ਅਣਡਿੱਠਾ ਪੈਰਾ – ਦਾਜ ਇੱਕ ਸਮੱਸਿਆ
ਦਾਜ ਇੱਕ ਸਮੱਸਿਆ
ਭਾਵੇਂ ਭਾਰਤ ਦੇਸ਼ ਵਿੱਚ ਦਾਜ ਦੀ ਪ੍ਰਥਾ ਦੇ ਵਿਰੁੱਧ ਬਿੱਲ ਪਾਸ ਹੋਇਆ ਹੈ; ਜਿਸ ਵਿੱਚ ਦਾਜ ਲੈਣਾ ਤੇ ਮੰਗਣਾ ਦੋਸ਼ ਸਮਝਿਆ ਗਿਆ ਹੈ ਪਰੰਤੂ ਲੋੜ ਤਾਂ ਇਸ ਨੂੰ ਅਸਲੀ ਰੂਪ ਦੇਣ ਦੀ ਹੈ। ਇਸ ਸਮੱਸਿਆ ਦਾ ਹੱਲ ਨਿਰੇ ਬਿੱਲ ਤੇ ਕਾਨੂੰਨ ਪਾਸ ਕਰਨ ਨਾਲ ਹੀ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਦਾ ਹੱਲ ਕਾਨੂੰਨ ਨੂੰ ਅਮਲੀ ਜਾਮਾ ਪਹਿਨਾ ਕੇ ਹੀ ਹੋ ਸਕਦਾ ਹੈ। ਜਿਸ ਦੀ ਅਜੇ ਸਾਡੇ ਸਮਾਜ ਵਿੱਚ ਭਾਰੀ ਅਣਹੋਂਦ ਹੈ। ਜਿੰਨਾ ਚਿਰ ਸਾਡਾ ਇਹ ਕਾਨੂੰਨ ਕਾਗਜ਼ਾਂ ਦੀ ਸੀਮਾ ਤੱਕ ਰਹੇਗਾ, ਓਨਾ ਚਿਰ ਇਹ ਦਾਜ ਦੀ ਬਿਮਾਰੀ ਸਮਾਜ ਵਿੱਚੋਂ ਦੂਰ ਨਹੀਂ ਹੋ ਸਕਦੀ। ਜੇਕਰ ਇਹ ਬਿਮਾਰੀ ਲਾ – ਇਲਾਜ ਬਣੀ ਰਹੀ ਤਾਂ ਇਹ ਸਾਡੇ ਨੀਵੇਂ ਵਰਗ ਨੂੰ ਅੰਦਰੋ – ਅੰਦਰੀਂ ਹੀ ਘੁਣ ਵਾਂਗ ਖਾਈ ਜਾਵੇਗੀ ਤੇ ਸਮਾਜਕ ਕੁਰੀਤੀਆਂ ਵਧ ਜਾਣਗੀਆਂ ਜੋ ਸਮਾਜ ਲਈ ਹੋਰ ਵੀ ਹਾਨੀਕਾਰਕ ਸਿੱਧ ਹੋਣਗੀਆਂ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਦਾਜ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਲੱਭ ਕੇ ਭਾਰਤੀ ਸਮਾਜ ਨੂੰ ਇਸ ਰੋਗ ਤੋਂ ਸਦਾ ਲਈ ਅਰੋਗ ਕੀਤਾ ਜਾਵੇ। ਮਾਪਿਆਂ ਦੀ ਜਾਇਦਾਦ ਵਿੱਚ ਲੜਕੀਆਂ ਵੀ ਬਰਾਬਰ ਹਿੱਸਾ ਰੱਖਦੀਆਂ ਹਨ। ਇਸ ਲਈ ਦਾਜ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਪਰ ਵੇਖਿਆ ਗਿਆ ਹੈ ਕਿ ਸਾਡੇ ਸਮਾਜ ਵਿੱਚ ਲਾਲਚ ਦੀ ਭਾਵਨਾ ਅਧੀਨ ਦਾਜ ਦੀ ਮੰਗ ਕੀਤੀ ਜਾਂਦੀ ਹੈ। ਅਮੀਰ ਵਰਗ ਤਾਂ ਦਾਜ ਲੈ – ਦੇ ਸਕਦਾ ਹੈ ਪਰੰਤੂ ਦਰਦਨਾਕ ਅਵਸਥਾ ਤਾਂ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਆਪਣੀ ਜਾਇਦਾਦ ਤੱਕ ਵੇਚਣੀ ਪੈਂਦੀ ਹੈ ਤੇ ਲੜਕੀ ਲਈ ਸਭ ਕੁੱਝ ਕਰਨਾ ਪੈਂਦਾ ਹੈ। ਇਸ ਕਰਕੇ ਇਨ੍ਹਾਂ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲੋਕਾਂ ਨੂੰ ਜਿਹੜੇ ਕਿ ਦਾਜ ਪ੍ਰਥਾ ਦੇ ਵਿਰੋਧੀ ਹਨ, ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਕੁਝ ਦਾਜ ਪ੍ਰਥਾ ਦੇ ਵਿਰੋਧੀ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਦਹੇਜ ਵਿਰੋਧੀ ਬਿੱਲ ਕੀ ਹੈ?
(ੳ) ਦਹੇਜ ਇੱਕ ਪ੍ਰਥਾ
(ਅ) ਦਹੇਜ ਇੱਕ ਸਮੱਸਿਆ
(ੲ) ਦਹੇਜ ਲੈਣਾ ਅਤੇ ਮੰਗਣਾ ਦੇਸ਼ ਸਮਝਿਆ ਗਿਆ
(ਸ) ਦਹੇਜ ਇੱਕ ਰਸਮ
ਪ੍ਰਸ਼ਨ 2 . ਕੀ ਦਹੇਜ ਦੀ ਸਮੱਸਿਆ ਦਾ ਸਥਾਈ ਹੱਕ ਲੱਭਣਾ ਜ਼ਰੂਰੀ ਹੈ ਤੇ ਕਿਉਂ?
(ੳ) ਹਾਂ
(ਅ) ਨਹੀਂ
(ੲ) ਬਿਲਕੁਲ ਨਹੀਂ
(ਸ) ਕਦੇ – ਕਦੇ
ਪ੍ਰਸ਼ਨ 3 . ਸਮਾਜ ਵਿੱਚ ਦਾਜ ਦੀ ਸਮੱਸਿਆ ਦੀ ਸਥਿਤੀ ਕਿਹੋ ਜਿਹੀ ਤੇ ਕਿਉਂ ਹੈ?
(ੳ) ਲਾ – ਇਲਾਜ ਬਿਮਾਰੀ ਦੀ ਤਰ੍ਹਾਂ
(ਅ) ਇੱਕ ਰਸਮ ਦੀ ਤਰ੍ਹਾਂ
(ੲ) ਇੱਕ ਸ਼ਗਨ ਦੀ ਤਰ੍ਹਾਂ
(ਸ) ਵਿਖਾਵੇ ਦੀ ਤਰ੍ਹਾਂ
ਪ੍ਰਸ਼ਨ 4 . ‘ਕੁਰੀਤੀਆਂ’ ਸ਼ਬਦ ਦਾ ਅਰਥ ਦੱਸੋ।
(ੳ) ਰਸਮਾਂ
(ਅ) ਬੁਰਾਈਆਂ
(ੲ) ਪ੍ਰਥਾ
(ਸ) ਸ਼ਗਨ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਦਾਜ ਇੱਕ ਸਮੱਸਿਆ
(ਅ) ਦਾਜ ਇੱਕ ਜ਼ਰੂਰਤ
(ੲ) ਦਾਜ ਇੱਕ ਰਸਮ
(ਸ) ਵਿਆਹ ਦੀ ਰਸਮ