ਕਵਿਤਾ : ਤਾਜ ਮਹਲ


20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਤਾਜ ਮਹਲ’ ਨਾਂ ਦੀ ਕਵਿਤਾ ਦੇ ਲੇਖਕ ਪ੍ਰੋ. ਮੋਹਨ ਸਿੰਘ ਦੀ ਕਾਵਿ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਪ੍ਰੋ. ਮੋਹਨ ਸਿੰਘ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਕਵਿਤਾ ਵਿੱਚ ਰੁਮਾਂਸਵਾਦੀ ਅਤੇ ਪ੍ਰਗਤੀਵਾਦੀ ਰੰਗ ਝਲਕਦਾ ਹੈ। ਉਸ ਨੇ ਮੁੱਖ ਰੂਪ ਵਿੱਚ ਗੀਤ, ਗ਼ਜ਼ਲਾਂ ਅਤੇ ਛੋਟੀਆਂ/ਨਿੱਕੀਆਂ ਤੇ ਬਿਆਨੀਆ ਕਵਿਤਾਵਾਂ ਲਿਖੀਆਂ। ਉਸ ਦੀ ਕਵਿਤਾ ਵਿਸ਼ੇ ਅਤੇ ਰੂਪ ਦੋਹਾਂ ਹੀ ਪੱਖਾਂ ਤੋਂ ਸਫਲ/ਮਹੱਤਵਪੂਰਨ ਹੈ।

ਪ੍ਰਸ਼ਨ 2. ‘ਤਾਜ ਮਹਲ’ ਕਵਿਤਾ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਤਾਜ ਮਹਲ’ ਕਵਿਤਾ ਵਿੱਚ ਤਾਜ ਮਹਲ ਦੀ ਸੁੰਦਰਤਾ ਅਤੇ ਇਸ ਮਹਲ ਨੂੰ ਬਣਾਉਣ/ਉਸਾਰਨ ਵਾਲੇ ਮਜ਼ਦੂਰ/ਮਜ਼ਦੂਰਨੀਆਂ ਦੇ ਦੁੱਖ-ਦਰਦ ਅਥਵਾ ਸ਼ੋਸ਼ਣ ਨੂੰ ਵਿਸ਼ਾ ਬਣਾਇਆ ਗਿਆ ਹੈ। ਕਵੀ ਅਨੁਸਾਰ ਲੱਖਾਂ ਗ਼ਰੀਬਾਂ-ਮਜ਼ਦੂਰਾਂ ਦੇ ਹੰਝੂਆਂ ‘ਤੇ ਪਲਨ ਵਾਲਾ ਹੁਸਨ ਇੱਕ ਛਲ ਅਤੇ ਧੋਖਾ ਹੈ।

ਪ੍ਰਸ਼ਨ 3. ‘ਤਾਜ ਮਹਲ’ ਨਾਂ ਦੀ ਕਵਿਤਾ ਵਿੱਚ ਚੰਨ ਦੀਆਂ ਕੋਮਲ ਤੇ ਪਤਲੀਆਂ ਰਿਸ਼ਮਾਂ ਕਿਸ ਦੇ ਗਲ ਬਾਹਾਂ ਪਾ ਕੇ ਬੇਪਰਵਾਹ ਹੋਈਆਂ ਸੁੱਤੀਆਂ ਸਨ?

ਉੱਤਰ : ‘ਤਾਜ ਮਹਲ’ ਨਾਂ ਦੀ ਕਵਿਤਾ ਵਿੱਚ ਕਵੀ ਇਸ ਮਹਲ ਦਾ ਚੰਨ-ਚਾਨਣੀ ਰਾਤ ਦਾ ਦ੍ਰਿਸ਼ ਚਿਤਰਦਾ ਕਹਿੰਦਾ ਹੈ ਕਿ ਦੁੱਧ ਚਿੱਟੀਆਂ ਰੇਸ਼ੇਦਾਰ ਸੰਗਮਰਮਰਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਕੋਮਲ ਪਤਲੀਆਂ ਰਿਸ਼ਮਾਂ ਬੇਪਰਵਾਹੀ ਨਾਲ ਸੁੱਤੀਆਂ ਪਈਆਂ ਸਨ।

ਪ੍ਰਸ਼ਨ 4. ਜਮਨਾ ਦੇ ਸੁੱਤੇ ਪਾਣੀਆਂ ਵਿੱਚ ਸੁੱਤੇ ਤਾਜ ਮਹਲ ਦੇ ਪਰਛਾਵੇਂ ਦੇ ਪ੍ਰਸੰਗ ਵਿੱਚ ਕਵੀ ਕੀ ਕਹਿੰਦਾ ਹੈ?

ਉੱਤਰ : ਚੰਨ ਚਾਨਣੀ ਰਾਤ ਵਿੱਚ ਤਾਜ ਮਹਲ ਦਾ ਆਕਰਸ਼ਕ ਦ੍ਰਿਸ਼ ਚਿਤਰਦਾ ਕਵੀ ਕਹਿੰਦਾ ਹੈ ਕਿ ਜਮਨਾ ਦੇ ਸੁੱਤੇ ਹੋਏ ਪਾਣੀਆਂ ਵਿੱਚ ਤਾਜ ਮਹਲ ਦਾ ਪਰਛਾਵਾਂ ਸੁੱਤਾ ਪਿਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਮਨਾ ਨੇ ਤਾਜ ਮਹਲ ਨੂੰ ਚੁਰਾਉਣ ਲਈ ਇਸ ਨੂੰ ਆਪਣੀ ਬੁੱਕਲ ਵਿੱਚ ਲੁਕਾਇਆ ਹੋਵੇ।

ਪ੍ਰਸ਼ਨ 5. ਸੁਹਜ-ਸੁਆਦ ਦੀਆਂ ਪਿਆਸੀਆਂ ਕਵੀ ਦੀਆਂ ਨਜ਼ਰਾਂ ਕਿੱਥੇ ਫਿਰ ਰਹੀਆਂ ਸਨ?

ਉੱਤਰ : ਤਾਜ ਮਹਲ ਦਾ ਖ਼ੂਬਸੂਰਤ ਦ੍ਰਿਸ਼ ਚਿਤਰਦਾ ਕਵੀ ਕਹਿੰਦਾ ਹੈ ਕਿ ਸੁਹਜ-ਸੁਆਦ ਦੀਆਂ ਪਿਆਸੀਆਂ ਉਸ ਦੀਆਂ ਨਜ਼ਰਾਂ ਤਾਜ ਮਹਲ ਦੇ ਗੁੰਬਦ ਦੇ ਉਭਾਰਾਂ ‘ਤੇ ਮਸਤ ਪਰ ਸੁਸਤ ਹੋਈਆਂ ਫਿਰ ਰਹੀਆਂ ਸਨ ਜਿਵੇਂ ਇਹ ਆਪਣੇ ਸੁਹਜ-ਸੁਆਦ ਦੀ ਤ੍ਰਿਪਤੀ ਕਰ ਰਹੀਆਂ ਹੋਣ।

ਪ੍ਰਸ਼ਨ 6 ਮੁਗ਼ਲਾਂ ਦੀ ਸ਼ਿਲਪ-ਕਲਾ ਦਾ ਹੁਨਰ ਤੱਕ ਕੇ ਕਵੀ ‘ਤੇ ਕੀ ਅਸਰ ਹੁੰਦਾ ਹੈ?

ਉੱਤਰ : ਤਾਜ ਮਹਲ ਦੀ ਖੂਬਸੂਰਤੀ ਦੇ ਪ੍ਰਸੰਗ ਵਿੱਚ ਕਵੀ ਕਹਿੰਦਾ ਹੈ ਕਿ ਮੁਗਲਾਂ ਦੀ ਸ਼ਿਲਪ-ਕਲਾ ਦੇ ਹੁਨਰ ਨੂੰ ਤੱਕ-ਤੱਕ ਕੇ ਉਸ ਦੀ ਹੈਰਾਨੀ ਵਧਦੀ ਜਾਂਦੀ ਸੀ। ਉਸ ਦਾ ਲੂੰ-ਲੂੰ ਸ਼ਾਹ ਜਹਾਨ ਦੇ ਸੁਹਜ-ਸੁਆਦ ਦੀ ਸਰਾਹਨਾ ਕਰ ਰਿਹਾ ਸੀ।

ਪ੍ਰਸ਼ਨ 7. ਤਾਜ ਮਹਲ ਦੇ ਆਂਡੇ ਵਰਗੇ ਗੁੰਬਦ ਦੇ ਟੁੱਟਣ (ਟੋਟੇ-ਟੋਟੇ ਹੋਣ) ਵਾਲੀ ਘਟਨਾ ਦਾ ਬਿਆਨ ਕਰੋ।

ਉੱਤਰ : ਕਵੀ ਨੇ ਆਪਣੀ ਕਲਪਨਾ ਵਿੱਚ ਤਾਜ ਮਹਲ ਦਾ ਆਂਡੇ ਵਰਗਾ ਗੁੰਬਦ ਟੋਟੇ-ਟੋਟੇ ਹੋਇਆ ਮਹਿਸੂਸ ਕੀਤਾ। ਇਸ ਵਿੱਚੋਂ ਨਿਕਲੀਆਂ ਕੂਕਾਂ ਅਤੇ ਫਰਿਆਦਾਂ ਦੀ ਅਵਾਜ਼ ਏਨੀ ਉੱਚੀ ਸੀ ਕਿ ਇਹਨਾਂ ਨੇ ਅਸਮਾਨ ਨੂੰ ਜਾ ਛੋਹਿਆ।

ਪ੍ਰਸ਼ਨ 8. ਹੇਠ ਦਿੱਤੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :

ਹੜ੍ਹ ਮਜ਼ਦੂਰਨੀਆਂ ਦਾ ਵਗਿਆ,

ਨਾਲ ਮਜੂਰ ਹਜ਼ਾਰਾਂ।

ਚੁੱਕੀ ਕਹੀਆਂ, ਦੁਰਮਟ, ਤੇਸੇ,

ਬੱਝੇ ਵਿੱਚ ਵਗਾਰਾਂ।

ਉੱਤਰ : ਤਾਜ ਮਹਲ ਦੇ ਆਂਡੇ ਵਰਗੇ ਗੁੰਬਦ ਦੇ ਟੋਟੇ-ਟੋਟੇ ਹੋਣ ‘ਤੇ ਦੇਖਦਿਆਂ ਹੀ ਦੇਖਦਿਆਂ ਕਵੀ ਦੀ ਕਲਪਨਾ ਵਿੱਚ ਜਿਵੇਂ ਮਜ਼ਦੂਰਨੀਆਂ ਦਾ ਹੜ੍ਹ ਵਗ ਪਿਆ ਹੋਵੇ। ਇਹਨਾਂ ਮਜ਼ਦੂਰਨੀਆਂ ਦੇ ਨਾਲ ਹਜ਼ਾਰਾਂ ਮਜ਼ਦੂਰ ਸਨ। ਉਹਨਾਂ ਨੇ ਕਹੀਆਂ, ਦੁਰਮਟ ਤੇ ਤੇਸੇ ਚੁੱਕੇ ਹੋਏ ਸਨ ਅਤੇ ਉਹ ਵਗਾਰ ਵਿੱਚ ਬੱਝੇ ਹੋਏ ਸਨ।

ਪ੍ਰਸ਼ਨ 9. ਦੁੱਧ ਚੁੰਘਦੇ ਬੱਚਿਆਂ ਨੂੰ ਚੁੱਕੀ ਕੰਮ ਵਿੱਚ ਰੁੱਝੀਆਂ ਮਾਂਵਾਂ ਦਾ ਦ੍ਰਿਸ਼ ਕਵੀ ਕਿਵੇਂ ਚਿਤਰਦਾ ਹੈ?

ਉੱਤਰ: ਮਜ਼ਦੂਰਨੀਆਂ ਦੇ ਦੁੱਧ ਚੁੰਘਦੇ ਬੱਚੇ ਉਹਨਾਂ ਦੀਆਂ ਛਾਤੀਆਂ ਨਾਲ ਲਮਕਦੇ ਸਨ। ਪਰ ਇਹ ਮਾਵਾਂ ਇਸ ਹਾਲਤ ਵਿੱਚ ਵੀ ਆਪਣੇ ਅਤੇ ਕੰਮ ਵਿੱਚ ਰੁੱਝੀਆਂ ਹੋਈਆਂ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਰਹੇ ਸਨ ਅਤੇ ਹਿੱਕਾਂ ਵਿੱਚ ਆਹਾਂ ਸਨ।

ਪ੍ਰਸ਼ਨ 10. ਹੇਠ ਦਿੱਤੀ ਕਾਵਿ-ਤੁਕ ਦੀ ਵਿਆਖਿਆ ਕਰੋ :

ਛਾਲੇ-ਛਾਲੇ ਹੱਥ ਉਹਨਾਂ ਦੇ,

ਪੈਰ ਬਿਆਈਆਂ-ਪਾਟੇ।

ਉੱਤਰ : ਇਸ ਤੁਕ ਵਿੱਚ ਕਵੀ ਉਹਨਾਂ ਮਜ਼ਦੂਰਨੀਆਂ ਦੀ ਗੱਲ ਕਰਦਾ ਹੈ ਜਿਨ੍ਹਾਂ ਨੇ ਤਾਜ ਮਹਲ ਦੀ ਉਸਾਰੀ ਲਈ ਮਿਹਨਤ ਕੀਤੀ। ਇਸ ਮਿਹਨਤ ਕਾਰਨ ਉਹਨਾਂ ਦੇ ਹੱਥਾਂ ‘ਤੇ ਛਾਲੇ ਹੀ ਛਾਲੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਸਨ ਭਾਵ ਅੱਡੀਆਂ ਛੁਟੀਆਂ ਹੋਈਆਂ ਸਨ।

ਪ੍ਰਸ਼ਨ 11. ਹੇਠ ਦਿੱਤੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :

ਕੀ ਉਹ ਹੁਸਨ-ਹੁਸਨ ਹੈ ਸੱਚ-ਮੁੱਚ,

ਜਾਂ ਉਂਜੇ ਹੀ ਛਲਦਾ।

ਲੱਖ ਗ਼ਰੀਬਾਂ ਮਜ਼ਦੂਰਾਂ ਦੇ,

ਹੰਝੂਆਂ ‘ਤੇ ਜੋ ਪਲਦਾ?

ਉੱਤਰ : ਇਹਨਾਂ ਸਤਰਾਂ ਵਿੱਚ ਕਵੀ ਇੱਕ ਪ੍ਰਸ਼ਨ ਕਰਦਾ ਹੈ ਕਿ ਕੀ ਉਸ ਹੁਸਨ ਨੂੰ ਸੱਚ-ਮੁੱਚ ਹੀ ਹੁਸਨ ਕਿਹਾ ਜਾ ਸਕਦਾ ਹੈ ਜਾਂ ਇਹ ਹੁਸਨ ਇੱਕ ਛਲ ਜਾਂ ਧੋਖਾ ਹੈ ਜਿਹੜਾ ਕਿ ਲੱਖਾਂ ਗਰੀਬਾਂ ਅਤੇ ਮਜ਼ਦੂਰਾਂ ਦੇ ਹੰਝੂਆਂ ‘ਤੇ ਪਲਦਾ ਹੈ?