CBSEclass 11 PunjabiEducationParagraphPunjab School Education Board(PSEB)

ਇਮਤਿਹਾਨ ਜਾਂ ਪ੍ਰੀਖਿਆ – ਪੈਰਾ ਰਚਨਾ

ਇਮਤਿਹਾਨ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਅਤੇ ਇਸ ਦੀ ਨਿੰਦਿਆ ਤੇ ਵਿਰੋਧ ਕੀਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਵੀ ਇਮਤਿਹਾਨ ਲਏ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਮਤਿਹਾਨ ਇਕ ਡਰਾਉਣੀ ਚੀਜ਼ ਹੈ, ਪਰ ਫਿਰ ਵੀ ਅਸੀਂ ਸਾਰੇ ਇਮਤਿਹਾਨ ਦਿੰਦੇ ਹਾਂ। ਅਸਲ ਵਿੱਚ ਇਹ ਅੱਜ – ਕੱਲ੍ਹ ਦੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ। ਭਾਵੇਂ ਇਮਤਿਹਾਨ ਲੈਣ ਵਿਚ ਕਈ ਨੁਕਸ ਅਤੇ ਬੁਰਾਈਆਂ ਮੌਜੂਦ ਹਨ, ਪਰ ਇਨ੍ਹਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ ਚਲਦਾ। ਸਾਨੂੰ ਲੋਕਾਂ ਦੀ ਯੋਗਤਾ ਦੀ ਪਰਖ ਲਈ ਕੋਈ ਨਾ ਕੋਈ ਤਰੀਕਾ ਤਾਂ ਅਪਣਾਉਣਾ ਹੀ ਪੈਂਦਾ ਹੈ। ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਇਮਤਿਹਾਨ ਮਨੁੱਖ ਦੀ ਯੋਗਤਾ ਦੀ ਅਸਲੀ ਪਰਖ ਨਹੀਂ ਕਰਦੇ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਕੇਵਲ ਨਾਲਾਇਕ ਤੇ ਕੰਮ – ਚੋਰ ਵਿਦਿਆਰਥੀ ਹੀ ਪ੍ਰੀਖਿਆ ਤੋਂ ਡਰਦੇ ਹਨ, ਜਦ ਕਿ ਲਾਇਕ ਤੇ ਮਿਹਨਤੀ ਵਿਦਿਆਰਥੀ ਇਸ ਦਾ ਸਵਾਗਤ ਕਰਦੇ ਹਨ। ਇਮਤਿਹਾਨ ਇਨ੍ਹਾਂ ਨੂੰ ਸਫ਼ਲਤਾ, ਵਡਿਆਈ ਅਤੇ ਵਜ਼ੀਫ਼ੇ ਦੁਆਂਉਂਦਾ ਹੈ। ਜੇਕਰ ਇਮਤਿਹਾਨ ਨਾ ਹੋਣ, ਤਾਂ ਕੋਈ ਵਿਦਿਆਰਥੀ ਕਿਤਾਬਾਂ ਨੂੰ ਹੱਥ ਤੱਕ ਨਹੀਂ ਲਾਏਗਾ, ਜਿਸ ਦੇ ਫ਼ਲਸਰੂਪ ਨੌਜਵਾਨਾਂ ਦੀ ਸਾਰੀ ਪੀੜ੍ਹੀ ਨਾਲਾਇਕ ਤੇ ਨਿਕੰਮੀ ਬਣ ਕੇ ਰਹਿ ਜਾਵੇਗੀ। ਇਹ ਕਿਹਾ ਜਾਂਦਾ ਹੈ ਕਿ ਇਮਤਿਹਾਨ ਘੋਟੇ ਨੂੰ ਉਤਸ਼ਾਹ ਦਿੰਦੇ ਹਨ। ਬਹੁਤੇ ਵਿਦਿਆਰਥੀ ਸਾਲ ਵਿਚ ਦਸ ਮਹੀਨੇ ਕੁੱਝ ਨਹੀਂ ਕਰਦੇ, ਪਰ ਇਮਤਿਹਾਨ ਦੇ ਨੇੜੇ ਦੋ ਕੁ ਮਹੀਨੇ ਗਿਣਤੀ ਦੇ ਪ੍ਰਸ਼ਨਾਂ ਨੂੰ ਘੋਟਾ ਲਾ ਕੇ ਪਾਸ ਹੋ ਜਾਂਦੇ ਹਨ। ਇਸ ਮੰਤਵ ਦੀ ਪੂਰਤੀ ਲਈ ਉਹ ਪਾਠ – ਪੁਸਤਕਾਂ ਨੂੰ ਪੜ੍ਹਨ ਦੀ ਬਜਾਏ ਗਾਈਡਾਂ ਤੇ ਗੈੱਸ ਪੇਪਰਾਂ ਮਗਰ ਦੌੜਦੇ ਹਨ। ਇਮਤਿਹਾਨਾਂ ਵਿਰੁੱਧ ਇਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਇਸ ਵਿਚ ਮੌਕਾ ਲੱਗ ਜਾਏ ਤਾਂ ਇਕ ਰਾਤ ਪਹਿਲਾਂ ਪੰਜ ਚੋਣਵੇਂ ਪ੍ਰਸ਼ਨਾਂ ਨੂੰ ਘੋਟਾ ਲਾਉਣ ਵਾਲਾ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰ ਸਕਦਾ ਹੈ, ਜੇ ਉਸ ਨੇ ਉਹ ਪੰਜ ਪ੍ਰਸ਼ਨ ਯਾਦ ਨਾ ਕੀਤੇ ਹੋਣ, ਜਿਹੜੇ ਇਮਤਿਹਾਨ ਵਿਚ ਪੁੱਛ ਲਏ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਮਤਿਹਾਨਾਂ ਵਿਚ ਪੇਪਰਾਂ ਦੇ ਨੰਬਰ ਇੱਕੋ ਪੱਧਰ ਉੱਤੇ ਲਾਉਣੇ ਸੰਭਵ ਨਹੀਂ। ਇਸ ਦੇ ਨਾਲ ਹੀ ਇਮਤਿਹਾਨਾਂ ਵਿਚ ਚਲਦੀ ਨਕਲ ਇਕ ਬਹੁਤ ਹੀ ਬੁਰੀ ਗੱਲ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ੈਕਸਪੀਅਰ, ਟਾਲਸਟਾਏ ਤੇ ਆਇਨ ਸਟਾਇਨ ਦੀ ਇਮਤਿਹਾਨਾਂ ਵਿਚਲੀ ਪ੍ਰਾਪਤੀ ਕਦੇ ਵੀ ਚੰਗੀ ਨਹੀਂ ਸੀ ਹੁੰਦੀ। ਇਸ ਕਰਕੇ ਇਮਤਿਹਾਨ ਕਿਸੇ ਦੀ ਯੋਗਤਾ ਦੀ ਸਹੀ ਪਰਖ ਨਹੀਂ ਕਰਦੇ। ਬੇਸ਼ੱਕ ਇਮਤਿਹਾਨਾਂ ਵਿਰੁੱਧ ਦਿੱਤੀਆਂ ਜਾਂਦੀਆਂ ਇਨ੍ਹਾਂ ਦਲੀਲਾਂ ਵਿਚ ਵਜ਼ਨ ਹੈ ਪਰ ਇਸ ਦੇ ਬਾਵਜੂਦ ਇਮਤਿਹਾਨਾਂ ਤੋਂ ਬਿਨਾਂ ਸਾਡੇ ਵਰਤਮਾਨ ਜੀਵਨ ਦਾ ਪਹੀਆ ਚਲ ਨਹੀਂ ਸਕਦਾ। ਇਹ ਇਕ ਲਾਜ਼ਮੀ ਬੁਰਾਈ ਹੈ। ਸਾਨੂੰ ਇਸ ਨੂੰ ਕਿਸੇ – ਨਾ – ਕਿਸੇ ਸ਼ਕਲ ਵਿਚ ਜ਼ਰੂਰ ਜਾਰੀ ਰੱਖਣਾ ਪਵੇਗਾ। ਇਸ ਮੰਤਵ ਲਈ ਸਾਨੂੰ ਇਮਤਿਹਾਨਾਂ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।