ਕਹਾਣੀ : ਪਛਾਣ
ਪਛਾਣ
ਇੱਕ ਦਿਨ ਜੰਗਲ ਦੀਆਂ ਭੇਡਾਂ ਨੇ ਇਕੱਠੀਆਂ ਹੋ ਕੇ ਜੰਗਲ ਦੇ ਰਾਜੇ ਸ਼ੇਰ ਅੱਗੇ ਫ਼ਰਿਆਦ ਕਰਦਿਆਂ ਕਿਹਾ, “ਹਜ਼ੂਰ ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡਾ ਕੋਈ ਹੱਲ ਕਰੋ। ਅੱਜਕੱਲ੍ਹ ਆਦਮੀ ਇੱਕ ਦੂਜੇ ਨੂੰ ਭੇਡ ਕਹਿਣ ਲੱਗ ਪਏ ਹਨ। ਹੁਣ ਅਸੀਂ ਕਿੱਧਰ ਜਾਈਏ? ਇਸ ਤਰ੍ਹਾਂ ਤਾਂ ਸਾਡੀ ਪਛਾਣ ਹੀ ਮਿਟ ਜਾਵੇਗੀ। ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਰਨਾ ਕਿ ਅਸਲ ਭੇਡ ਕੌਣ ਹੈ।”
ਸ਼ੇਰ ਨੇ ਆਪਣੀਆਂ ਮੁੱਛਾਂ ਠੀਕ ਕਰਦਿਆਂ ਕਿਹਾ, “ਤੁਸੀਂ ਚਿੰਤਾ ਨਾ ਕਰੋ ਤੁਹਾਡੀ ਪਛਾਣ ਕਿਧਰੇ ਨਹੀਂ ਮਿਟਦੀ। ਇਹ ਆਦਮੀ ਆਪਸ ਵਿੱਚ ਲੜਨ ਜੋਗੇ ਹੀ ਹਨ। ਬਹੁਤ ਸਾਲ ਪਹਿਲਾਂ ਇੱਕ ਵਾਰ ਕੁੱਤੇ ਵੀ ਇਸ ਤਰ੍ਹਾਂ ਹੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਏ ਸਨ ਕਿ ਆਦਮੀ ਇੱਕ ਦੂਜੇ ਨੂੰ ਕੁੱਤਾ ਕਹਿਣ ਲੱਗ ਪਏ ਹਨ ਜਿਸ ਕਰਕੇ ਸਾਡੀ ਪਛਾਣ ਖ਼ਤਰੇ ਵਿੱਚ ਹੈ, ਪਰ ਅੱਜ ਤੁਸੀਂ ਵੇਖੋ ਕੁੱਤੇ ਨੂੰ ਵਫ਼ਾਦਾਰ ਜਾਨਵਰ ਵਜੋਂ ਸਾਰੀ ਦੁਨੀਆਂ ਜਾਣਦੀ ਹੈ, ਪਰ ਆਦਮੀ ਧਰਤੀ ਦੇ ਹਰ ਕੋਨੇ ਵਿੱਚ ਆਪਣੀ ਪਛਾਣ ਲਈ ਲੜ ਰਿਹਾ ਹੈ। ਇਹ ਆਦਮੀ ਤੁਹਾਡੀ ਪਛਾਣ ਕਿਵੇਂ ਮਿਟਾ ਸਕਦਾ ਹੈ! ਉਸ ਨੂੰ ਤਾਂ ਅਜੇ ਤੱਕ ਆਪਣੀ ਪਛਾਣ ਨਹੀਂ ਹੋਈ। ਤੁਸੀਂ ਬੇਫ਼ਿਕਰ ਹੋ ਕੇ ਆਪੋ ਆਪਣੇ ਘਰ ਜਾਓ।”
ਜੰਗਲ ਦੇ ਰਾਜੇ ਵੱਲੋਂ ਤਸੱਲੀ ਮਿਲਣ ਮਗਰੋਂ ਭੇਡਾਂ ਖ਼ੁਸ਼ੀ ਖੁਸ਼ੀ ਆਪਣੇ ਘਰ ਪਰਤ ਗਈਆਂ।