਵਾਸ ਪਾਤਰ,
ਸੁਨੀਤਾ ਕੁਮਾਰੀ।