ਕਹਾਣੀ : ਏਕਤਾ ਵਿਚ ਬਲ (ਬਰਕਤ) ਹੈ
ਕਿਸਾਨ ਅਤੇ ਉਸ ਦੇ ਪੁੱਤਰ
ਇਕ ਸਮੇਂ ਗੱਲ ਹੈ ਕਿ ਇਕ ਪਿੰਡ ਵਿਚ ਇਕ ਬੁੱਢਾ ਕਿਸਾਨ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ। ਕਿਸਾਨ ਨੇ ਉਨ੍ਹਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ।
ਇਕ ਵਾਰ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ। ਉਸ ਨੂੰ ਆਪਣੇ ਪੁੱਤਰਾਂ ਵਿਚ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ। ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ। ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਗੱਠਾ ਮੰਗਾਇਆ। ਉਸ ਨੇ ਗੱਠੇ ਵਿਚੋਂ ਇਕ-ਇਕ ਲੱਕੜੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੋੜਨ ਲਈ ਕਿਹਾ।
ਚੌਹਾਂ ਪੁੱਤਰਾਂ ਨੇ ਇਕ-ਇਕ ਸੋਟੀ ਨੂੰ ਬੜੀ ਸੌਖ ਨਾਲ ਤੋੜ ਦਿੱਤਾ। ਫਿਰ ਕਿਸਾਨ ਨੇ ਸਾਰਾ ਗੱਠਾ ਘੁੱਟ ਕੇ ਬੰਨ੍ਹਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਉਹ ਇਕੱਲਾ-ਇਕੱਲਾ ਇਸ ਸਾਰੇ ਗੱਠੇ ਨੂੰ ਤੋੜੇ। ਕੋਈ ਪੁੱਤਰ ਵੀ ਉਸ ਬੰਨ੍ਹੇ ਹੋਏ ਗੱਠੇ ਨੂੰ ਨਾ ਤੋੜ ਸਕਿਆ।
ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ-ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ। ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ। ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਮਿਲ ਕੇ ਰਹਿਣ ਦਾ ਬਚਨ ਦਿੱਤਾ।
ਸਿੱਖਿਆ : ਏਕਤਾ ਵਿਚ ਬਲ ਹੈ ।