CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ


ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ।

ਧੰਨ ਨੇ ਉਹ, ਨੈਣ ਜੋ ਕਦੇ-ਕਦਾਈਂ ਪ੍ਰੇਮ-ਨੀਰ ਨਾਲ ਭਰ ਆਉਂਦੇ ਹਨ। ਰੋਜ਼ ਗੰਗਾ-ਜਲ ਨਾਲ ਤਾਂ ਇਸ਼ਨਾਨ ਹੁੰਦਾ ਹੀ ਏ, ਪਰੰਤੂ ਜਿਸ ਪੁਰਖ ਨੇ ਨੈਣਾਂ ਦੀ ਪ੍ਰੇਮ-ਧਾਰਾ ਵਿੱਚ ਕਦੇ ਇਸ਼ਨਾਨ ਕੀਤਾ ਹੈ, ਉਹੀ ਜਾਣਦਾ ਹੈ ਕਿ ਇਸ ਇਸ਼ਨਾਨ ਨਾਲ ਮਨ ਦੇ ਮਲੀਨ ਭਾਵ ਕਿਸ ਤਰ੍ਹਾਂ ਵਗ ਜਾਂਦੇ ਹਨ, ਅੰਤਹਿਕਰਨ ਕਿਵੇਂ ਫੁੱਲ ਵਾਂਗ ਖਿੜ ਜਾਂਦਾ ਹੈ, ਮਨ ਦੀਆਂ ਗੰਢਾਂ ਕਿਸ ਪ੍ਰਕਾਰ ਖੁੱਲ੍ਹ ਜਾਂਦੀਆਂ ਹਨ, ਕੁਟਲਤਾ ਤੇ ਨੀਚਤਾ ਦਾ ਪਰਬਤ ਕਿਵੇਂ ਚਕਨਾਚੂਰ ਹੋ ਜਾਂਦਾ ਹੈ। ਸਾਉਣ-ਭਾਦੋਂ ਦੀ ਵਰਖਾ ਪਿੱਛੋਂ ਬਿਰਖ ਨਵੀਆਂ-ਨਵੀਆਂ ਕਰੂੰਬਲਾਂ ਨਾਲ ਭਰੇ ਇੱਕ ਵਚਿੱਤਰ ਮਨਮੋਹਨੀ ਸ਼ੋਭਾ ਦਿੰਦੇ ਹਨ, ਉਵੇਂ ਇਸ ਪ੍ਰੇਮ-ਇਸ਼ਨਾਨ ਨਾਲ ਮਨੁੱਖ ਦੇ ਅੰਦਰਲੇ ਦੀ ਅਵਸਥਾ ਸੁੱਚੀ, ਕੋਮਲ ਤੇ ਰਸ-ਭਿੰਨੀ ਹੋ ਜਾਂਦੀ ਹੈ। ਪ੍ਰੇਮ-ਧਾਰਾ ਦੇ ਜਲ ਨਾਲ ਸਿੰਜਿਆ ਮਨ ਖਿੜ ਜਾਂਦਾ ਹੈ। ਮਨ ਦੀ ਵਾੜੀ ਵਿੱਚ ਪਵਿੱਤਰ ਭਾਵਾਂ ਦੇ ਬੂਟੇ ਉੱਗਦੇ, ਵਧਦੇ ਤੇ ਫੁੱਲਦੇ ਹਨ। ਵਰਖਾ ਤੇ ਨਦੀ ਦੇ ਜਲ ਕਾਰਨ ਤਾਂ ਅੰਨ ਪੈਦਾ ਹੁੰਦਾ ਹੈ, ਪਰ ਨੈਣਾਂ ਦੀ ਗੰਗਾ ਪ੍ਰੇਮ ਤੇ ਵੈਰਾਗ ਦੁਆਰਾ ਮਨੁੱਖੀ ਜੀਵਨ ਨੂੰ ਅੱਗ ਤੇ ਬਰਫ਼ ਦੀ ਪਾਹੁਲ ਦਿੰਦੀ ਹੈ ਤੇ ਇੱਕ ਨਵਾਂ ਜਨਮ ਹੁੰਦਾ ਹੈ। ਮਾਨੋ ਕੁਦਰਤ ਨੇ ਹਰ ਬੰਦੇ ਲਈ ਇਸ ਨੈਣ-ਨੀਰ ਦੇ ਰੂਪ ਵਿੱਚ ਮਸੀਹਾ ਭੇਜਿਆ ਹੋਵੇ, ਜਿਸ ਹੱਥੀਂ ਹਰ ਕੋਈ ਨਰ ਤੇ ਨਾਰੀ ਕ੍ਰਿਤਾਰਥ ਹੋ ਸਕਦੇ ਹਨ। ਇਹ ਉਹੋ ਜੰਞ ਹੈ, ਜਿਸ ਨੂੰ ਪਹਿਨ ਕੇ ਹਰ ਆਦਮੀ ਦਿਜ (ਬ੍ਰਾਹਮਣ) ਹੋ ਸਕਦਾ ਹੈ।


ਪ੍ਰਸ਼ਨ. ਕਿਹੜੇ ਨੈਣ ਧੰਨ ਹਨ?

ਪ੍ਰਸ਼ਨ. ਪ੍ਰੇਮ-ਧਾਰਾ ਦੇ ਇਸ਼ਨਾਨ ਨਾਲ ਕੀ ਹੁੰਦਾ ਹੈ?

ਪ੍ਰਸ਼ਨ. ਨਵੀਆਂ ਕਰੂੰਬਲਾਂ ਨਾਲ ਭਰੇ ਰੁੱਖ ਕਦੋਂ ਸ਼ੋਭਾ ਦਿੰਦੇ ਹਨ?

ਪ੍ਰਸ਼ਨ. ਮਨ ਦੀ ਵਾੜੀ ਵਿੱਚ ਕਿਹੋ ਜਿਹੇ ਬੂਟੇ ਉੱਗਦੇ ਹਨ?

ਪ੍ਰਸ਼ਨ. ਨੈਣਾਂ ਦੀ ਗੰਗਾ ਮਨੁੱਖੀ ਜੀਵਨ ਨੂੰ ਅੱਗ ਤੇ ਬਰਫ ਦੀ ਪਾਹੁਲ ਕਿਸ ਤਰ੍ਹਾਂ ਦਿੰਦੀ ਹੈ?

ਪ੍ਰਸ਼ਨ. ‘ਨੈਣ’ ਸ਼ਬਦ ਦਾ ਅਰਥ ਦੱਸੋ।

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਪ੍ਰੇਮ

(ਅ) ਪ੍ਰੇਮ ਤੇ ਵੈਰਾਗ

(ੲ) ਪਾਣੀ

(ਸ) ਰੁੱਖ