ਕਹਾਣੀ ਰਚਨਾ : ਲਾਲਚੀ ਕਿਸਾਨ


ਲਾਲਚੀ ਕਿਸਾਨ


ਇੱਕ ਵਾਰੀ ਦੀ ਗੱਲ ਹੈ ਕਿ ਇੱਕ ਕਿਸਾਨ ਕਿਤੋਂ ਇੱਕ ਮੁਰਗੀ ਖ਼ਰੀਦ ਕੇ ਲਿਆਇਆ। ਉਹ ਮੁਰਗੀ ਸੋਨੇ ਦਾ ਆਂਡਾ ਦਿੰਦੀ ਸੀ। ਕਿਸਾਨ ਸੋਨੇ ਦੇ ਆਂਡੇ ਨੂੰ ਵੇਖ ਕੇ ਬੜਾ ਖ਼ੁਸ਼ ਹੋਇਆ। ਉਸ ਦੇ ਦਿਨ ਫਿਰਨ ਲੱਗੇ।

ਇੱਕ ਦਿਨ ਕਿਸਾਨ ਦੇ ਦਿਲ ਵਿੱਚ ਲਾਲਚ ਆ ਗਿਆ।ਉਸਨੇ ਸੋਚਿਆ ਕਿ ਮੁਰਗੀ ਦੇ ਢਿੱਡ ਵਿੱਚ ਬਹੁਤ ਸਾਰੇ ਸੋਨੇ ਦੇ ਆਂਡੇ ਹੋਣਗੇ। ਉਹ ਉਨ੍ਹਾਂ ਆਂਡਿਆਂ ਨੂੰ ਇੱਕੋ ਵਾਰੀ ਪ੍ਰਾਪਤ ਕਰਨਾ ਚਾਹੁੰਦਾ ਸੀ। ਉਸਨੇ ਸੋਚਿਆ ਕਿ ਜੇ ਉਸ ਕੋਲ ਸਾਰੇ ਆਂਡੇ ਇਕੱਠੇ ਆ ਜਾਣਗੇ ਤਾਂ ਉਹ ਜਲਦੀ ਹੀ ਅਮੀਰ ਹੋ ਜਾਵੇਗਾ। ਅਜਿਹਾ ਸੋਚਦੇ ਹੋਏ ਉਸਨੇ ਇੱਕ ਛੁਰਾ ਲਿਆ ਅਤੇ ਮੁਰਗੀ ਦਾ ਢਿੱਡ ਪਾੜ ਦਿੱਤਾ। ਪਰ ਅਫ਼ਸੋਸ ! ਲਹੂ ਅਤੇ ਮਾਸ ਤੋਂ ਬਿਨਾਂ ਉਸਨੂੰ ਕੁਝ ਵੀ ਹਾਸਲ ਨਾ ਹੋਇਆ। ਉਸਦੇ ਲਾਲਚੀ ਸੁਭਾਅ ਦੇ ਕਾਰਨ ਉਹ ਰੋਜ਼ ਦੇ ਇੱਕ ਸੋਨੇ ਦੇ ਆਂਡੇ ਤੋਂ ਵੀ ਹੱਥ ਧੋ ਬੈਠਾ ਸੀ। ਉਸਨੂੰ ਆਪਣੀ ਕਰਨੀ ਤੇ ਬੜਾ ਦੁੱਖ ਹੋਇਆ, ਪਰ ਹੁਣ ਕੁਝ ਨਹੀਂ ਸੀ ਹੋ ਸਕਦਾ।

ਸਿੱਖਿਆ : ਲਾਲਚ ਬੁਰੀ ਬਲਾ ਹੈ।