ਅਣਡਿੱਠਾ ਪੈਰਾ – ਅਚੇਤ ਅਤੇ ਸੁਚੇਤ ਮਨ

ਅਚੇਤ ਅਤੇ ਸੁਚੇਤ ਮਨ

ਇਕ ਵਿਦਿਆਰਥੀ ਇਮਤਿਹਾਨ ਦੇਣ ਜਾਂਦਾ ਹੈ।ਹਿਸਾਬ ਦਾ ਪਰਚਾ ਹੈ, ਪਹਿਲਾ ਹੀ ਸਵਾਲ ਗਲਤ ਨਿਕਲ ਆਉਂਦਾ ਹੈ, ਹੁਣ ਜਿਉਂ-ਜਿਉਂ ਉਹ ਇਸੇ ਸਵਾਲ ਨੂੰ ਠੀਕ ਕੱਢਣ ਦੇ ਜਤਨ ਕਰਦਾ ਹੈ, ਤਿਉਂ-ਤਿਉਂ ਉਲਝਨਾਂ ਪੈਂਦੀਆਂ ਜਾਂਦੀਆਂ ਹਨ। ਇਹ ਸਵਾਲ ਨੂੰ ਠੀਕ ਹੱਲ ਕਰਨਾ ਸੁਚੇਤ ਮਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਅੱਕ ਕੇ ਉਹ ਇਸ ਸਵਾਲ ਨੂੰ ਛੱਡ ਕੇ ਬਾਕੀ ਦਾ ਪਰਚਾ ਕਰਦਾ ਹੈ; ਅਖੀਰ ਤੇ ਫਿਰ ਪਹਿਲੇ ਸਵਾਲ ਨੂੰ ਹੀ ਹੱਲ ਕਰਨ ਦਾ ਯਤਨ ਕਰਦਾ ਹੈ ਤੇ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਉਹ ਸਵਾਲ ਠੀਕ ਨਿਕਲ ਆਉਂਦਾ ਹੈ। ਵਿਦਿਆਰਥੀ ਨੂੰ ਉਸ ਉਲਝਨ ਵਿੱਚੋਂ ਕਿਸ ਨੇ ਕੱਢਿਆ? ਮਨ ਦੀ ਅਚੇਤ ਅਵਸਥਾ ਨੇ, ਅਤੇ ਅਚੇਤ ਮਨ ਨੇ, ਕਿਉਂਕਿ ਸੁਚੇਤ ਮਨ ਤਾਂ ਬਾਕੀ ਪਰਚਾ ਕਰਨ ਵਿਚ ਰੁੱਝਾ ਹੋਇਆ ਸੀ; ਇਤਨੇ ਸਮੇਂ ਵਿਚ ਅਚੇਤ ਮਨ ਨੂੰ ਮੌਕਾ ਮਿਲ ਗਿਆ ਕਿ ਸੁਚੇਤ ਮਨ ਨੂੰ ਰਾਹ ਦੱਸ ਸਕੇ। ਰਾਤ ਨੂੰ ਸੌਣ ਵੇਲੇ ਇਕ ਵਿਦਿਆਰਥੀ ਆਪਣੇ ਆਪ ਨੂੰ ਇਹ ਆਖਦਾ ਹੈ ਕਿ ਸਵੇਰੇ ਚਾਰ ਵਜੇ ਜਗਾ ਦੇਣਾ। ਇਹ ਗੱਲ ਆਖਣ ਵਾਲਾ ਸੁਚੇਤ ਮਨ ਹੈ ਜੋ ਥੱਕੇ ਹੋਏ ਸਰੀਰ ਦੇ ਨਾਲ ਹੀ ਨੀਂਦ ਵਿਚ ਚਲਾ ਜਾਂਦਾ ਹੈ, ਪਰ ਪੂਰੇ ਚਾਰ ਵਜੇ ਉਸਨੂੰ ਜਾਗ ਆ ਜਾਂਦੀ ਹੈ, ਕਿਸ ਨੇ ਜਗਾਇਆ? ਅਚੇਤ ਮਨ ਨੇ, ਜੋ ਸੁਚੇਤ ਮਨ ਦੇ ਆਰਾਮ ਕਰਨ ਤੇ ਪਹਿਰੇ ਤੇ ਆ ਖਲੋਂਦਾ ਹੈ। ਜੀਵਨ ਦੇ ਅਜਿਹੇ ਕਈ ਹੋਰ ਰੋਜ਼ਾਨਾ ਤਜ਼ਰਬੇ ਸਾਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਸਾਡੇ ਰੋਜ਼ਾਨਾ ਜੀਵਨ ਵਿਚ ਨਿਰਾ ਸੁਚੇਤ ਮਨ ਹੀ ਨਹੀਂ ਦੌੜਦਾ ਭੱਜਦਾ, ਮਨ ਦੀ ਅਚੇਤ ਅਵਸਥਾ ਨਾਲ ਵੀ ਸਾਨੂੰ ਰੋਜ਼ ਹੀ ਵਾਹ ਪੈਂਦਾ ਰਹਿੰਦਾ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਉਪਰੋਕਤ ਪੈਰੇ ਦਾ ਸਿਰਲੇਖ ਲਿਖੋ

ਪ੍ਰਸ਼ਨ 2. ਉੱਪਰ ਲਿਖੀ ਰਚਨਾ ਦਾ ਸੰਖੇਪ ਲਿਖੋ।

ਪ੍ਰਸ਼ਨ 3. ਮਨੁੱਖੀ ਮਨ ਦੇ ਕਿਹੜੇ ਦੋ ਭਾਗ ਹਨ? ਅਸੀਂ ਆਪਣੇ ਨਿਤ ਦੇ ਕੰਮ ਕਰਨ ਵੇਲੇ ਕਿਹੜੇ ਮਨ ਤੋਂ ਕੰਮ ਲੈਂਦੇ ਹਾਂ?

ਪ੍ਰਸ਼ਨ 4. ਸਾਡਾ ਅਚੇਤ ਮਨ ਕਦੋਂ ਅਤੇ ਕਿਵੇਂ ਕੰਮ ਕਰਦਾ ਹੈ?

ਪ੍ਰਸ਼ਨ 5. ਔਖੇ ਸ਼ਬਦਾਂ ਦੇ ਅਰਥ ਲਿਖੋ।


ਔਖੇ ਸ਼ਬਦਾਂ ਦੇ ਅਰਥ :

ਉਲਝਨਾਂ – ਗੁੰਝਲਾਂ

ਸੁਚੇਤ – ਚੇਤਨ

ਅਚੇਤ – ਅਵਚੇਤਨ

ਰੋਜ਼ਾਨਾ ਤਜਰਬੇ – ਰੋਜ਼ ਦੇ ਅਨੁਭਵ