ਅਣਡਿੱਠਾ ਪੈਰਾ – ਗਿੱਧਾ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ-ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਵਿਚਕਾਰ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਹੋਇਆ ਘੁੰਮਦੀ ਹੈ। ਜਦ ਉਹ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ— ਭਾਵ ਉਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸੇ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਜਿਊਂਦ ਅਨੂਠਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ। ਪਿੜ ਦੇ ਬੋਲੀ ਛੱਡਣ ’ਤੇ ਹੀ ਕੁੜੀਆਂ ਨੱਚਣਾ ਬੰਦ ਕਰ ਕੇ ਉਹਨਾਂ ਨਾਲ ਆ ਰਲਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਲੈ ਕੇ ਬੋਲੀ ਚੁੱਕੀ ਜਾਂਦੀ ਹੈ ਅਤੇ ਗਿੱਧਾ ਮਘਦਾ ਰਹਿੰਦਾ ਹੈ।
ਪ੍ਰਸ਼ਨ 1. ਗਿੱਧਾ ਪਾਉਣ ਵੇਲੇ ਕੁੜੀਆਂ ਕੀ ਬਣਾ ਕੇ ਖਲੋ ਜਾਂਦੀਆਂ ਹਨ ?
(ੳ) ਗੋਲ-ਦਾਇਰਾ
(ਅ) ਕਤਾਰ
(ੲ) ਲਾਈਨ
(ਸ) ਚੱਕਰ
ਪ੍ਰਸ਼ਨ 2. ਕਿਸ ਦੇ ਵੱਜਣ ‘ਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ?
(ੳ) ਢੋਲਕੀ
(ਅ) ਢੋਲ
(ੲ) ਘੜੀ
(ਸ) ਸੀਟੀ
ਪ੍ਰਸ਼ਨ 3. ਜਦ ਕੁੜੀ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖੜ੍ਹੀਆਂ ਕੁੜੀਆਂ ਕਿਸ ਨੂੰ ਚੁੱਕ ਲੈਂਦੀਆਂ ਹਨ?
(ੳ) ਬੋਲੀ ਪਾਉਣ ਵਾਲੀ ਕੁੜੀ ਨੂੰ
(ਅ) ਟੱਪੇ ਦੇ ਬੋਲਾਂ ਨੂੰ
(ੲ) ਬੋਲੀ ਨੂੰ
(ਸ) ਟੱਪੇ ਨੂੰ
ਪ੍ਰਸ਼ਨ 4. ਦਾਇਰੇ ਵਿੱਚੋਂ ਕਿੰਨੀਆਂ ਕੁੜੀਆਂ ਨਿਕਲ ਕੇ ਪਿੜ ਵਿੱਚ ਆ ਕੇ ਨੱਚਣ ਲੱਗਦੀਆਂ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 5. ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਕਿਹੜਾ ਗਹਿਣਾ ਪਾਇਆ ਹੁੰਦਾ ਹੈ?
(ੳ) ਤਿੱਲੇਦਾਰ ਜੁੱਤੀ
(ਅ) ਝਾਂਜਰਾਂ
(ੲ) ਘੁੰਗਰੂ
(ਸ) ਮਣਕੇ