ਅਖਾਣ (Proverbs)


ਅ ਨਾਲ ਸ਼ੁਰੂ ਹੋਣ ਵਾਲੇ ਅਖਾਣ


1. ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ ਜਾਓਗੇ : (ਲਾਲਚੀ ਮਨੁੱਖ ਲਈ ਵਰਤਿਆ ਜਾਂਦਾ ਹੈ) ਅਜੋਕੇ ਸਮਾਜ ਵਿਚ ਕਈ ਲਾਲਚੀ ਲੋਕ ਮਿਲੇ ਦਾਜ ਨਾਲ ਵੀ ਰੱਜਦੇ ਨਹੀਂ। ਉਹਨਾਂ ਦੀ ਤਾਂ ਇਹੀ ਨੀਅਤ ਰਹਿੰਦੀ ਹੈ ਕਿ ‘ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ ਜਾਓਗੇ।’

2. ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ : (ਜਦੋਂ ਇਹ ਦੱਸਣਾ ਹੋਵੇ ਕਿ ਸੱਚੇ ਬੰਦੇ ਨੂੰ ਕਿਸੇ ਤੋਂ ਨਹੀਂ ਡਰਨਾ
ਚਾਹੀਦਾ) ਹਰਨੂਰ ਨੂੰ ਉਸਦੇ ਸਹੁਰੇ ਥੋੜ੍ਹਾ ਦਾਜ ਲਿਆਉਣ ਲਈ ਰੋਜ਼ ਤੰਗ ਕਰ ਰਹੇ ਸਨ। ਇੱਕ ਦਿਨ ਅੱਕ ਕੇ ਉਸਨੇ ਆਪਣੇ ਮਾਂ-ਪਿਓ ਨੂੰ ਫੋਨ ਤੇ ਸਾਰੀ ਗੱਲ ਦੱਸੀ। ਉਸਦੇ ਪਿਤਾ ਜੀ ਨੇ ਵਿਚੋਲੇ ਨੂੰ ਨਾਲ ਲੈ ਕੇ ਉਹਨਾਂ ਘਰ ਜਾ ਕੇ ਸਾਰੀ ਗੱਲ ਪੁੱਛੀ ਤਾਂ ਵਿਚੋਲੇ ਨੇ ਹਰਨੂਰ ਨੂੰ ਕਿਹਾ ਕਿ ਬੇਟਾ ਸਿਆਣੇ ਆਖਦੇ ਹਨ ਕਿ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।

3. ਅੱਖੋਂ ਦਿੱਸੇ ਨਾ, ਨਾ ਨੂਰਪੁਰੀ : (ਜਦੋਂ ਕਿਸੇ ਬੰਦੇ ਵਿੱਚ ਉਹ ਗੁਣ ਹੋਣ ਹੀ ਨਾ, ਜਿਹੜੇ ਉਸਦੇ ਨਾਂ ਤੋਂ ਪ੍ਰਗਟ ਹੁੰਦੇ ਹੁੰਦੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) ਅਮੀਰ ਚੰਦ ਦੇ ਘਰ ਦੋ-ਡੰਗ ਦੀ ਰੋਟੀ ਪੱਕਣੀ ਵੀ ਔਖੀ ਹੋਈ ਪਈ ਹੈ। ਉਹ ਜਦੋਂ ਦਲੇਰ ਸਿੰਘ ਤੋਂ ਪੈਸੇ ਉਧਾਰ ਮੰਗਣ ਗਿਆ ਤਾਂ ਉਹ ਅੱਗੋਂ ਹੱਸ ਕੇ ਕਹਿਣ ਲੱਗਾ ਕਿ ਭਾਈ ਤੇਰੀ ਤਾਂ ਉਹ ਗੱਲ ਹੈ ਕਿ ਅੱਖੋਂ ਦਿੱਸੇ ਨਾ, ਨਾ ਨੂਰਪੁਰੀ।

4. ਅੰਨ੍ਹਿਆਂ ‘ਚ ਕਾਣਾ ਰਾਜਾ : (ਜਦੋਂ ਬਹੁਤੇ ਮੂਰਖ ਬੰਦਿਆਂ ਵਿੱਚ ਘੱਟ ਮੂਰਖ ਬੰਦਾ ਪ੍ਰਧਾਨਗੀ ਕਰਦਾ ਹੋਵੇ ਤਾਂ ਇਹ ਅਖਾਣ ਵਰਤਿਆਂ ਜਾਂਦਾ ਹੈ) ਸਾਡੇ ਪਿੰਡ ਦੀ ਨਵੀਂ ਬਣੀ ਪੰਚਾਇਤ ਦੇ ਸਾਰੇ ਮੈਂਬਰ ਅਨਪੜ੍ਹ ਹਨ। ਬੱਸ ਇੱਕ ਅੰਗਰੇਜ਼ ਹੀ ਪੰਜਵੀਂ ਪਾਸ ਹੈ ਤੇ ਉਸੇ ਨੂੰ ਸਰਪੰਚ ਬਣਾ ਦਿੱਤਾ ਗਿਆ। ਇਸ ਤੇ ਪਟਵਾਰੀ ਹੱਸ ਕੇ ਕਹਿ ਰਿਹਾ ਸੀ ਕਿ ਇਹ ਤਾਂ ਉਹੋ ਗੱਲ ਹੋਈ ਕਿ ਅੰਨ੍ਹਿਆਂ ‘ਚ ਕਾਣਾ ਰਾਜਾ।

5. ਅਸਮਾਨ ‘ਤੇ ਥੁੱਕਿਆ ਆਪਣੇ ਮੂੰਹ ‘ਤੇ ਪੈਂਦਾ ਹੈ : (ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ) ਰਾਮ ਸਿੰਘ ਨੇ ਜਦੋਂ ਇਮਾਨਦਾਰ ਮੋਹਨ ਸਿੰਘ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ, ਤਾਂ ਇੱਕ ਸਿਆਣੇ ਨੇ ਵਿੱਚੋਂ ਟੋਕ ਕੇ ਕਿਹਾ-ਅਸਮਾਨ ’ਤੇ ਥੁੱਕਿਆ ਆਪਣੇ ਮੂੰਹ ‘ਤੇ ਪੈਂਦਾ ਹੈ, ਜ਼ਰਾ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ।

6. ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ : (ਇਹ ਅਖਾਣ ਕਿਸੇ ਅਮੀਰ ਦੀ ਮੂਰਖਤਾ ਨੂੰ ਵੇਖ ਕੇ ਵਰਤਿਆ ਜਾਂਦਾ ਹੈ) ਸਾਨੂੰ ਆਪਣੀ ਵੋਟ ਅਜੇ ਸ਼ਰਮਾ ਨੂੰ ਦੇਣੀ ਚਾਹੀਦੀ ਹੈ, ਚੌਧਰੀ ਦੇਵਰਾਜ ਤਾਂ ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ ਹੈ; ਉਸ ਨੇ ਸਮਾਜ ਦਾ ਕੀ ਸੰਵਾਰਨਾ ਹੈ, ਜਦ ਅਕਲ ਉਸ ਦੇ ਨੇੜੇ ਹੀ ਨਹੀਂ ਢੁੱਕੀ।

7. ਅਕਲਾਂ ਬਾਝੋਂ ਖੂਹ ਖ਼ਾਲੀ : (ਇਹ ਅਖਾਣ ਬੇਅਕਲਾਂ ਅਥਵਾ ਮੂਰਖਾਂ ਲਈ ਵਰਤਿਆ ਜਾਂਦਾ ਹੈ) ਜਦ ਪੰਜ ਆਦਮੀ ਬੈਠ ਕੇ ਇੱਕ ਉਲਝਣ ਨੂੰ ਨਾ ਸੁਲਝਾ ਸਕੇ, ਤਾਂ ਛੇਵੇਂ ਨੇ ਆ ਕੇ ਆਖਿਆ ‘ਅਕਲਾਂ ਬਾਝੋਂ ਖੂਹ ਖ਼ਾਲੀ, ਮੈਂ ਹੁਣੇ ਹੀ ਇਸ ਦਾ ਕੋਈ ਹੱਲ ਲੱਭ ਲੈਂਦਾ ਹਾਂ।’

8. ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ : (ਦੇਖ-ਸੁਣ ਕੇ ਕੋਈ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨਾ) ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ, ਹੁਣ ਜਦ ਸਾਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਕੁੜੀ ਮੂਰਖ ਹੈ, ਅਸੀਂ ਇਸ ਨਾਲ ਵਿਆਹ ਕਰਨ ਦੀ ਸਲਾਹ ਨਹੀਂ ਦੇ ਸਕਦੇ।

9. ਆਪ ਕਾਜ ਮਹਾਂ ਕਾਜ : (ਜਦੋਂ ਇਹ ਦੱਸਣਾ ਹੋਵੇ ਕਿ ਆਪਣੇ ਹੱਥੀਂ ਕੀਤੇ ਕੰਮ ਨਾਲ ਰੀਸ ਨਹੀਂ ਹੁੰਦੀ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) ਨੌਕਰਾਂ ਦੇ ਸਿਰ ‘ਤੇ ਘਰ ਨਹੀਂ ਛੱਡਣਾ ਚਾਹੀਦਾ, ਨਾ ਉਹ ਕੋਈ ਚੀਜ਼ ਸੁਆਦ ਨਾਲ ਬਣਾ ਸਕਦੇ ਹਨ ਤੇ ਨਾ ਹੀ ਚਾਅ ਨਾਲ ਖੁਆ ਸਕਦੇ ਹਨ; ਸਿਆਣਿਆਂ ਨੇ ਠੀਕ ਹੀ ਆਖਿਆ ਹੈ- ਆਪ ਕਾਜ ਮਹਾਂ ਕਾਜ।

10. ਆਪੇ ਹੀ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜਿਊਣ : ਇਹ ਅਖਾਣ ਆਪਣੀ ਪ੍ਰਸੰਸਾ ਆਪ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ।

11. ਆਪਣੇ ਮੂੰਹ ਮੀਆਂ ਮਿੱਠੂ : ਆਪਣੀ ਸਿਫ਼ਤ ਆਪ ਕਰਨ ਵਾਲੇ ਲਈ ਕਿਹਾ ਜਾਂਦਾ ਹੈ।

12. ਆਪਣੇ ਵੱਛੇ ਦੇ ਦੰਦ, ਆਪ ਤੋਂ ਗੁੱਝੇ ਨਹੀਂ ਹੁੰਦੇ : ਹਰ ਇੱਕ ਨੂੰ ਆਪਣੀ ਚੀਜ਼ ਦਾ ਪਤਾ ਹੀ ਹੁੰਦਾ ਹੈ।

13. ਅੰਨਾ ਕੁੱਤਾ ਵਾ ਨੂੰ ਭੌਂਕੇ : ਜਦ ਵਿਚਲੀ ਗੱਲ ਦਾ ਪਤਾ ਕੀਤੇ ਬਿਨਾਂ ਹੀ ਖ਼ਾਹ-ਮਖ਼ਾਹ ਸਿਰ-ਖਪਾਈ ਕੀਤੀ ਜਾਏ, ਤਾਂ ਕਿਹਾ ਜਾਂਦਾ ਹੈ।

14. ਅੰਨ੍ਹੀ ਕੁਕੜੀ ਖਸਖਸ ਦਾ ਚੋਗਾ : ਜਦ ਕਿਸੇ ਅਣਜਾਣ ਆਦਮੀ ਨੂੰ ਕੋਈ ਔਖਾ ਕੰਮ ਸੌਂਪ ਦਿੱਤਾ ਜਾਏ, ਜਿਹੜਾ ਉਹ ਕਰ ਨਾ ਸਕੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

15. ਅੰਨ੍ਹੇ ਖੂਹ ਵਿਚ ਇੱਟਾਂ ਨਹੀਂ ਮਾਰੀਦੀਆਂ : ਕੋਈ ਕੰਮ ਬਿਨਾਂ ਸੋਚੇ ਸਮਝੇ ਨਹੀਂ ਕਰਨਾ ਚਾਹੀਦਾ |

16. ਅੰਨ੍ਹੇ ਨੂੰ ਕਾਣਾ ਸੌ ਵਲ ਪਾ ਕੇ ਮਿਲਦਾ ਹੈ : ਜਦ ਇੱਕੋ ਜਿਹੀਆਂ ਵਾਦੀਆਂ ਵਾਲੇ ਦੋ ਆਦਮੀ ਮਿਲਣ ਤਾਂ ਕਿਹਾ ਜਾਂਦਾ ਹੈ।

17. ਅੰਨ੍ਹੇ ਨੂੰ ਕੀ ਚਾਹੀਦਾ ਹੈ? ਦੋ ਅੱਖਾਂ : ਜਦ ਕਿਸੇ ਨੂੰ ਮਨ-ਭਾਉਂਦੀ ਚੀਜ਼ ਮਿਲ ਜਾਏ, ਤਾਂ ਕਿਹਾ ਜਾਂਦਾ ਹੈ।

18. ਅੰਨ੍ਹੇ ਨੂੰ ਮਾਂ ਮਸੀਤੇ ਛੱਡ ਗਈ : ਜਦੋਂ ਕੋਈ ਕਿਸੇ ਦੀ ਖ਼ਬਰ-ਸੁਰਤ ਨਾ ਲਵੇ, ਤਾਂ ਕਿਹਾ ਜਾਂਦਾ ਹੈ।