ਕਵਿਤਾ : ਇੱਕ ਦਿਨ ਅਸੀਂ ਸਫ਼ਰ ਤੋਂ ਆਏ
ਕਵਿਤਾ : ਇੱਕ ਦਿਨ ਅਸੀਂ ਸਫ਼ਰ ਤੋਂ ਆਏ
ਇੱਕ ਦਿਨ ਅਸੀਂ ਸਫ਼ਰ ਤੋਂ ਆਏ
ਰੁੱਤ ਗਰਮੀ ਦੀ, ਬੜੇ ਤਿਹਾਏ
ਫ਼ਿਜ ਚੋਂ ਕੱਢੀ ਬੋਤਲ ਝੱਟਪੱਟ
ਪਾਣੀ ਪੀਤਾ ਗਟ ਗਟ ਗਟ ਗਟ
ਜੂਸ ਦੇ ਪੀਤੇ ਭਰੇ ਗਲਾਸ
ਮਿਟ ਗਈ ਸਾਡੀ ਸਭ ਦੀ ਪਿਆਸ
ਕੁਝ ਪਲ ਚੁੱਪ ਜਿਹੀ ਜਦ ਹੋਈ
ਘੁਸਰ ਮੁਸਰ ਜਿਹੀ ਸੁਣੀ ਮੈਂ ਕੋਈ
ਇਉਂ ਲੱਗਾ ਕੋਈ ਸਾਡੇ ਘਰ ਵਿਚ
ਗੱਲਾਂ ਕਰਦਾ ਮੱਧਮ ਸਵਰ ਵਿਚ
ਘਰ ਦਾ ਕੋਨਾ ਕੋਨਾ ਘੁੰਮਿਆ
ਚੰਗੀ ਤਰ੍ਹਾਂ ਨਾ ਕੁਝ ਵੀ ਸੁਣਿਆ
ਜਦੋਂ ਵਰਾਂਡੇ ਵਿਚ ਮੈਂ ਆਇਆ
ਕੁਛ-ਕੁਛ ਮੇਰੀ ਸਮਝ ‘ਚ ਆਇਆ
ਕੁਛ-ਕੁਛ ਮੈਨੂੰ ਗੱਲਾਂ ਸੁਣੀਆਂ
ਰੋਕ ਕੇ ਸਾਹ ਮੈਂ ਪੌਣ ‘ਚੋਂ ਪੁਣੀਆਂ
ਮੈਂ ਸੁਣਿਆ ਕੋਈ ਆਖ ਰਿਹਾ ਸੀ
ਬੋਲਾਂ ਦੇ ਵਿਚ ਹਿਰਖ ਜਿਹਾ ਸੀ
ਕਿਹੋ ਜਿਹੇ ਬੰਦੇ ਇਸ ਘਰ ਦੇ
ਸਾਡਾ ਰਤਾ ਖ਼ਿਆਲ ਨੀ ਕਰਦੇ
ਆਪ ਤਾਂ ਆ ਕੇ ਪੀ ਲਿਆ ਪਾਣੀ
ਸਾਡੀ ਕਿਸੇ ਨਾ ਹਾਲਤ ਜਾਣੀ
ਅਸੀਂ ਕਿ ਜਿਹੜੇ ਤੁਰ ਨੀ ਸਕਦੇ
ਉਠ ਕੇ ਪਾਣੀ ਪੀ ਨੀ ਸਕਦੇ
ਮੈਨੂੰ ਅਚਾਨਕ ਨਜ਼ਰੀਂ ਆਏ
ਵਿਹੜੇ ਵਿਚ ਬੂਟੇ ਕੁਮਲਾਏ
ਪੀਲੇ ਸੁੱਕੇ ਤੇ ਮੁਰਝਾਏ
ਕਈ ਦਿਨਾਂ ਦੇ ਜੋ ਤਿਰਹਾਏ
ਹਾਏ ਤਾਂ ਇਹ ਸਨ ਭੋਲੇ ਮੁਖੜੇ
ਦੱਸਦੇ ਪਏ ਸਨ ਆਪਣੇ ਦੁਖੜੇ
ਕੋਲ ਗਿਆ ਤਾਂ ਚੁੱਪ ਜਿਹੇ ਕਰ ਗਏ
ਮੇਰੇ ਗੁੱਸਾ ਕਰਨੋਂ ਡਰ ਗਏ
ਮੈਨੂੰ ਖ਼ੁਦ ਤੇ ਗੁੱਸਾ ਚੜ੍ਹਿਆ
ਬੂਟਿਆਂ ਲਈ ਮਨ ਵਿਚ ਮੋਹ ਭਰਿਆ
ਟੂਟੀ ਨੂੰ ਮੈ ਪਾਈਪ ਲਗਾਇਆ
ਬੂਟਿਆਂ ਉੱਤੇ ਮੀਂਹ ਬਰਸਾਇਆ
ਨਾਲ ਉਨ੍ਹਾਂ ਤੋਂ ਮੰਗੀ ਮਾਫ਼ੀ
ਬਖ਼ਸ਼ੋ ਸਾਡੀ ਬੇਇਨਸਾਫ਼ੀ
ਪਾਣੀ ਪੀ ਕੇ ਅਤੇ ਨਹਾ ਕੇ
ਬੂਟੇ ਕਹਿਣ ਲੱਗੇ ਮੁਸਕਾ ਕੇ
ਮਾਫ਼ੀ ਨਾਲ ਦੁਆਵਾਂ ਲੈ ਜਾ
ਸਾਡੀਆਂ ਸ਼ੁੱਭ ਇੱਛਾਵਾਂ ਲੈ ਜਾ
ਮਹਿਕਾਂ ਭਰੀਆਂ ਵਾਵਾਂ ਲੈ ਜਾ
ਵਾਤਾਵਰਨ ਸੁਖਾਵਾਂ ਲੈ ਜਾ
ਖ਼ੁਸ਼ੀਆਂ ਮਾਣੋਂ ਜੁਗ ਜੁਗ ਜੀਓ
ਐ ਮਾਨਵ ਦੇ ਪੁੱਤਰੋ ਧੀਓ
ਉਹ ਦਿਨ ਗਿਆ ਤੇ ਆਹ ਦਿਨ ਆਇਆ
ਜਦ ਮੈਂ ਕਦੀ ਸਫ਼ਰ ਤੋਂ ਆਇਆ
ਆ ਕੇ ਦੇਖਿਆ ਬੂਟਿਆਂ ਵੱਲ
ਸੁਣੀ ਉਨ੍ਹਾਂ ਦੀ ਚੁੱਪ-ਚੁੱਪ ਗੱਲ
ਪਹਿਲੋਂ ਉਨ੍ਹਾਂ ਨੂੰ ਪਾਣੀ ਪਾਇਆ
ਬਾਅਦ ਚ ਆਪਣੇ ਮੂੰਹ ਨੂੰ ਲਾਇਆ