CBSEclass 11 PunjabiEducationParagraphPunjab School Education Board(PSEB)

ਅਰੋਗਤਾ – ਪੈਰਾ ਰਚਨਾ

ਅਰੋਗਤਾ ਇਕ ਬਹੁਮੁੱਲਾ ਧਨ ਹੈ। ਪੰਜਾਬੀ ਅਖਾਣ ‘ਜਾਨ ਨਾਲ ਹੀ ਜਹਾਨ ਹੈ’ ਮਨੁੱਖੀ ਜੀਵਨ ਵਿਚ ਅਰੋਗਤਾ ਦੀ ਮਹਾਨਤਾ ਨੂੰ ਭਲੀ – ਭਾਂਤ ਸਪੱਸ਼ਟ ਕਰਦਾ ਹੈ। ਅਰੋਗਤਾ ਤੋਂ ਬਿਨਾਂ ਮਨੁੱਖ ਦਾ ਜੀਵਨ ਆਪਣੀ ਸਧਾਰਨ ਚਾਲੇ ਨਹੀਂ ਚੱਲ ਸਕਦਾ। ਰੋਗੀ ਹੋਣ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਦੁੱਖ ਭੋਗਣੇ ਪੈਂਦੇ ਹਨ। ਉਹ ਆਪਣੀਆਂ ਨਿਜੀ, ਪਰਿਵਾਰਿਕ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ। ਇਸ ਲਈ ਮਨੁੱਖ ਨੂੰ ਅਰੋਗਤਾ ਦੀ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗ ਰਹਿਣ ਲਈ ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਸੈਰ ਤੇ ਕਸਰਤ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਖ਼ੂਨ ਦਾ ਦੌਰਾ ਤੇਜ਼ ਹੁੰਦਾ ਹੈ। ਇਸ ਮੰਤਵ ਲਈ ਉਸ ਨੂੰ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਉਸ ਦੇ ਸਰੀਰ ਦੀ ਕਸਰਤ ਹੁੰਦੀ ਹੈ, ਉੱਥੇ ਉਸ ਦਾ ਦਿਲ – ਪਰਚਾਵਾ ਵੀ ਹੁੰਦਾ ਹੈ। ਬਿਮਾਰੀ ਦੀ ਹਾਲਤ ਵਿਚ, ਤਟਫਟ ਸਿਆਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਅਟਕਲਪੁੱਚੂ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ ਸੰਬੰਧੀ ਰੋਗ – ਰੋਕੂ ਟੀਕਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਰੋਗਤਾ ਲਈ ਸਾਨੂੰ ਆਪਣੇ ਸਰੀਰ, ਘਰ ਤੇ ਗੁਆਂਢ ਦੀ ਸਫ਼ਾਈ ਦਾ ਪੂਰਾ – ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਮਰਿਆਂ ਵਿਚ ਤਾਜ਼ੀ ਹਵਾ ਆਉਣ ਤੇ ਗੰਦੀ ਹਵਾ ਦੇ ਨਿਕਲਣ ਲਈ ਖਿੜਕੀਆਂ ਤੇ ਰੋਸ਼ਨਦਾਨ ਹੋਣੇ ਚਾਹੀਦੇ ਹਨ। ਸਾਨੂੰ ਸਾਫ਼ ਕੱਪੜੇ ਪਹਿਨਣੇ ਚਾਹੀਦੇ ਹਨ। ਖਾਣੇ ਨੂੰ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਮੱਛਰਾਂ ਤੋਂ ਬਚਣ ਦਾ ਵੀ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਰੋਗਾਣੂਆਂ ਨੂੰ ਮਾਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਆਪਣੇ ਮਨ ਨੂੰ ਬਚਾਉਣਾ ਚਾਹੀਦਾ ਹੈ, ਜੋ ਸਾਡੇ ਸਰੀਰ ਵਿਚ ਕਈ ਪ੍ਰਕਾਰ ਦੇ ਵਿਕਾਰ ਤੇ ਰੋਗ ਪੈਦਾ ਕਰਦੇ ਹਨ। ਸਾਨੂੰ ਪ੍ਰਸੰਨਚਿਤ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਤੇ ਆਪਣੇ ਰੁਝੇਵਿਆਂ ਵਿੱਚੋਂ ਵਿਹਲ ਕੱਢ ਕੇ ਮਨ – ਪਰਚਾਵਾ ਵੀ ਕਰਨਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਮਿਲ ਕੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਅਰੋਗ ਰੱਖ ਸਕਦੀਆਂ ਹਨ ਤੇ ਉਹ ਜ਼ਿੰਦਗੀ ਦਾ ਸਹੀ ਅਰਥਾਂ ਵਿਚ ਅਨੰਦ ਲੈ ਸਕਦਾ ਹੈ।