ਅਣਡਿੱਠਾ ਪੈਰਾ – ਸੁਚੱਜੇ ਆਦਮੀ ਦੇ ਗੁਣ
ਸੁਚੱਜੇ ਆਦਮੀ ਦੇ ਗੁਣ
ਕਚੱਜਾ ਜੱਟ ਚਾਰ ਘੁਮਾਂ ਦੇ ਖੇਤ ਨੂੰ ਪਾਣੀ ਲਾਉਣ ਲੱਗਾ ਨੱਕਾ ਖੋਲ੍ਹ ਕੇ ਆਪ ਕਿੱਕਰ ਹੇਠ ਲੰਮਾ ਪੈ ਜਾਂਦਾ ਹੈ। ਪਾਣੀ ਉੱਚੇ ਥਾਂ ਚੜ੍ਹਦਾ ਨਹੀਂ, ਨੀਵੇਂ ਥਾਂ ਖਲੋ ਜਾਂਦਾ ਹੈ, ਪਾਣੀ ਵੱਟਾਂ ਤੋੜ ਕੇ ਖਿੰਡ ਜਾਂਦਾ ਹੈ, ਸੁਚੱਜਾ ਜੱਟ ਨੱਕਾ ਖੋਲ੍ਹ ਤੇ ਖੇਤ ਦੇ ਕਿਆਰੇ ਮਾਰਨ ਲੱਗ ਜਾਂਦਾ ਹੈ ਤੇ ਇਸ ਤਰ੍ਹਾਂ ਕਿਆਰਿਆਂ ਵਿਚ ਪਾਣੀ ਵੰਡਵਾਂ ਲਗਦਾ ਹੈ ਤੇ ਸਾਰਾ ਖੇਤ ਇੱਕੋ ਜਿਹਾ ਸਿੰਜਿਆ ਜਾਂਦਾ ਹੈ। ਕੁਚੱਜੇ ਜੀਵਨ ਵਿਚ ਸਮੇਂ ਦੀ ਵੰਡ ਦੀ ਵਿਧੀ ਨਹੀਂ ਹੁੰਦੀ, ਜਿਸ ਕਰਕੇ ਹਰ ਰੋਜ਼ ਹਰ ਗੱਲ ਉੱਤੇ ਹਰ ਔਕੜ ਸਮੇਂ ਕੁਚੱਜੇ ਆਦਮੀ ਨੂੰ ਨਿੱਕੀ ਤੋਂ ਨਿੱਕੀ ਗੱਲ ਉੱਤੇ ਮੁਢੋਂ ਵਿਚਾਰ ਕਰਨੀ ਪੈਂਦੀ ਹੈ। ਸੁਚੱਜੇ ਆਦਮੀ ਨੇ ਅਥਵਾ ਸਮੇਂ ਨੂੰ ਉਮਰ ਜਾਂ ਜ਼ਿੰਦਗੀ ਸਮਝਣ ਵਾਲੇ ਆਦਮੀ ਨੇ ਆਪਣੇ ਜੀਵਨ ਦੇ ਕਿਆਰੇ ਬਣਾਏ ਹੁੰਦੇ ਹਨ। ਉਸਨੇ ਉਨ੍ਹਾਂ ਮੁੱਢਲੀਆਂ ਫੁੱਲਾਂ ਦਾ ਨਿਬੇੜਾ ਕੀਤਾ ਹੁੰਦਾ ਹੈ, ਜਿਨ੍ਹਾਂ ਨੇ ਜੀਵਨ ਦਾ ਹਿੱਸਾ ਬਣਨਾ ਹੁੰਦਾ ਹੈ। ਵਿਚਾਰਵਾਨ ਆਦਮੀ ਹਰ ਰੋਜ਼ ਨਹੀਂ ਸੋਚਦਾ ਕਿ ਸਵੇਰੇ ਮੈਂ ਕਿਸ ਵੇਲੇ ਉੱਠਾਂ, ਅਸ਼ਨਾਨ ਕਰਾਂ ਜਾਂ ਨਾ, ਨਿਤਨੇਮ ਜਾਂ ਪਾਠ ਕਿਸ ਵੇਲੇ ਕਰਾਂ, ਜਲਪਾਨ ਕਿਸ ਵੇਲੇ ਕਰਾਂ। ਉਸਨੇ ਏਨ੍ਹਾਂ ਮੁਢਲੀਆਂ ਗੱਲਾਂ ਦੇ ਫੈਸਲੇ ਕਰਕੇ ਰੱਖ ਛੱਡੇ ਹਨ, ਤੇ ਇਨ੍ਹਾਂ ਫ਼ੈਸਲਿਆਂ ਦੀ ਪਾਲਨਾ ਉਸਦੀ ਆਦਤ ਬਣ ਚੁੱਕੀ ਹੁੰਦੀ ਹੈ, ਜਿਸ ਕਰਕੇ ਵਿਚਾਰਵਾਨ ਪੁਰਸ਼ ਦੇ ਜੀਵਨ ਦਾ ਇਹ ਹਿੱਸਾ, ਜਿਸ ਨਾਲ ਸੌਣ, ਜਾਗਣ, ਨਾਣ, ਧੋਣ, ਨਿਤਨੇਮ, ਖਾਣ-ਪੀਣ ਦਾ ਸੰਬੰਧ ਹੈ, ਸੁੱਤੇ ਸੁੱਧ ਚੰਗੇ ਬਾਂਗੇ ਹੋਏ ਪਹੀਏ ਜਾਂ ਚਰਖੜੀ ਵਾਂਗ ਚਲਦਾ ਰਹਿੰਦਾ ਹੈ। ਜਿਨ੍ਹਾਂ ਨੂੰ ਨਿਤ ਨਵੇਂ ਸੂਰਜ ਉੱਠ ਕੇ ਏਨ੍ਹਾਂ ਮੁਢਲੀਆਂ ਗੱਲਾਂ ਦੀ ਸਮੇਂ ਸੂਚੀ ਬਣਾਉਣੀ ਪੈਂਦੀ ਹੈ, ਉਹ ਕਦੇ ਸਮੇਂ ਨੂੰ ਸਰਫ਼ੇ ਤੇ ਸੰਜਮ ਨਾਲ ਵਰਤਣਯੋਗ ਨਹੀਂ ਹੋ ਸਕਦੇ। (ਲਾਲ ਸਿੰਘ ‘ਕਮਲਾ ਅਕਾਲੀ’)
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਉੱਪਰਲੀ ਰਚਨਾ ਦਾ ਢੁਕਵਾਂ ਸਿਰਲੇਖ ਲਿਖੋ।
ਪ੍ਰਸ਼ਨ 2 . ਉੱਪਰ ਦਿੱਤੀ ਰਚਨਾ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3 . ਸੁਚੱਜੇ ਆਦਮੀ ਵਿੱਚ ਕਿਹੜੇ – ਕਿਹੜੇ ਗੁਣ ਹੁੰਦੇ ਹਨ?
ਪ੍ਰਸ਼ਨ 4 . ਕਿਹੜੇ ਲੋਕ ਸਮੇਂ ਨੂੰ ਸਰਫ਼ੇ ਤੇ ਸੰਜਮ ਨਾਲ ਨਹੀਂ ਵਰਤ ਸਕਦੇ?