ਕਹਾਣੀ ਰਚਨਾ : ਸਿਆਣਾ ਕਿਸਾਨ ਅਤੇ ਮੂਰਖ ਪੁੱਤਰ
ਸਿਆਣਾ ਕਿਸਾਨ ਅਤੇ ਮੂਰਖ ਪੁੱਤਰ
ਇੱਕ ਕਿਸਾਨ ਬਹੁਤ ਮਿਹਨਤੀ ਸੀ। ਉਸਦੇ ਚਾਰ ਪੁੱਤਰ ਸਨ। ਹੌਲੀ-ਹੌਲੀ ਕਿਸਾਨ ਦੇ ਚਾਰੇ ਪੁੱਤਰ ਜਵਾਨ ਹੋ ਗਏ, ਪਰ ਉਹ ਚਾਰੋਂ ਹੀ ਨਿਕੰਮੇ ਅਤੇ ਆਲਸੀ ਨਿਕਲੇ। ਵਿਚਾਰਾ ਕਿਸਾਨ ਇਕੱਲਾ ਹੀ ਖੇਤਾਂ ਵਿੱਚ ਹਲ ਵਾਹੁੰਦਾ ਅਤੇ ਅੰਨ ਪੈਦਾ ਕਰਦਾ, ਪਰ ਉਸਦੇ ਆਲਸੀ ਪੁੱਤਰਾਂ ਨੂੰ ਉਸ ਉੱਤੇ ਰਤਾ ਵੀ ਦਇਆ ਨਾ ਆਉਂਦੀ। ਉਹ ਵਿਹਲੇ ਬੈਠ ਕੇ ਰੋਟੀਆਂ ਤੋੜਦੇ ਰਹਿੰਦੇ। ਕਿਸਾਨ ਨੇ ਆਪਣੇ ਪੁੱਤਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਿਸੇ ਉੱਤੇ ਕੋਈ ਅਸਰ ਨਾ ਹੋਇਆ।
ਜਦੋਂ ਕਿਸਾਨ ਬੁੱਢਾ ਹੋ ਗਿਆ ਤਾਂ ਉਸਨੂੰ ਆਪਣੇ ਪੁੱਤਰਾਂ ਦਾ ਫ਼ਿਕਰ ਹੋਰ ਸਤਾਉਣ ਲੱਗ ਪਿਆ। ਉਹ ਸੋਚਣ ਲੱਗਾ ਕਿ ਜੇ ਉਹ ਮਿਹਨਤੀ ਨਾ ਬਣੇ ਤਾਂ ਆਪਣਾ ਜੀਵਨ ਕਿਵੇਂ ਬਿਤਾਉਣਗੇ ਅਤੇ ਪੇਟ ਕਿਵੇਂ ਪਾਲਣਗੇ। ਬਹੁਤਾ ਸੋਚਣ ਸਦਕਾ ਉਹ ਬਿਮਾਰ ਰਹਿਣ ਲੱਗ ਪਿਆ ਤੇ ਜਦੋਂ ਉਸ ਨੂੰ ਆਪਣਾ ਅੰਤਮ ਸਮਾਂ ਨੇੜੇ ਆਉਂਦਾ ਪ੍ਰਤੀਤ ਹੋਇਆ ਤਾਂ ਉਸਨੇ ਆਪਣੇ ਚਾਰੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਪੁੱਤਰੋ, ਮੈਂ ਖੇਤਾਂ ਵਿੱਚ ਤੁਹਾਡੇ ਲਈ ਖ਼ਜ਼ਾਨਾ ਦੱਬਿਆ ਹੋਇਆ ਹੈ। ਮੇਰੇ ਮਰਨ ਤੋਂ ਬਾਅਦ ਤੁਸੀਂ ਖੇਤਾਂ ਵਿੱਚੋਂ ਉਸ ਨੂੰ ਕੱਢ ਲੈਣਾ।”
ਕੁਝ ਦਿਨਾਂ ਬਾਅਦ ਕਿਸਾਨ ਪਰਲੋਕ ਸਿਧਾਰ ਗਿਆ। ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਚਾਰੇ ਪੁੱਤਰ ਖੇਤਾਂ ਵਿੱਚੋਂ ਦੱਬਿਆ ਖ਼ਜ਼ਾਨਾ ਲੱਭਣ ਲਈ ਉੱਥੇ ਪੁੱਜ ਗਏ। ਉਨ੍ਹਾਂ ਨੇ ਹਲ ਅਤੇ ਕਹੀਆਂ ਦੀ ਸਹਾਇਤਾ ਨਾਲ ਸਾਰੇ ਖੇਤ ਪੁੱਟ ਸੁੱਟੇ, ਪਰ ਉਨ੍ਹਾਂ ਨੂੰ ਕਿਤੋਂ ਵੀ ਖ਼ਜ਼ਾਨਾ ਨਾ ਲੱਭਿਆ। ਜਦੋਂ ਉਹ ਥੱਕ ਹਾਰ ਗਏ ਤਾਂ ਕਿਸੇ ਸਿਆਣੇ ਬਜ਼ੁਰਗ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਖੇਤਾਂ ਵਿੱਚ ਬੀਜ ਪਾ ਦੇਣ ਤੋਂ ਫ਼ਸਲ ਪੱਕਣ ਤੱਕ ਉਡੀਕ ਕਰਨ।
ਕਿਸਾਨ ਦੇ ਪੁੱਤਰਾਂ ਨੇ ਉਸਦੀ ਸਲਾਹ ਮੰਨ ਕੇ ਖੇਤਾਂ ਵਿੱਚ ਕਣਕ ਬੀਜ ਦਿੱਤੀ। ਰੱਬ ਦੀ ਮਿਹਰ ਨਾਲ ਉਸ ਸਾਲ ਬਹੁਤ ਅਨਾਜ ਪੈਦਾ ਹੋਇਆ। ਉਹ ਚਾਰੋਂ ਬਹੁਤ ਖ਼ੁਸ਼ ਹੋਏ ਅਤੇ ਅਨਾਜ ਨੂੰ ਮੰਡੀ ਵਿੱਚ ਵੇਚ ਕੇ ਬਹੁਤ ਸਾਰੇ ਪੈਸੇ ਪ੍ਰਾਪਤ ਕੀਤੇ। ਹੁਣ, ਉਨ੍ਹਾਂ ਨੂੰ ਅਸਲੀ ਖ਼ਜ਼ਾਨੇ ਦੀ ਸਮਝ ਆ ਚੁੱਕੀ ਸੀ। ਫਿਰ ਉਨ੍ਹਾਂ ਨੇ ਹਰ ਸਾਲ ਖੇਤਾਂ ਵਿੱਚ ਸਖ਼ਤ ਮਿਹਨਤ ਜਾਰੀ ਰੱਖੀ ਤੇ ਬੜੇ ਅਮੀਰ ਹੋ ਗਏ।
ਸਿੱਖਿਆ : ਮਿਹਨਤ ਹੀ ਅਸਲੀ ਖ਼ਜ਼ਾਨਾ ਹੈ।