ਅਣਡਿੱਠਾ ਪੈਰਾ

ਅਣਡਿੱਠੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਸੱਚੇ ਗੁਰੂ ਨਾਲ ਮਿਲਾਪ ਭਾਗਾਂ ਨਾਲ ਹੀ ਹੁੰਦਾ ਹੈ। ਸੱਚਾ ਗੁਰੂ ਨਾਮ ਦੀ ਪੂੰਜੀ ਦੇ ਕੇ ਭਰਮਾਂ ਨੂੰ ਦੂਰ ਕਰ ਦਿੰਦਾ ਹੈ ਜਿਸ ਕਰਕੇ ਜਨਮ ਮਰਨ ਦੀ ਸੋਝੀ ਹੋ ਜਾਂਦੀ ਹੈ।

ਸੰਤ ਕਬੀਰ ਜੀ ਦਾ ਵਿਚਾਰ ਹੈ ਕਿ ਗੁਰੂ ਵਾਸਤਵ ਵਿੱਚ ਉਹ ਹੀ ਹੋ ਸਕਦਾ ਹੈ, ਜਿਸ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਸੰਸਾਰਕ ਪਦਾਰਥਾਂ ਦਾ ਮੋਹ ਖ਼ਤਮ ਹੋ ਜਾਵੇ ਅਤੇ ਫੇਰ ਮਨੁੱਖ ਨੂੰ ਹਉਮੈ ਦੀ ਅੱਗ ਪੋਹ ਵੀ ਨਹੀਂ ਸਕਦੀ।

ਸੱਚਾ ਗੁਰੂ ਇੱਕ ਸਮਦਰਸ਼ੀ ਪੁਰਖ ਹੁੰਦਾ ਹੈ। ਨਿੰਦਾ – ਉਸਤਤ ਉਸ ਲਈ ਇੱਕੋ ਜਿਹੇ ਹੁੰਦੇ ਹਨ। ਉਹ ਇੱਕ ਅਜਿਹਾ ਸੁਜਾਨ ਪੁਰਖ ਹੁੰਦਾ ਹੈ, ਜਿਸ ਦਾ ਹਿਰਦਾ ਸਦਾ ਬ੍ਰਹਮ ਗਿਆਨ ਨਾਲ ਹੀ ਭਰਿਆ ਰਹਿੰਦਾ ਹੈ। ਉਹ ਨਿਰੰਕਾਰ ਦੀਆਂ ਸਭ ਸ਼ਕਤੀਆਂ ਦਾ ਮਾਲਕ ਹੁੰਦਾ ਹੈ।

ਸਤਿਗੁਰੂ ਵਿੱਚ ਹਰੀ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ ਅਤੇ ਉਸ ਦਾ ਮਿਲਾਪ ਸਾਡੇ ਅੰਦਰੋਂ ਹੰਕਾਰ ਦੀ ਅੱਗ ਨੂੰ ਸ਼ਾਂਤ ਕਰ ਦਿੰਦਾ ਹੈ। ਉਹ ਹਰ ਪਲ ਨਾਮ ਵਿੱਚ ਲੀਨ ਰਹਿੰਦਾ ਹੈ।

ਸੱਚਾ ਗੁਰੂ ਆਪਣੀ ਪੂਜਾ ਕਦੇ ਨਹੀਂ ਕਰਵਾਉਂਦਾ। ਉਹ ਸਦਾ ਨਿਰਦੋਖ ਅਤੇ ਨਿਰਵੈਰ ਰਹਿੰਦਾ ਹੈ। ਉਹ ਤਾਂ ਨਿੰਦਕਾਂ ਨੂੰ ਵੀ ਬਖਸ਼ ਦਿੰਦਾ ਹੈ।

ਪ੍ਰਸ਼ਨ 1 .ਇਸ ਪੈਰੇ ਵਿੱਚ ਕਿਸ ਦੀ ਮਹਿਮਾ ਕੀਤੀ ਗਈ ਹੈ ?

ਪ੍ਰਸ਼ਨ 2 . ਸੱਚੇ ਗੁਰੂ ਤੋਂ ਕਿਹੜੀ ਪੂੰਜੀ ਹਾਸਲ ਹੁੰਦੀ ਹੈ ?

ਪ੍ਰਸ਼ਨ 3 . ਸੱਚੇ ਗੁਰੂ ਦਾ ਹਿਰਦਾ ਕਿਹੋ ਜਿਹੇ ਗਿਆਨ ਨਾਲ ਭਰਿਆ ਹੁੰਦਾ ਹੈ ?

ਪ੍ਰਸ਼ਨ 4 . ‘ਨਿਰ’ ਤੋਂ ਕਿਹੜਾ ਸ਼ਬਦ ਬਣਦਾ ਹੈ, ਜਿਸ ਦਾ ਅਰਥ ‘ਡਰ ਤੋਂ ਰਹਿਤ’ ਹੁੰਦਾ ਹੈ ?

ਪ੍ਰਸ਼ਨ 5 . ਸੱਚਾ ਗੁਰੂ ਨਿੰਦਕਾਂ ਨਾਲ ਕਿਹੋ ਜਿਹਾ ਸੁਲੂਕ ਕਰਦਾ ਹੈ ?