ਅਖ਼ਬਾਰ ਦੇ ਸੰਪਾਦਕ ਨੂੰ ਪੱਤਰ – ਪਿੰਡਾਂ ‘ਤੇ ਸ਼ਹਿਰਾਂ ਵਿੱਚ ਆਈ – ਫਲੂ ਦੇ ਜ਼ੋਰ ਸੰਬੰਧੀ।
ਆਪਣੇ ਇਲਾਕੇ ਦੇ ਪਿੰਡਾਂ ਵਿਚ ਅੱਖਾਂ ਦੀ ਬਿਮਾਰੀ (ਆਈ – ਫਲੂ) ਫੈਲਣ ਸੰਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
…………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਪਿੰਡਾਂ ‘ਤੇ ਸ਼ਹਿਰਾਂ ਵਿੱਚ ਆਈ – ਫਲੂ ਦੇ ਜ਼ੋਰ ਸੰਬੰਧੀ।
ਸ੍ਰੀਮਾਨ ਜੀ,
ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਆਪਣੇ ਇਲਾਕੇ ਤੇ ਇਸ ਦੇ ਨਾਲ ਲੱਗਦੇ ਅਨੇਕਾਂ ਹੀ ਪਿੰਡਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਅੱਖਾਂ ਦੀ ਬਿਮਾਰੀ (ਆਈ-ਫਲੂ) ਦੇ ਸਮਾਚਾਰ ਬਾਰੇ ਲਿਖ ਰਿਹਾ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਛਾਪ ਕੇ ਇਸ ਰੋਗ ਤੋਂ ਨਿਜਾਤ ਪਵਾਉਣ ਵਿੱਚ ਸਾਡੇ ਮਦਦਗਾਰ ਹੋਵੋਗੇ।
ਪੰਜਾਬ ਦੇ ਕਈ ਸ਼ਹਿਰਾਂ ਸਮੇਤ ਹੁਸ਼ਿਆਰਪੁਰ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਈ-ਫਲੂ ਨੇ ਜ਼ਬਰਦਸਤ ਹਮਲਾ ਕਰ ਦਿੱਤਾ ਹੈ। ਕਈ ਲੋਕ, ਬੱਚੇ ਬਜ਼ੁਰਗ, ਜਵਾਨ ਇਸ ਰੋਗ ਦੀ ਲਪੇਟ ਵਿੱਚ ਆ ਗਏ ਹਨ ਤੇ ਆਏ ਦਿਨ ਰੋਗੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ। ਡਾਕਟਰਾਂ ਦਾ ਵਿਚਾਰ ਹੈ ਕਿ ਹੁਣ ਬਰਸਾਤਾਂ ਦਾ ਮੌਸਮ ਹੈ ਤੇ ਬਦਲਦੇ ਮੌਸਮ ਕਾਰਨ ਹਵਾ ਰਾਹੀਂ ਇਸ ਦੀ ਛੂਤ ਬੜੀ ਤੇਜ਼ੀ ਨਾਲ ਫੈਲ ਜਾਂਦੀ ਹੈ। ਇਸ ਰੋਗ ਵਿੱਚ ਸਭ ਤੋਂ ਪਹਿਲਾਂ ਅੱਖਾਂ ਵਿੱਚ ਜਲਣ ਹੋਣ ਦੇ ਨਾਲ-ਨਾਲ ਅੱਖ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਹੌਲੀ-ਹੌਲੀ ਅੱਖ ਵਿੱਚ ਖਾਰਸ਼ ਜਿਹੀ ਵਧਦੀ ਜਾਂਦੀ ਹੈ। ਵਾਰ-ਵਾਰ ਅੱਖਾਂ ‘ਤੇ ਖੁਰਕਣ ਨਾਲ ਅੱਖਾਂ ਵਿੱਚ ਤੇਜ਼ ਲਾਲੀ ਆ ਜਾਂਦੀ ਹੈ। ਇਸ ਬਿਮਾਰੀ ਦਾ ਅਸਰ 8-10 ਦਿਨਾਂ ਤੱਕ ਰਹਿੰਦਾ ਹੈ। ਪਰ ਸਮੇਂ ਸਿਰ ਸਾਵਧਾਨੀ ਤੇ ਜ਼ਰੂਰੀ ਹਦਾਇਤਾਂ ਵਰਤਣ ਅਨੁਸਾਰ ਇਸ ਰੋਗ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਡਾਕਟਰਾਂ ਦੀ ਸਲਾਹ ਹੈ ਕਿ ਇਸ ਤੋਂ ਬਚਾਅ ਲਈ ਰੋਗੀ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸਾਵਧਾਨ ਹੋ ਰਹਿਣ ਦੀ ਲੋੜ ਹੈ। ਰੋਗੀ ਨੂੰ ਚਾਹੀਦਾ ਹੈ ਕਿ ਉਹ ਇੱਕ ਦਿਨ ਵਿੱਚ ਕਈ ਵਾਰ ਠੰਢੇ ਪਾਣੀ ਨਾਲ ਅੱਖਾਂ ਵਿੱਚ ਛਿੱਟੇ ਮਾਰੇ, ਆਪਣਾ ਰੁਮਾਲ, ਤੌਲੀਆ ਵੱਖ ਰੱਖੇ, ਧੁੱਪੇ ਨਾ ਫਿਰੇ, ਬਾਹਰ ਜਾਣਾ ਹੋਵੇ ਤਾਂ ਐਨਕਾਂ ਲਾ ਲਵੇ, ਕਿਸੇ ਨਾਲ ਹੱਥ ਵੀ ਨਾ ਮਿਲਾਇਆ ਜਾਵੇ। ਹਨੇਰੇ ਕਮਰੇ ਵਿੱਚ ਠੰਢੇ ਪਾਣੀ ਦੀਆਂ ਪੱਟੀਆਂ ਭਿਉਂ ਕੇ ਅੱਖਾਂ ‘ਤੇ ਰੱਖਣ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ। ਪਰ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਾਰੂ ਨਹੀਂ ਪਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਲਾਭ ਦੀ ਬਜਾਇ ਨੁਕਸਾਨ ਵੀ ਹੋ ਸਕਦਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਨੂੰ ਇਸ ਰੋਗ ਦੀ ਰੋਕਥਾਮ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਆਮ ਜਨਤਾ ਵੀ ਇਸ ਰੋਗ ਤੋਂ ਮੁਕਤ ਹੋ ਸਕੇ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਾਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 18 ਜਨਵਰੀ, 2022