ਅਣਡਿੱਠਾ ਪੈਰਾ – ਬਾਬਾ ਰਾਮ ਸਿੰਘ

ਬਾਬਾ ਰਾਮ ਸਿੰਘ

ਬਾਬਾ ਰਾਮ ਸਿੰਘ ਨੇ ਆਪਣੇ ਸਭ ਸ਼ਰਧਾਲੂਆਂ ਨੂੰ ਹਦਾਇਤ ਕਰ ਦਿੱਤੀ ਕਿ ਉਹ ਅੰਗਰੇਜ਼ਾਂ ਦੇ ਚਲਾਏ ਹੋਏ ਡਾਕ, ਰੇਲ ਤੇ ਕਚਹਿਰੀਆਂ ਦੀ ਵਰਤੋਂ ਬਿਲਕੁਲ ਨਾ ਕਰਨ ਅਤੇ ਨਾ ਹੀ ਅੰਗਰੇਜ਼ਾਂ ਦੀਆਂ ਬਰਾਮਦ ਕੀਤੀਆਂ ਹੋਈਆਂ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰਨ। ਨਾਮਧਾਰੀਆਂ ਨੇ ਸੰਨ 1860 ਦੇ ਨੇੜੇ – ਤੇੜੇ ਹੀ ਆਪਣਾ ਸਵਦੇਸ਼ੀ ਡਾਕ ਦਾ ਪ੍ਰਬੰਧ ਮੁਕੰਮਲ ਕਰ ਲਿਆ ਸੀ। ਡਾਕ ਤੇ ਚਿੱਠੀਆਂ ਹਰਕਾਰਿਆਂ ਰਾਹੀਂ ਵੱਖੋ – ਵੱਖ ਇਲਾਕਿਆਂ ਵਿੱਚ ਭੇਜੀਆਂ ਜਾਂਦੀਆਂ ਸਨ। ਇਹ ਹਰਕਾਰੇ ਬਿਨਾਂ ਤਨਖ਼ਾਹ ਤੋਂ ਸੇਵਾ – ਭਾਵ ਨਾਲ ਹੀ ਡਾਕ ਲਿਆਉਂਦੇ – ਲਿਜਾਂਦੇ ਸਨ। ਇਹ ਪ੍ਰਬੰਧ ਅਜਿਹਾ ਪੱਕਾ ਸੀ ਜੋ ਵਿਦੇਸ਼ੀ ਹਾਕਮਾਂ ਨੂੰ ਇਸ ਡਾਕ ਦੇ ਲਿਆਉਣ – ਲਿਜਾਣ ਦੇ ਰਾਹਾਂ ਦੀ ਸੂਹ ਨਹੀਂ ਸੀ ਲੱਗਦੀ। ਕਚਹਿਰੀਆਂ ਵਿੱਚ ਤਾਂ ਨਾਮਧਾਰੀ ਬਹੁਤਾ ਕਰ ਕੇ ਆਪਣੇ ਮੁਕੱਦਮੇ ਅੱਜ ਤੱਕ ਨਹੀਂ ਲਿਜਾਂਦੇ। ਇਉਂ ਹੀ ਨਾਮਧਾਰੀ ਸਿੱਧੇ ਰਾਹਾਂ, ਪਗਡੰਡੀਆਂ ਉੱਤੋਂ ਦੀ ਪੈਦਲ ਜਾਂ ਘੋੜਿਆਂ ‘ਤੇ ਸਫ਼ਰ ਕਰਦੇ ਸਨ, ਰੇਲਾਂ ‘ਤੇ ਨਹੀਂ ਚੜ੍ਹਦੇ ਸਨ। ਵਿਦੇਸ਼ੀ ਕੱਪੜਾ ਤੇ ਹੋਰ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਵੀ ਨਾਮਧਾਰੀ ਵਾਹ ਲੱਗਦੀ ਨਹੀਂ ਸਨ ਕਰਦੇ। ਇਸ ਦਾ ਸਿੱਟਾ ਇਹ ਹੋਇਆ ਕਿ ਬਾਬਾ ਰਾਮ ਸਿੰਘ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਅੰਗਰੇਜ਼ਾਂ ਦੀ ਅੱਧ – ਪਚੱਧੀ ਗ਼ੁਲਾਮੀ ਵਿੱਚੋਂ ਤਾਂ ਉਸੇ ਵੇਲੇ ਹੀ ਨਿਕਲ ਗਏ। ਪੂਰਨ ਸਵਰਾਜ ਪ੍ਰਾਪਤ ਕਰਨ ਲਈ ਹੁਣ ਇੱਕ ਹੋਰ ਹੰਭਲਾ ਮਾਰਨ ਦੀ ਹੀ ਲੋੜ ਸੀ ਤੇ ਦੇਸ਼ ਅੰਗਰੇਜ਼ਾਂ ਦੀ ਅਧੀਨਗੀ ਤੋਂ ਮੁਕਤ ਹੋ ਜਾਣਾ ਸੀ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਬਾਬਾ ਰਾਮ ਸਿੰਘ ਕੌਣ ਸਨ?

() ਨਾਮਧਾਰੀ ਲਹਿਰ ਦੇ ਸੰਪਰਦਾਇ
() ਵਿਦੇਸ਼ੀ ਹਾਕਮ
() ਕਾਮਾਗਾਟਾਮਾਰੂ ਦੇ ਨਾਇਕ
() ਸ਼ਹੀਦ

ਪ੍ਰਸ਼ਨ 2 . ਬਾਬਾ ਰਾਮ ਸਿੰਘ ਨੇ ਆਪਣੇ ਸ਼ਰਧਾਲੂਆਂ ਨੂੰ ਕੀ – ਕੀ ਹਿਦਾਇਤਾਂ ਦਿੱਤੀਆਂ?

() ਵਿਦੇਸ਼ੀ ਵਸਤਾਂ ਨੂੰ ਖਰੀਦਣਾ
() ਵਿਦੇਸ਼ੀ ਵਸਤਾਂ ਦਾ ਬਾਈਕਾਟ
() ਅੰਗਰੇਜ਼ਾਂ ਦੇ ਅਧੀਨ ਹੋ ਜਾਣਾ
() ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 3 . ਨਾਮਧਾਰੀਆਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਬਚਾਉਣ ਲਈ ਕੀ ਯਤਨ ਕੀਤਾ?

() ਲੋਕਾਂ ਨੂੰ ਸੁਚੇਤ ਕੀਤਾ
() ਲੋਕਾਂ ਵਿੱਚ ਵਹਿਮ – ਭਰਮ ਫੈਲਾ ਦਿੱਤੇ
() ਅੰਗਰੇਜ਼ਾਂ ਨੂੰ ਮਾਰ ਦਿੱਤਾ
() ਡਰ ਕੇ ਘਰ ਬੈਠ ਗਏ

ਪ੍ਰਸ਼ਨ 4 . ‘ਸਵਰਾਜ’ ਸ਼ਬਦ ਦਾ ਅਰਥ ਦੱਸੋ।

() ਪੂਰਨ ਅਜ਼ਾਦੀ
() ਗ਼ੁਲਾਮੀ
() ਅੱਧੀ ਅਜ਼ਾਦੀ
() ਅੱਧੀ ਗ਼ੁਲਾਮੀ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਬਾਬਾ ਰਾਮ ਸਿੰਘ
() ਬਾਬਾ ਮੋਹਨ ਸਿੰਘ
() ਕਾਮਾਗਾਟਾਮਾਰੂ
() ਕੂਕਾ ਲਹਿਰ