ਅਣਡਿੱਠਾ ਪੈਰਾ – ਗੁਆਂਢਣਾਂ ਦੀ ਲੜਾਈ
ਆਪਸ ਵਿੱਚ ਲੜਦੀਆਂ ਗੁਆਂਢਣਾਂ ਬੋਲੀ ਵਰਤਣ ਵਿੱਚ ਕਮਾਲ ਦਿਖਾਉਂਦੀਆਂ ਹਨ। ਅਜਿਹੀ ਲੜਾਈ ਉਨ੍ਹਾਂ ਦੇ ਫਿੱਕੇ ਜੀਵਨ ‘ਤੇ ਰੰਗ ਚਾੜ੍ਹਦੀ ਹੈ। ਲੜਾਈ ਦਾ ਮੁੱਢ ਹਮੇਸ਼ਾ ਤੀਜੇ ਪਹਿਰ ਹੁੰਦਾ ਸੀ, ਜਦ ਸਵੇਰ ਦਾ ਧੰਦਾ ਮੁੱਕ ਚੁੱਕਾ ਤੇ ਸ਼ਾਮ ਦਾ ਕੰਮ ਹਾਲੀ ਸ਼ੁਰੂ ਹੋਣਾ ਹੁੰਦਾ ਸੀ।
ਇੱਕ ਧਿਰ, ਪਹਿਲ ਕਰਨ ਵਾਲੀ ਜਾਂ ਜਵਾਬ ਦੇਣ ਵਾਲੀ ਆਪਣੇ ਘਰ ਦੇ ਸਾਹਮਣੇ ਥੜ੍ਹੇ ‘ਤੇ ਆ ਕੇ ਬੈਠੇਗੀ। ਹੋਰ ਗੁਆਂਢਣਾਂ ਛੇਤੀ ਨਾਲ ਆਪਣਾ ਕੰਮ ਛੱਡ ਕੇ ਆਪਣੇ ਬੂਹਿਆਂ ਵਿੱਚ ਖਲੋ ਜਾਣਗੀਆਂ ਤੇ ਹੁਣ ਲੜਾਈ ਸੱਚ – ਮੁੱਚ ਲੱਗ ਪਏਗੀ। ਮੁਢਲੇ ਲੈਣ – ਦੇਣ ਤੋਂ ਬਾਅਦ ਦਰਸ਼ਕ ਔਰਤਾਂ ਵੀ ਤਮਾਸ਼ਾ ਦੇਖਣ ਨੂੰ ਜਮ੍ਹਾ ਹੋ ਜਾਂਦੀਆਂ ਸ਼ਨ ਤੇ ਫੇਰ ਦਿਨ ਢਲਣ ਤੱਕ ਕੋਈ ਪਿੱਛੇ ਨਹੀਂ ਸੀ ਹਟਦਾ।
ਸਭ ਪਿਛਲੀਆਂ ਬੀਤੀਆਂ ਫੋਲੀਆਂ ਜਾਂਦੀਆਂ ਸਨ ਤੇ ਕੁਰੱਖਤ ਸ਼ਬਦਾਂ ਵਿੱਚ ਇੱਕ – ਦੂਜੇ ਨੂੰ ਭੰਡਿਆ ਜਾਂਦਾ ਸੀ। ‘ਡੈਣ’, ‘ਮੋਏ ਬੱਚਿਆਂ ਨੂੰ ਖਾਣ ਵਾਲੀ’, ‘ਖਸਮਾਂ ਖਾਣੀ’, ‘ਬੇਹਯਾ’, ‘ਤੈਨੂੰ ਅੱਗ ਲੱਗੇ’, ‘ਡੁੱਬ ਮਰੇਂ’, ਇਹ ਸਭ ਵਿਸ਼ੇਸ਼ਣ ਦਿਲ ਖੋਲ੍ਹ ਕੇ ਵਰਤੇ ਜਾਂਦੇ ਸਨ। ਇੱਕ ਵੱਡੀ ਊਜ ਤੇ ਕੁਝ ਕਲਪਿਤ ਕਹਾਣੀਆਂ ਚੇਤੇ ਕਰਕੇ ਉਨ੍ਹਾਂ ‘ਤੇ ਮਸਾਲਾ ਲਾਇਆ ਜਾਂਦਾ ਸੀ, ਜਿਵੇਂ ਕਿ ਪ੍ਰਾਹੁਣਿਆਂ ਨਾਲ ਕਮੀਨਾਪਨ, ਜੰਮਣੇ – ਮਰਨੇ ਤੇ ਵਿਆਹਾਂ ਵੇਲੇ ਕਮੀਨਾਪਨ, ਰਿਸ਼ਤੇਦਾਰਾਂ ਤੇ ਗਵਾਂਢੀਆਂ ਦੇ ਬਾਲਾਂ ਨਾਲ ਕਮੀਨਾਪਨ, ਹਰ ਤਰ੍ਹਾਂ ਦੇ ਕਮੀਨੇਪਨ ਦੀਆਂ ਕਹਾਣੀਆਂ ਅਜਿਹੇ ਮੌਕੇ ‘ਤੇ ਵਰਤਣ ਲਈ ਸਾਂਭ ਕੇ ਰੱਖੀਆਂ ਜਾਂਦੀਆਂ ਸਨ।
ਪ੍ਰਸ਼ਨ 1 . ਲੜਾਈ ਦਾ ਮੁੱਢ ਕਦੋਂ ਹੁੰਦਾ ਸੀ?
(ੳ) ਪਹਿਲੇ ਪਹਿਰ
(ਅ) ਦੂਜੇ ਪਹਿਰ
(ੲ) ਤੀਜੇ ਪਹਿਰ
(ਸ) ਚੌਥੇ ਪਹਿਰ
ਪ੍ਰਸ਼ਨ 2 . ਆਪਸ ਵਿੱਚ ਲੜਦੀਆਂ ਗੁਆਂਢਣਾਂ ਦੀ ਕਿਹੜੇ ਕਮਾਲ ਦੀ ਗੱਲ ਕੀਤੀ ਗਈ ਹੈ?
(ੳ) ਬੋਲੀ ਅਤੇ ਸ਼ਬਦਾਵਲੀ
(ਅ) ਪਿਆਰ ਦੀ
(ੲ) ਨਫ਼ਰਤ ਦੀ
(ਸ) ਦੂਜੇ ਨੂੰ ਭੰਡਣ ਦੀ
ਪ੍ਰਸ਼ਨ 3 . ਗੁਆਂਢਣਾਂ ਦੀ ਲੜਾਈ ਵਿੱਚ ਕਿਹੋ ਜਿਹੀਆਂ ਗੱਲਾਂ ‘ਤੇ ਮਸਾਲਾ ਲਾਇਆ ਜਾਂਦਾ ਹੈ?
(ੳ) ਮਿਥਿਹਾਸਕ ਕਹਾਣੀ ‘ਤੇ
(ਅ) ਕਲਪਿਤ ਕਹਾਣੀਆਂ ‘ਤੇ
(ੲ) ਇਤਿਹਾਸਕ ਕਹਾਣੀਆਂ ‘ਤੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 4 . ‘ਭੰਡਿਆ’ ਸ਼ਬਦ ਦਾ ਅਰਥ ਦੱਸੋ।
(ੳ) ਭਾਂਡਾ
(ਅ) ਬਰਤਨ
(ੲ) ਨਿੰਦਿਆ
(ਸ) ਪ੍ਰਸ਼ੰਸਾ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਆਂਢ – ਗੁਆਂਢ
(ਅ) ਲੜਾਈ ਦਾ ਦ੍ਰਿਸ਼
(ੲ) ਤਾਹਨੇ – ਮਿਹਣੇ
(ਸ) ਗੁਆਂਢਣਾਂ ਦੀ ਲੜਾਈ