ਅਣਡਿੱਠਾ ਪੈਰਾ : ਪਹਿਲਾ ਐਂਗਲੋ – ਸਿੱਖ ਯੁੱਧ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਪਹਿਲੇ ਯੁੱਧ ਦੀ ਅੰਤਲੀ ਲੜਾਈ ਸੀ। ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ। ਇਸ ਲੜਾਈ ਤੋਂ ਪਹਿਲਾਂ 30,000 ਸਿੱਖ ਸੈਨਿਕ ਸਭਰਾਉਂ ਪੁੱਜ ਚੁੱਕੇ ਸਨ। ਉਨ੍ਹਾਂ ਨੇ ਅੰਗਰੇਜ਼ਾਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਮੋਰਚੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ। ਲਾਲ ਸਿੰਘ ਅਤੇ ਤੇਜਾ ਸਿੰਘ ਜੋ ਕਿ ਸਿੱਖ ਫ਼ੌਜ ਦੀ ਅਗਵਾਈ ਕਰ ਰਹੇ ਸਨ ਮਿੰਟ-ਮਿੰਟ ਦੀਆਂ ਖ਼ਬਰਾਂ ਅੰਗਰੇਜ਼ਾਂ ਨੂੰ ਪਹੁੰਚਾ ਰਹੇ ਸਨ। ਸਿੱਖ ਫ਼ੌਜ ਦਾ ਮੁਕਾਬਲਾ ਕਰਨ ਲਈ ਅੰਗਰੇਜ਼ਾਂ ਨੇ ਵੀ ਚੰਗੀ ਤਿਆਰੀ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ੀ ਫ਼ੌਜ ਦੀ ਕੁੱਲ ਗਿਣਤੀ 15,000 ਸੀ। ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਇਸ ਸੈਨਾ ਦੀ ਅਗਵਾਈ ਕਰ ਰਹੇ ਸਨ। 10 ਫ਼ਰਵਰੀ, 1846 ਈ. ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖ ਫ਼ੌਜ ‘ਤੇ ਹਮਲਾ ਕਰ ਦਿੱਤਾ। ਸਿੱਖ ਫ਼ੌਜ ਦੀ ਜਵਾਬੀ ਕਾਰਵਾਈ ਕਾਰਨ ਅੰਗਰੇਜ਼ ਫ਼ੌਜ ਨੂੰ ਪਿੱਛੇ ਹਟਣਾ ਪਿਆ। ਐਨ ਇਸੇ ਵੇਲੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਪਹਿਲਾਂ ਲਾਲ ਸਿੰਘ ਅਤੇ ਫਿਰ ਤੇਜਾ ਸਿੰਘ ਮੈਦਾਨੋਂ ਨੱਸ ਤੁਰੇ। ਤੇਜਾ ਸਿੰਘ ਨੇ ਨੱਸਣ ਤੋਂ ਪਹਿਲਾਂ ਬਾਰੂਦ ਨਾਲ ਭਰੀਆਂ ਬੇੜੀਆਂ ਡੁਬੋ ਦਿੱਤੀਆਂ ਅਤੇ ਨਾਲ ਹੀ ਬੇੜੀਆਂ ਦੇ ਬਣੇ ਪੁਲ ਨੂੰ ਵੀ ਤੋੜ ਦਿੱਤਾ।


ਪ੍ਰਸ਼ਨ 1. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਕਿਹੜੀ ਲੜਾਈ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਅੰਤਲੀ ਲੜਾਈ ਸੀ?

ਪ੍ਰਸ਼ਨ 2. ਸਭਰਾਉਂ ਦੀ ਲੜਾਈ ਕਦੋਂ ਹੋਈ ਸੀ?

ਪ੍ਰਸ਼ਨ 3. ਸਭਰਾਉਂ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ?

ਪ੍ਰਸ਼ਨ 4. ਸਭਰਾਉਂ ਦੀ ਲੜਾਈ ਵਿੱਚ ਕਿਸ ਸਿੱਖ ਆਗੂ ਨੇ ਆਪਣੇ ਬਹਾਦਰੀ ਦੇ ਜੌਹਰ ਵਿਖਾਏ?