ਅਣਡਿੱਠਾ ਪੈਰਾ : ਅਬਦੁਸ ਸਮਦ ਖਾਂ


ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖ਼ਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ। ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਉਨ੍ਹਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ‘ਤੇ ਜਾਨ ਬਖ਼ਸ਼ੀ ਦਾ ਲਾਲਚ ਦਿੱਤਾ ਜਾਂਦਾ, ਪਰ ਗੁਰੂ ਦੇ ਸਿੱਖ ਅਜਿਹੀ ਜ਼ਿੰਦਗੀ ਤੋਂ ਸ਼ਹੀਦ ਹੋਣਾ ਜ਼ਿਆਦਾ ਚੰਗਾ ਸਮਝਦੇ ਸਨ। ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ।

ਅਬਦੁਸ ਸਮਦ ਖ਼ਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਪਹਾੜਾਂ ਵਿੱਚ ਜਾ ਸ਼ਰਨ ਲਈ। ਇੱਥੇ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਈ-ਕਈ ਦਿਨਾਂ ਤਕ ਭੁੱਖਿਆਂ ਰਹਿਣਾ ਪੈਂਦਾ ਸੀ ਜਾਂ ਉਹ ਰੁੱਖਾਂ ਦੇ ਪੱਤੇ ਤੇ ਛਿੱਲੜਾਂ ਖਾ ਕੇ ਆਪਣੀ ਭੁੱਖ ਮਿਟਾਉਂਦੇ ਸਨ।

ਮੁਗ਼ਲ ਅਧਿਕਾਰੀਆਂ ਨੇ ਪਿੱਛੇ ਰਹਿ ਗਈਆਂ ਸਿੱਖ ਇਸਤਰੀਆਂ ਅਤੇ ਬੱਚਿਆਂ ‘ਤੇ ਆਪਣਾ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰ੍ਹਿਆਂ ਤਕ ਅਬਦੁਸ ਸਮਦ ਖ਼ਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ। ਇਸ ਤੋਂ ਖ਼ੁਸ਼ ਹੋ ਕੇ ਫ਼ਰੁਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਆ।


ਪ੍ਰਸ਼ਨ. ਅਬਦੁਸ ਸਮਦ ਖ਼ਾਂ ਕੌਣ ਸੀ?

ਉੱਤਰ : (i) ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ।

(ii) ਉਹ ਇਸ ਅਹੁਦੇ ‘ਤੇ 1713 ਈ. ਤੋਂ 1726 ਈ. ਤਕ ਰਿਹਾ।

ਪ੍ਰਸ਼ਨ. ਸਿੱਖਾਂ ਨੂੰ ਰੋਜ਼ਾਨਾ ਕਿੱਥੇ ਸ਼ਹੀਦ ਕੀਤਾ ਜਾਂਦਾ ਸੀ?

ਉੱਤਰ : ਸਿੱਖਾਂ ਨੂੰ ਰੋਜ਼ਾਨਾ ਲਾਹੌਰ ਵਿਖੇ ਸ਼ਹੀਦ ਕੀਤਾ ਜਾਂਦਾ ਸੀ।

ਪ੍ਰਸ਼ਨ. ਅਬਦੁਸ ਸਮਦ ਖ਼ਾਂ ਦੇ ਜੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਕੀ ਕੀਤਾ?

ਉੱਤਰ : ਅਬਦੁਸ ਸਮਦ ਖ਼ਾਂ ਦੇ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਪਹਾੜਾਂ ਵਿੱਚ ਜਾ ਕੇ ਸ਼ਰਨ ਲਈ।

ਪ੍ਰਸ਼ਨ. ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ?

ਉੱਤਰ : ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।