ਇਕਾਂਗੀ: ‘ ਪਰਉਪਕਾਰ ‘
ਜਮਾਤ : ਅੱਠਵੀਂ
ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ ਫੁੱਲ ‘
ਵਿਸ਼ਾ ਵਸਤੂ
‘ ਪਰਉਪਕਾਰ ‘ ਇਕਾਂਗੀ, ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ ਫੁੱਲ ‘ ਦੀ ਲਿਖੀ ਹੋਈ ਹੈ। ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਸਾਨੂੰ ਬਿਨਾਂ ਕਿਸੇ ਲਾਲਚ ਦੇ ਸਭ ਦਾ ਭਲਾ ਕਰਨ ਲਈ ਕਿਹਾ ਹੈ। ਜੇਕਰ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਪਰਮਾਤਮਾ ਸਾਡਾ ਭਲਾ ਕਰੇਗਾ। ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਦੱਸਿਆ ਹੈ ਕਿ ਡਾਕਟਰ ਨੂੰ ਸਮਾਜ ਵਿਚ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਦੇ ਡਾਕਟਰ ਲਾਲਚੀ ਹੋ ਗਏ ਹਨ। ਉਹਨਾਂ ਨੇ ਆਪਣੇ ਪੇਸ਼ੇ ਨੂੰ ਵਪਾਰ ਬਣਾ ਲਿਆ ਹੈ। ਇਸ ਇਕਾਂਗੀ ਵਿੱਚ ਰੁਲਦਾ ਤੇ ਉਸ ਦੀ ਪਤਨੀ ਹਰਕੌਰ ਅਪਣੇ ਬਿਮਾਰ ਬੱਚੇ ਨੂੰ ਡਾਕਟਰਨੀ ਕੋਲ ਲੈ ਕੇ ਜਾਂਦੇ ਹਨ ਡਾਕਟਰਨੀ ਉਸਦਾ ਇਲਾਜ ਨਹੀਂ ਕਰਦੀ ਕਿਉਂਕਿ ਉਸ ਨੂੰ ਪਾਰਟੀ ਵਿਚ ਜਾਣ ਦੀ ਜਲਦੀ ਹੁੰਦੀ ਹੈ। ਉਹਨਾਂ ਦਾ ਬੱਚਾ ਮਰ ਜਾਂਦਾ ਹੈ। ਇਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਡਾਕਟਰਨੀ ਆਪਣਾ ਫਰਜ ਪੂਰਾ ਨਹੀਂ ਕਰਦੀ। ਪਰ ਜਦੋਂ ਡਾਕਟਰਨੀ ਦੇ ਆਪਣੇ ਬੱਚੇ ਨੂੰ ਸੱਪ ਲੜ ਜਾਂਦਾ ਹੈ ਤਾਂ ਰੁਲਦਾ ਆਪਣੇ ਮਰੇ ਹੋਏ ਬੱਚੇ ਦਾ ਦੁੱਖ ਭੁੱਲ ਕੇ ਡਾਕਟਰਨੀ ਦੇ ਬੱਚੇ ਦੀ ਜਾਨ ਬਚਾਉਣ ਲਈ ਰਾਤ ਨੂੰ ਹੀ ਤੁਰ ਪੈਂਦਾ ਹੈ। ਇਸ ਤਰ੍ਹਾਂ ਇਕਾਂਗੀਕਾਰ ਨੇ ਸਾਨੂੰ ਨਿਸਵਾਰਥ ਹੋ ਕੇ ਸਭ ਦਾ ਭਲਾ ਕਰਨ ਦੀ ਸਿੱਖਿਆ ਦਿੱਤੀ ਹੈ। ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ, ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਫਰਜ਼ ਹੈ।