ਅਣਡਿੱਠਾ ਪੈਰਾ : ਯਸੂਹ
ਯਸੂਹ ਹੁਣ ਪ੍ਰਭੂ ਦਾ ਪ੍ਰਚਾਰ ਵੀ ਕਰਦਾ ਤੇ ਲੋਕਾਂ ਦੇ ਮਨੋਰੋਗ ਤੇ ਤਨੋਰੋਗ ਵੀ ਦੂਰ ਕਰਦਾ। ‘ਸਰਬ ਰੋਗ ਦਾ ਅਉਖਦੁ ਨਾਮ’ ਉਹਦੀ ਕਰਨੀ ਤੇ ਕਥਨੀ ਵਿਚ ਝਲਕਦਾ ਹੈ। ਉਹਦਾ ਮੁੱਖ ਉਪਦੇਸ਼ ਸੀ ਕਿ ਪ੍ਰਭੂ ਉੱਪਰ ਵਿਸ਼ਵਾਸ ਸਾਰੇ ਰੋਗਾਂ ਦਾ ਦਾਰੂ ਹੈ। ਉਹਨੀਂ ਦਿਨੀਂ ਬਹੁਤੇ ਲੋਕ ਜਿੰਨਾਂ-ਭੂਤਾਂ ਦੇ ਪ੍ਰਭਾਵ ਹੇਠ ਸਨ।
ਯਸੂਹ ਉਨ੍ਹਾਂ ਨੂੰ ਪ੍ਰਭੂ ਉੱਪਰ ਵਿਸ਼ਵਾਸ ਕਰਨ ਲਈ ਪ੍ਰੇਰਦਾ ਤੇ ਉਨ੍ਹਾਂ ਦੇ ਮਾਨਸਿਕ ਕਸ਼ਟ ਦੂਰ ਹੋ ਜਾਂਦੇ। ਜਿੰਨਾਂ-ਭੂਤਾਂ ਦੇ ਪਰਛਾਵੇਂ ਤੋਂ ਉਨ੍ਹਾਂ ਨੂੰ ਛੁਟਕਾਰਾ ਮਿਲ ਜਾਂਦਾ।
ਦੂਜਾ ਵੱਡਾ ਰੋਗ ਕੇੜ੍ਹ ਸੀ। ਇਹ ਰੋਗ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਤੇ ਹਕੀਮਾਂ ਪਾਸ ਇਸ ਦਾ ਅਜੇ ਇਲਾਜ ਨਹੀਂ ਸੀ। ਲੋਕ ਤਾਂ ਕੋੜ੍ਹੀਆਂ ਦੇ ਪਰਛਾਵੇਂ ਤੋਂ ਵੀ ਡਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਲਾਗੇ ਢੁੱਕਣ ਨਹੀਂ ਸਨ ਦੇਂਦੇ।
ਯਸੂਹ ਬੜਾ ਰਹਿਮ-ਦਿਲ ਸੀ। ਰੋਗੀਆਂ ਦੇ ਮਨ ਵਿਚ ਵਿਸ਼ਵਾਸ ਜਗਾ ਸਕਣ ਦੀ ਉਸ ਵਿਚ ਬੜੀ ਸਮਰੱਥਾ ਸੀ। ਰੋਗੀ ਕਹਿੰਦਾ ਮੈਨੂੰ ਵਿਸ਼ਵਾਸ ਹੈ ਕਿ ਜੇ ਤੂੰ ਚਾਹੇਂ, ਤਾਂ ਮੈਂ ਅਰੋਗ ਹੋ ਜਾਵਾਂਗਾ। ਯਸੂਹ ਜਵਾਬ ਵਿਚ ਕਹਿੰਦਾ ਕਿ ਮੈਂ ਇਹੋ ਚਾਹੁੰਦਾ ਹਾਂ ਕਿ ਤੂੰ ਰਾਜ਼ੀ ਹੋ ਜਾਵੇਂ। ਬੜਾ ਅਲੋਕਾਰ ਪ੍ਰਭਾਵ ਸੀ ਉਹਦੇ ਬੋਲਾਂ ਦਾ ਤੇ ਉਸਦੀ ਕਰਨੀ ਦਾ। ਇਉਂ ਜਾਪਦਾ ਸੀ ਜਿਵੇਂ ਉਹ ਦੂਜਿਆਂ ਦੇ ਰੋਗ-ਸੋਗ ਆਪਣੇ ਉੱਪਰ ਲੈ ਰਿਹਾ ਹੈ। ਉਹਦੇ ਉੱਪਰ ਲੋਕਾਂ ਦਾ ਵਿਸ਼ਵਾਸ ਏਨਾ ਦ੍ਰਿੜ੍ਹ ਸੀ ਕਿ ਉਹ ਮੰਨਣ ਲੱਗ ਪਏ ਸਨ ਕਿ ਯਸੂਹ ਰੋਗੀ ਨੂੰ ਵੇਖੇ ਬਿਨਾਂ ਜਾਂ ਛੋਹੇ ਬਿਨਾਂ ਵੀ ਚਾਹੇ ਤਾਂ ਰੋਗੀ ਤੰਦਰੁਸਤ ਹੋ ਸਕਦਾ ਹੈ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ (ੳ) ਹੁਣ ਯਸੂਹ ਕੀ ਕਰਦਾ ਸੀ?
ਉੱਤਰ : ਹੁਣ ਯਸੂਹ ਪ੍ਰਭੂ ਦਾ ਪ੍ਰਚਾਰ ਕਰਦਾ ਸੀ ਤੇ ਨਾਲ ਹੀ ਉਹ ਲੋਕਾਂ ਦੇ ਮਨੋਰੋਗ ਤੇ ਤਨੋਰੋਗ ਵੀ ਦੂਰ ਕਰਦਾ ਸੀ।
ਪ੍ਰਸ਼ਨ (ਅ) ਯਸੂਹ ਅਨੁਸਾਰ ਸਾਰੇ ਰੋਗਾਂ ਦਾ ਦਾਰੂ ਕੀ ਸੀ?
ਉੱਤਰ : ਯਸੂਹ ਅਨੁਸਾਰ ਪ੍ਰਭੂ ਉੱਪਰ ਵਿਸ਼ਵਾਸ ਸਾਰੇ ਰੋਗਾਂ ਦਾ ਦਾਰੂ ਸੀ। ਯਸੂਹ ਲੋਕਾਂ ਨੂੰ ਪ੍ਰਭੂ ਉੱਪਰ ਵਿਸ਼ਵਾਸ ਕਰਨ ਦੀ ਪ੍ਰੇਰਨਾ ਦੇ ਕੇ ਉਨ੍ਹਾਂ ਦੇ ਜਿੰਨਾਂ-ਭੂਤਾਂ ਦੇ ਪ੍ਰਭਾਵ ਤੋਂ ਪੈਦਾ ਹੋਏ ਮਾਨਸਿਕ ਕਸ਼ਟ ਦੂਰ ਕਰਦਾ ਸੀ।
ਪ੍ਰਸ਼ਨ (ੲ) ਯਸੂਹ ਲੋਕਾਂ ਦੇ ਮਾਨਸਿਕ ਕਸ਼ਟ ਕਿਵੇਂ ਦੂਰ ਕਰਦਾ ਸੀ?
ਉੱਤਰ : ਯਸੂਹ ਲੋਕਾਂ ਨੂੰ ਪ੍ਰਭੂ ਉੱਪਰ ਵਿਸ਼ਵਾਸ ਕਰਨ ਲਈ ਪ੍ਰੇਰਦਾ, ਜਿਸ ਨਾਲ ਉਨ੍ਹਾਂ ਦੇ ਮਾਨਸਿਕ ਕਸ਼ਟ ਦੂਰ ਹੋ ਜਾਂਦੇ।
ਪ੍ਰਸ਼ਨ (ਸ) ਕੋੜ੍ਹ ਦੇ ਰੋਗੀਆਂ ਪ੍ਰਤੀ ਯਸੂਹ ਦਾ ਕੀ ਵਤੀਰਾ ਸੀ?
ਉੱਤਰ : ਯਸੂਹ ਬੜਾ ਰਹਿਮ-ਦਿਲ ਸੀ। ਜਿਨ੍ਹਾਂ ਕੋੜ੍ਹ ਦੇ ਰੋਗੀਆਂ ਦੇ ਪਰਛਾਵੇਂ ਤੋਂ ਵੀ ਲੋਕ ਡਰਦੇ ਸਨ, ਯਸੂਹ ਉਨ੍ਹਾਂ ਵਿਚ ਆਪਣੇ ਬੋਲਾਂ ਨਾਲ ਵਿਸ਼ਵਾਸ ਪੈਦਾ ਕਰ ਦਿੰਦਾ ਸੀ ਕਿ ਉਹ ਰਾਜ਼ੀ ਹੋ ਜਾਣਗੇ।
ਪ੍ਰਸ਼ਨ (ਹ) ਰੋਗੀ ਤੇ ਯਸੂਹ ਦਾ ਵਾਰਤਾਲਾਪ ਕੀ ਹੁੰਦਾ ਸੀ?
ਉੱਤਰ : ਰੋਗੀ ਯਸੂਹ ਨੂੰ ਕਹਿੰਦਾ ਸੀ ਕਿ ਉਸ ਨੂੰ ਵਿਸ਼ਵਾਸ ਹੈ ਕਿ ਜੇਕਰ ਉਹ ਚਾਹੇ, ਤਾਂ ਉਹ ਰਾਜ਼ੀ ਹੋ ਸਕਦਾ ਹੈ ਤੇ ਯਸੂਹ ਉੱਤਰ ਦਿੰਦਾ ਹੈ ਕਿ ਉਹ ਇਹੋ ਚਾਹੁੰਦਾ ਹੈ ਕਿ ਉਹ ਠੀਕ ਹੋ ਜਾਵੇ।
ਪ੍ਰਸ਼ਨ (ਕ) ਲੋਕ ਯਸੂਹ ਬਾਰੇ ਕੀ ਮੰਨਣ ਲੱਗ ਪਏ ਸਨ?
ਉੱਤਰ : ਰੋਗੀ ਇਹ ਮੰਨਣ ਲੱਗ ਪਏ ਸਨ ਕਿ ਯਸੂਹ ਰੋਗੀ ਨੂੰ ਵੇਖੇ ਜਾਂ ਛੋਹੇ ਬਿਨਾਂ ਵੀ, ਜੇ ਚਾਹੇ, ਤਾਂ ਤੰਦਰੁਸਤ ਕਰ ਸਕਦਾ ਹੈ।