ਕਹਾਣੀ ਰਚਨਾ : ਬੁੱਢੀ ਅਤੇ ਪਾਰਸ ਰਾਜਾ
ਬੁੱਢੀ ਅਤੇ ਪਾਰਸ ਰਾਜਾ
ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਸਵਾਰੀ ਲਾਹੌਰ ਦੇ ਬਜ਼ਾਰ ਵਿੱਚੋਂ ਦੀ ਲੰਘ ਰਹੀ ਸੀ। ਸਭ ਪਾਸਿਓਂ ਮਹਾਰਾਜੇ ਦੇ ਨਾਂ ਦੀ ਜੈ-ਜੈ ਕਾਰ ਹੋ ਰਹੀ ਸੀ। ਅਚਾਨਕ ਇੱਕ ਬੁੱਢੀ ਦੌੜੀ-ਦੌੜੀ ਆਈ ਤੇ ਮਹਾਰਾਜੇ ਦੇ ਕੋਲ ਜਾ ਕੇ ਖੜ੍ਹੋ ਗਈ। ਉਹ ਬੁੱਢੀ ਆਪਣੇ ਥੈਲੇ ਵਿੱਚੋਂ ਲੋਹੇ ਦਾ ਤਵਾ ਕੱਢ ਕੇ ਮਹਾਰਾਜੇ ਦੇ ਪੈਰਾਂ ਨਾਲ ਘਸਾਉਣ ਲੱਗ ਪਈ।
ਸਿਪਾਹੀ ਅੱਗੇ ਵਧੇ ਅਤੇ ਬੁੱਢੀ ਨੂੰ ਬਾਹੋਂ ਫੜ ਕੇ ਦਬਕਦੇ ਹੋਏ ਆਖਣ ਲੱਗੇ, “ਮਾਤਾ ਇਹ ਕੀ ਕਰ ਰਹੀਂ ਏਂ ? ਵੇਖ ਮਹਾਰਾਜਾ ਦੇ ਪੈਰ ਅਤੇ ਕੱਪੜੇ ਖ਼ਰਾਬ ਹੋ ਗਏ ਹਨ।”
ਮਹਾਰਾਜਾ ਨੇ ਸਿਪਾਹੀਆਂ ਨੂੰ ਪਰਾਂ ਕਰਦਿਆਂ ਆਖਿਆ, “ਮਾਤਾ, ਤੂੰ ਕੀ ਚਾਹੁੰਦੀ ਏਂ ? ਤੂੰ ਆਪਣਾ ਤਵਾ ਮੇਰੇ ਪੈਰਾਂ ਨਾਲ ਕਿਉਂ ਰਗੜ ਰਹੀ ਏਂ ?”
ਬੁੱਢੀ ਬੋਲੀ, “ਮਹਾਰਾਜ ਲੋਕ ਤੁਹਾਨੂੰ ਪਾਰਸ ਆਖਦੇ ਨੇ। ਮੈਂ ਆਪਣਾ ਤਵਾ ਤੁਹਾਡੇ ਨਾਲ ਰਗੜ ਕੇ ਇਸਨੂੰ ਸੋਨੇ ਦਾ ਬਣਾਉਣਾ ਚਾਹੁੰਦੀ ਹਾਂ।”
ਮਹਾਰਾਜਾ ਉਸ ਬੁੱਢੀ ਦੀ ਸਾਰੀ ਗੱਲ ਸਮਝ ਗਏ। ਉਨ੍ਹਾਂ ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਹ ਤਵਾ ਲੈ ਜਾਓ ਤੇ ਇਸ ਦੇ ਭਾਰ ਦੇ ਬਰਾਬਰ ਜਿੰਨਾ ਸੋਨਾ ਬਣਦਾ ਹੈ, ਲਿਆ ਕੇ ਇਸਨੂੰ ਦੇ ਦਿਓ।ਲੋਕਾਂ ਨੇ ਜਦੋਂ ਮਹਾਰਾਜੇ ਦੀ ਦਰਿਆਦਿਲੀ ਵੇਖੀ ਤਾਂ ਹੈਰਾਨ ਰਹਿ ਗਏ। ਬੁੱਢੀ ਤਵੇ ਦੇ ਬਦਲੇ ਸੋਨਾ ਲੈ ਕੇ ਮਹਾਰਾਜੇ ਦੇ ਨਾਂ ਦੇ ਜੈਕਾਰੇ ਬੋਲਦੀ ਹੋਈ ਚਲੀ ਗਈ।
ਸਿੱਖਿਆ : ਹਮੇਸ਼ਾ ਨੇਕ ਇਨਸਾਨ ਬਣੋ।