ਅਣਡਿੱਠਾ ਪੈਰਾ – ਘਰ
ਘਰ – ਮੱਨੁਖੀ ਚਰਿੱਤਰ ਦਾ ਕੇਂਦਰ
ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ, ਭੈਣ ਤੇ ਭਰਾ ਨੇ ਕੁਲ ਲਾਡ-ਪਿਆਰ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ, ਲਤਾੜ ਕੇ ਖੱਟੀ-ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ, ਜਿੱਥੇ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿੱਚ ਇਉਂ ਸੁਆਦ ਆਉਂਦਾ ਹੈ, ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦਾ ਆਚਰਨ ਬਣਾਉਣ ਵਿੱਚ ਜਿੱਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ ਹੈ, ਸਗੋਂ ਮਨੁੱਖੀ ਆਚਰਨ ਬਣਦਾ ਹੀ ਘਰ ਵਿੱਚ ਹੈ। ਇਹ ਉਸ ਦੀਆਂ ਰੁਚੀਆਂ ਤੇ ਸੁਭਾਅ ਦਾ ਸਾਂਚਾ ਹੈ। ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ, ਸੜੀਅਲ ਜਾਂ ਖਿੱਝੂ ਸੁਭਾਅ ਵਾਲਾ ਵੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਘਰ ਤੋਂ ਲੇਖਕ ਦਾ ਕੀ ਭਾਵ ਹੈ ?
ਪ੍ਰਸ਼ਨ 2. ਮਨੁੱਖ ਦਾ ਆਚਰਨ ਬਣਾਉਣ ਵਿੱਚ ਘਰ ਦਾ ਕੀ ਯੋਗਦਾਨ ਹੈ ?
ਪ੍ਰਸ਼ਨ 3. ਮਨੁੱਖ ਦੇ ਸੁਭਾਅ ਵਿੱਚ ਘਰ ਦੇ ਪਿਆਰ ਦੀ ਕੀ ਮਹੱਤਤਾ ਹੈ ?
ਪ੍ਰਸ਼ਨ 4. ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।