CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਬੁੱਢਾ ਦਲ ਅਤੇ ਤਰੁਣਾ ਦਲ


ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਮੁੜ ਆਪਣੇ ਘਰਾਂ ਵਿੱਚ ਆ ਜਾਣ। ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਤੇ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ।

1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ : ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ ਤਰੁਣਾ ਦਲ ਵਿੱਚ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਸਿੱਖ ਸਨ ਅਤੇ ਹਰੇਕ ਜੱਥੇ ਦਾ ਆਪਣਾ ਇੱਕ ਵੱਖਰਾ ਨੇਤਾ ਅਤੇ ਝੰਡਾ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਜਦਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ। ਇਨ੍ਹਾਂ ਦਲਾਂ ਨੇ ਭਵਿੱਖ ਦੇ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।


ਪ੍ਰਸ਼ਨ 1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ? ਉਸ ਸਮੇਂ ਲਾਹੌਰ ਦਾ ਸੂਬੇਦਾਰ ਕੌਣ ਸੀ?

ਉੱਤਰ : (i) ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ 1733 ਈ. ਵਿੱਚ ਹੋਇਆ ਸੀ।

(ii) ਉਸ ਸਮੇਂ ਲਾਹੌਰ ਦਾ ਸੂਬੇਦਾਰ ਜ਼ਕਰੀਆ ਖ਼ਾਂ ਸੀ।

ਪ੍ਰਸ਼ਨ 2. ਨਵਾਬ ਕਪੂਰ ਸਿੰਘ ਕੌਣ ਸੀ?

ਉੱਤਰ : ਨਵਾਬ ਕਪੂਰ ਸਿੰਘ 18ਵੀਂ ਸਦੀ ਵਿੱਚ ਸਿੱਖਾਂ ਦਾ ਇੱਕ ਪ੍ਰਸਿੱਧ ਨੇਤਾ ਸੀ।

ਪ੍ਰਸ਼ਨ 3. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?

ਉੱਤਰ : ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ।

ਪ੍ਰਸ਼ਨ 4. ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਕੌਣ ਸ਼ਾਮਲ ਸਨ?

ਉੱਤਰ : ਬੁੱਢਾ ਦਲ ਵਿੱਚ 40 ਵਰ੍ਹੇ ਤੋਂ ਵਡੇਰੀ ਉਮਰ ਦੇ ਸਿੱਖ ਅਤੇ ਤਰੁਣਾ ਦਲ ਵਿਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ।