Akhaan / Idioms (ਅਖਾਣ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਅਖਾਣ


ਅਖਾਣਾਂ ਦੀ ਵਾਕਾਂ ਵਿੱਚ ਵਰਤੋਂ


1. ਉਲਟਾ ਚੋਰ ਕੋਤਵਾਲ ਨੂੰ ਡਾਂਟੇ (ਜਦੋਂ ਕੋਈ ਕਸੂਰਵਾਰ ਬੇਕਸੂਰੇ ਨੂੰ ਡਾਂਟੇ)

ਵਾਕ : ਜਦੋਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਵੱਲੋਂ ਵਪਾਰ ਵਿੱਚ ਕੀਤੀ ਜਾਂਦੀ ਹੇਰਾ-ਫੇਰੀ ਪਕੜ ਲਈ ਤਾਂ ਵੱਡੇ ਭਰਾ ਨੇ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਛੋਟੇ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ।

2. ਉਲਟੀ ਵਾੜ ਖੇਤ ਨੂੰ ਖਾਇ (ਕਿਸੇ ਚੀਜ਼ ਦਾ ਰਾਖੇ ਵੱਲੋਂ ਨੁਕਸਾਨ ਹੁੰਦਾ ਵੇਖ ਕੇ ਕਿਹਾ ਜਾਂਦਾ ਹੈ)

ਵਾਕ : ਲੋਕਾਂ ਵੱਲੋਂ ਚੁਣੇ ਗਏ ਨੇਤਾ ਜਦੋਂ ਆਪਣੇ ਨਿਜੀ ਸੁਆਰਥਾਂ ਕਾਰਨ ਲੋਕਾਂ ਦੀ ਭਲਾਈ ਲਈ ਰੱਖੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਦੇ ਹਨ ਤਾਂ ਅਸਲ ਵਿੱਚ ਉਹ ਉਲਟੀ ਵਾੜ ਖੇਤ ਨੂੰ ਖਾਇ ਜਾਣ ਦਾ ਕਾਰਜ ਹੀ ਕਰ ਰਹੇ ਹੁੰਦੇ ਹਨ।

3. ਅਸਮਾਨ ‘ਤੇ ਥੁੱਕਿਆ ਆਪਣੇ ਮੂੰਹ ‘ਤੇ ਪੈਂਦਾ ਹੈ (ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ)

ਵਾਕ : ਤੇਰੇ ਵੱਲੋਂ ਆਪਣੀ ਚੰਗੀ ਸਹੇਲੀ ਦੀ ਬੁਰਾਈ ਕਰਨ ਕਰਕੇ ਸੱਚ ਸਾਹਮਣੇ ਆ ਗਿਆ ਹੈ। ਸ਼ਾਇਦ ਤੂੰ ਭੁੱਲ ਗਈ ਸੀ ਕਿ ਅਸਮਾਨ ‘ਤੇ ਥੁੱਕਿਆ ਆਪਣੇ ਮੂੰਹ ‘ਤੇ ਹੀ ਪੈਂਦਾ ਹੈ।

4. ਆਪ ਕਾਜ, ਮਹਾਂ ਕਾਜ (ਜਦੋਂ ਇਹ ਦੱਸਣਾ ਹੋਵੇ ਕਿ ਆਪਣੇ ਹੱਥੀਂ ਕੀਤੇ ਕੰਮ ਦੀ ਰੀਸ ਨਹੀਂ ਹੁੰਦੀ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ)

ਵਾਕ : ਦਫ਼ਤਰ ਵੱਲੋਂ ਦਿੱਤੇ ਗਏ ਬੇਰੁਜ਼ਗਾਰੀ ਦੇ ਸਰਵੇਖਣ ਦੇ ਕੰਮ ਨੇ ਉਸ ਨੂੰ ਸਿਰਫ਼ ਤਸੱਲੀ ਹੀ ਨਹੀਂ ਦਿੱਤੀ ਸਗੋਂ ਉਸ ਦੇ ਗਿਆਨ ਵਿੱਚ ਵੀ ਵਾਧਾ ਕੀਤਾ। ਹੁਣ ਉਸ ਨੂੰ ਸਮਝ ਆ ਗਈ ਕਿ ਆਪ ਕਾਜ, ਮਹਾਂ
ਕਾਜ।

5. ਇਹ ਮੂੰਹ ਤੇ ਮਸਰਾਂ ਦੀ ਦਾਲ (ਅਯੋਗ ਆਦਮੀ ਨੂੰ ਕਿਸੇ ਉੱਚੀ ਪਦਵੀ ‘ਤੇ ਲਾ ਦੇਣਾ)

ਵਾਕ : ਆਪਣੇ ਨਵੇਂ ਆਏ ਸਕੂਲ ਦੇ ਪ੍ਰਿੰਸੀਪਲ ਦੀ ਸ਼ਕਲ ਦੇਖਦਿਆਂ ਹੀ ਉਸ ਦੇ ਮੂੰਹੋਂ ਨਿਕਲ ਗਿਆ—ਇਹ ਮੂੰਹ ਤੇ ਮਸਰਾਂ ਦੀ ਦਾਲ ਕਿਉਂਕਿ ਉਹ ਉਸ ਦੀ ਕਾਬਲੀਅਤ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ।

6. ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ (ਜਦ ਕਿਸੇ ਤੋਂ ਲਾਭ ਦੀ ਆਸ ਨਾ ਹੋਵੇ, ਤਾਂ ਕਹਿੰਦੇ ਹਨ)

ਵਾਕ : ਮਾਂ ਨੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਨੌਕਰੀ ਲਈ ਆਪਣੇ ਜੀਜੇ ਦੇ ਅੱਗੇ-ਪਿੱਛੇ ਨਾ ਫਿਰੇ, ਕਿਉਂਕਿ ਉਹ ਜਾਣਦੀ ਸੀ ਕਿ ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ ।

7. ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ (ਆਪਣੇ ਸਹਾਇਕ ਦਾ ਅਯੋਗ ਲਾਭ ਨਹੀਂ ਉਠਾਉਣਾ ਚਾਹੀਦਾ)

ਵਾਕ : ਤੇਰੇ ਦੋਸਤ ਨੇ ਤੈਨੂੰ ਇੱਕ ਚੰਗੀ ਨੌਕਰੀ ‘ਤੇ ਲਗਵਾ ਦਿੱਤਾ ਹੈ, ਪਰ ਤੂੰ ਉਸ ਦੀ ਕੁਰਸੀ ਦਾ ਗਲਤ ਫ਼ਾਇਦਾ ਉਠਾ ਰਿਹਾ ਹੈਂ, ਇਹ ਚੰਗੀ ਗੱਲ ਨਹੀਂ, ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ।

8. ਸੌ ਸੁਨਿਆਰ ਦੀ, ਇੱਕ ਲੁਹਾਰ ਦੀ (ਸੌ ਵਾਰਾਂ ਨਾਲੋਂ ਇੱਕੋ ਸਖ਼ਤ ਵਾਰ ਵਧੇਰੇ ਅਸਰਦਾਇਕ ਹੁੰਦਾ ਹੈ)

ਵਾਕ : ਭੈਣ ਆਪਣ ਵਿਗੜੇ ਭਰਾ ਨੂੰ ਰੋਜ਼ ਸਮਝਾਉਂਦੀ ਕਿ ਉਹ ਸਹੀ ਰਸਤੇ ਉੱਪਰ ਚੱਲੇ। ਪਰ ਉਹ ਸੁਣ ਕੇ ਹੱਸ ਛੱਡਦਾ। ਜਦੋਂ ਪਿਤਾ ਜੀ ਨੇ ਉਸ ਨੂੰ ਘਰੋਂ ਨਿਕਲ ਜਾਣ ਦਾ ਹੁਕਮ ਦਿੱਤਾ ਤਾਂ ਉਸ ਨੇ ਬੁਰੇ ਕੰਮਾਂ ਤੋਂ ਤੋਬਾ ਕਰ ਲਈ। ਠੀਕ ਹੀ ਤਾਂ ਹੈ—ਸੌ ਸੁਨਿਆਰ ਦੀ, ਇੱਕ ਲੁਹਾਰ ਦੀ।

9. ਹਾਸੇ ਦਾ ਮੜਾਸਾ ਹੋ ਜਾਂਦਾ ਹੈ (ਹਾਸੇ ਤੋਂ ਲੜਾਈ-ਝਗੜਾ ਹੋ ਜਾਂਦਾ ਹੈ)

ਵਾਕ : ਪੂਰਾ ਪਰਿਵਾਰ ਰੋਟੀ ਖਾਣ ਤੋਂ ਬਾਅਦ ਹੱਸ-ਖੇਡ ਰਿਹਾ ਸੀ। ਪਰ, ਛੋਟੇ ਭਰਾ ਵੱਲੋਂ ਵੱਡੇ ਭਰਾ ਨਾਲ ਗ਼ਲਤ ਮਜ਼ਾਕ ਕਰਨ ਨਾਲ ਹਾਸੇ ਦਾ ਮੜਾਸਾ ਹੋ ਗਿਆ ਅਤੇ ਇਕਦਮ ਮਾਹੌਲ ਬਦਲ ਗਿਆ।

10. ਹੋਰ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ (ਹੱਦ ਦਰਜੇ ਦੇ ਮਤਲਬੀ ਲਈ ਵਰਤਿਆ ਜਾਂਦਾ ਹੈ)

ਵਾਕ : ਭੂਚਾਲ ਪੀੜਤਾਂ ਦੀ ਮਦਦ ਲਈ ਹਜ਼ਾਰਾਂ ਲੋਕ ਕੰਮ ਕਰ ਰਹੇ ਸਨ, ਪਰ ਠੇਕੇਦਾਰ ਉੱਥੇ ਪੁੱਜ ਰਹੇ ਸਮਾਨ ਵਿੱਚੋਂ ਵਧ ਤੋਂ ਵਧ ਮੁਨਾਫ਼ਾ ਕਮਾਉਣ ‘ਤੇ ਵਿਚਾਰ ਕਰ ਰਿਹਾ ਸੀ। ਉਸ ਦੇ ਦੋਸਤ ਨੇ ਤਾਹਨਾ ਮਾਰਦਿਆਂ ਕਿਹਾ—ਹੋਰ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ।

11. ਕੀ ਪਿੰਦੀ ਤੇ ਕੀ ਪਿੱਦੀ ਦਾ ਸ਼ੋਰਬਾ (ਮਾਮੂਲੀ ਆਦਮੀ ਕੁਝ ਨਹੀਂ ਕਰ ਸਕਦਾ)

ਵਾਕ : ਮਾਲਕ ਵੱਲੋਂ ਕੀਤੇ ਜ਼ੁਲਮ ਦੀ ਰਿਪੋਰਟ ਲਿਖਾਉਣ ਗਏ ਕਿਸ਼ਨ ਦੀ ਜਦੋਂ ਥਾਣੇ ਵਿੱਚ ਕੋਈ ਸੁਣਵਾਈ ਨਾ ਹੋਈ ਤਾਂ ਉਸ ਨੇ ਮਰਨ ਵਰਤ ਰੱਖਣ ਦੀ ਧਮਕੀ ਦਿੱਤੀ। ਪਰ, ਥਾਣੇਦਾਰ ਨੇ ਮਜ਼ਾਕ ਉਡਾਂਦਿਆਂ ਕਿਹਾ—ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ।

12. ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸੇ ਪੀਵੇ (ਇਹ ਅਖਾਣ ਦੁਨਿਆਵੀ ਦੁੱਖ-ਸੁੱਖ ਵੱਲੋਂ ਲਾਪਰਵਾਹ ਆਦਮੀ ਲਈ ਵਰਤਿਆ ਜਾਂਦਾ ਹੈ)

ਵਾਕ : ਪਿਤਾ ਦੇ ਸਸਕਾਰ ਲਈ ਵੱਡੇ ਪੁੱਤਰ ਦਾ ਦੋ ਘੰਟੇ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਜਦੋਂ ਉਹ ਨਹੀਂ ਪੁੱਜਾ ਤਾਂ ਬਰਾਦਰੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਉਡੀਕਣ ਦਾ ਕੋਈ ਫਾਇਦਾ ਨਹੀਂ ਉਸ ਭਾਣੇ ਤਾਂ ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਹੈ।

13. ਖ਼ਵਾਜੇ ਦਾ ਗਵਾਹ ਡੱਡੂ (ਝੂਠਿਆਂ ਦੇ ਗਵਾਹ ਵੀ ਝੂਠੇ ਹੁੰਦੇ ਹਨ)

ਵਾਕ : ਉਸ ਉੱਪਰ ਅਤੇ ਉਸ ਦੇ ਸਾਥੀਆਂ ਉੱਪਰ ਵਿਸ਼ਵਾਸ ਕਰਨ ਦੀ ਭੁੱਲ ਨਾ ਕਰਨਾ ਕਿਉਂਕਿ ਖ਼ਵਾਜੇ ਦਾ ਗਵਾਹ ਡੱਡੂ ਹੁੰਦਾ ਹੈ।

14. ਖਾਣ-ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਕੋਹੜੀ (ਜਦੋਂ ਕਿਸੇ ਦੀ ਸੁਸਤੀ ਦੱਸਣੀ ਹੋਵੇ ਤਾਂ ਕਿਹਾ ਜਾਂਦਾ ਹੈ)

ਵਾਕ : ਘਰ ਵਿੱਚ ਢੇਰ ਸਾਰਾ ਕੰਮ ਸੀ, ਪਰ ਛੋਟੀ ਧੀ ਦਾ ਕੋਈ ਥਹੁ-ਪਤਾ ਨਹੀਂ ਸੀ। ਕੰਮ ਖ਼ਤਮ ਹੋ ਗਿਆ, ਰੋਟੀ ਖਾਣ ਵੇਲੇ ਉਹ ਸਭ ਤੋਂ ਅੱਗੇ ਬੈਠੀ ਸੀ। ਉਸ ਨੂੰ ਵੇਖਦਿਆਂ ਹੀ ਮਾਂ ਨੇ ਕਿਹਾ ਖਾਣ-ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਕੋਹੜੀ।

15. ਗਿੱਲਾ ਪੀਹਣ ਨਹੀਂ ਪਾਈਦਾ (ਕਿਸੇ ਗੱਲ ਨੂੰ ਖ਼ਾਹ-ਮਖਾਹ ਵਧਾਉਣੋਂ ਰੋਕਣ ਦੀ ਪ੍ਰੇਰਨਾ ਦੇਣ ਲਈ ਕਿਹਾ ਜਾਂਦਾ ਹੈ)

ਵਾਕ : ਜਾਇਦਾਦ ਦੀ ਵੰਡ ਨੂੰ ਲੈ ਕੇ ਬੱਚੇ ਬੜੀ ਦੇਰ ਤੋਂ ਪੁਰਾਣੀਆਂ ਗੱਲਾਂ ਨੂੰ ਵਾਰ-ਵਾਰ ਦੁਹਰਾ ਕੇ ਝਗੜਾ ਪਾ ਰਹੇ ਸਨ। ਬਹੁਤ ਦੇਰ ਤੋਂ ਵੇਖ ਰਹੀ ਦਾਦੀ ਕੋਲੋਂ ਰਿਹਾ ਨਾ ਗਿਆ, ਉਸ ਨੇ ਕਿਹਾ ਕਿ ਜੇ ਉਹ ਅੱਜ ਜਾਇਦਾਦ ਦੀ ਵੰਡ ਚਾਹੁੰਦੇ ਹਨ ਤਾਂ ਗਿੱਲਾ ਪੀਹਣ ਪਾਉਣਾ ਛੱਡਣ ਅਤੇ ਫ਼ੈਸਲਾ ਕਰਨ।

16. ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ (ਜਦੋਂ ਕੋਈ ਮੌਕੇ ਅਨੁਸਾਰ ਬਦਲ ਜਾਏ, ਤਾਂ ਆਖਦੇ ਹਨ)

ਵਾਕ : ਕਿਸ ਆਦਮੀ ਨੂੰ ਸ਼ਾਦੀ ਦੇ ਕਾਰਜ ਵਿੱਚ ਵਿਚੋਲੇ ਦਾ ਕੰਮ ਸੌਂਪਣਾ ਚਾਹੁੰਦੇ ਹੋ, ਤੁਸੀਂ ਉਸ ਦੇ ਆਚਰਨ ਬਾਰੇ ਨਹੀਂ ਜਾਣਦੇ, ਉਹ ਤਾਂ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਹੈ।

17. ਘਰ ਪੱਕਦੀਆਂ ਦੇ ਸਾਕ ਨੇ (ਜਦ ਇਹ ਦੱਸਣਾ ਹੋਵੇ ਕਿ ਸੁੱਖ ਵਿੱਚ ਸਾਰੇ ਮਿੱਤਰ ਬਣ ਜਾਂਦੇ ਹਨ, ਦੁੱਖ ਵਿੱਚ ਕੋਈ ਨੇੜੇ ਨਹੀਂ ਢੁੱਕਦਾ ਤਾਂ ਕਹਿੰਦੇ ਹਨ)

ਵਾਕ : ਜੇ ਸਾਡੇ ਰਿਸ਼ਤੇਦਾਰਾਂ ਨੇ ਇਹ ਔਖ ਦੀ ਘੜੀ ਸਾਡੀ ਮਦਦ ਨਹੀਂ ਕੀਤੀ ਤਾਂ ਕੋਈ ਅਣਹੋਣੀ ਨਹੀਂ ਹੋਈ। ਇਹ ਤਾਂ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਕਿਸੇ ਨੇ ਸੱਚ ਹੀ ਤਾਂ ਕਿਹਾ ਹੈ ਕਿ ਘਰ ਪੱਕਦੀਆਂ ਦੇ ਸਾਕ ਨੇ।

18. ਘਰ ਦੇ ਭਾਂਡੇ ਵੀ ਠਹਿਕ ਪੈਂਦੇ ਹਨ (ਘਰ ਵਿੱਚ ਕਦੀ-ਨਾ-ਕਦੀ ਬੋਲ ਬੁਲਾਰਾ ਹੋ ਹੀ ਜਾਂਦਾ ਹੈ)

ਵਾਕ : ਗੁਆਂਢ ਵਾਲੇ ਘਰ ਵਿੱਚੋਂ ਜ਼ੋਰ-ਜ਼ੋਰ ਦੀ ਆ ਰਹੀ ਆਵਾਜ਼ ਨੇ ਸਭ ਨੂੰ ਚੌਕੰਨਾ ਕਰ ਦਿੱਤਾ ਅਤੇ ਸਭ ਨੇ ਕੰਨ ਲਾ ਕੇ ਗੱਲਾਂ ਸੁਣਨ ਦਾ ਜਤਨ ਕੀਤਾ। ਇਹ ਵੇਖ ਕੇ ਪਿਤਾ ਜੀ ਬੋਲੇ ਕਿ ਸਾਨੂੰ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਘਰ ਦੇ ਭਾਂਡੇ ਵੀ ਠਹਿਕ ਪੈਂਦੇ ਹਨ।

19. ਚੱਪਣੀ ਵਿੱਚ ਪਾਣੀ ਪਾ ਕੇ ਡੁੱਬ ਮਰ (ਜਦ ਕਿਸੇ ਨੂੰ ਬਹੁਤ ਹੀ ਸ਼ਰਮਿੰਦਿਆਂ ਕਰਨਾ ਹੋਏ, ਤਾਂ ਕਹਿੰਦੇ ਹਨ)

ਵਾਕ : ਅਮਰਜੀਤ ਮੁਹੱਲੇ ਦੀ ਕੁੜੀ ਨੂੰ ਛੇੜ ਕੇ ਆਪਣੇ ਕਮਰੇ ਵਿੱਚ ਚੁੱਪ-ਚੁਪੀਤੇ ਜਾ ਬੈਠਾ। ਪਰ, ਕੁੜੀ ਦੇ ਭਰਾ ਦਹਾੜਦੇ ਹੋਏ ਜਦੋਂ ਉਹਨਾਂ ਦੇ ਘਰ ਆਏ ਤਾਂ ਮਾਂ ਨੇ ਅਮਰਜੀਤ ਨੂੰ ਕਿਹਾ ਕਿ ਉਹ ਚੱਪਣੀ ਵਿੱਚ ਪਾਣੀ ਪਾ ਕੇ ਡੁੱਬ ਮਰੇ।

20. ਚੋਰ ਦੀ ਮਾਂ ਕਦ ਤੱਕ ਖ਼ੈਰ ਮਨਾਏਗੀ? (ਜਦੋਂ ਕੋਈ ਕਸੂਰਵਾਰ ਪਕੜਿਆ ਨਾ ਜਾਏ, ਤਾਂ ਕਹਿੰਦੇ ਹਨ)

ਵਾਕ : ਸੁਸ਼ਮਾ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ। ਸੁਸ਼ਮਾ ਦੇ ਭਰਾਵਾਂ ਨੇ ਉਨ੍ਹਾਂ ਨੂੰ ਲੱਭਣ ਦਾ ਬੜਾ ਜਤਨ ਕੀਤਾ। ਅੰਤ ਵਿੱਚ ਥੱਕ ਟੁੱਟ ਕੇ ਗੁੱਸੇ ਵਿੱਚ ਬੋਲੇ ਕਿ ਚੋਰ ਦੀ ਮਾਂ ਕਦ ਤੱਕ ਖ਼ੈਰ ਮਨਾਏਗੀ?

21. ਛੋਟਾ ਮੁੰਹ ਤੇ ਵੱਡੀ ਗੱਲ (ਜਦੋਂ ਕੋਈ ਅਨਜਾਣ ਸਿਆਣੀ ਗੱਲ ਕਰੇ, ਤਾਂ ਕਹਿੰਦੇ ਹਨ)

ਵਾਕ : ਆਪਣੀ ਉਮਰ ਨਾਲੋਂ ਛੇ ਸਾਲ ਛੋਟੀ ਭੈਣ ਦੇ ਮੂੰਹੋਂ ਮਾਂ ਨੂੰ ਇਹ ਕਹਿੰਦਿਆਂ ਸੁਣ ਕੇ ਕਿ ਉਹ ਛੋਟਾ ਮੂੰਹ ਤੇ ਵੱਡੀ ਗੱਲ ਕਹਿ ਰਹੀ ਹੈ—ਦੀਦੀ ਨੂੰ ਆਪਣੀ ਸੱਸ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਮਾਂ ਨੂੰ ਬੜੀ ਹੈਰਾਨੀ ਹੋਈ।

22. ਛੋਲਿਆਂ ਨਾਲ ਘੁਣ ਪਿਸ ਜਾਂਦਾ ਹੈ (ਵੱਡੀ ਚੀਜ਼ ਨਾਲ ਮਾਮੂਲੀ ਜਿਹੀ ਨਿੱਕੀ ਚੀਜ਼ ਨਸ਼ਟ ਹੋ ਜਾਂਦੀ ਹੈ)

ਵਾਕ : ਗਲਤੀ ਜਸਪ੍ਰੀਤ ਦੀ ਨਹੀਂ ਸੀ, ਗੁਰਪ੍ਰੀਤ ਦੀ ਸੀ, ਪਰ ਪੁਲਿਸ ਨੇ ਸਜ਼ਾ ਦੋਵਾਂ ਨੂੰ ਦਿੱਤੀ ਕਿਉਂਕਿ ਹਰ ਵੇਲੇ ਦੋਵੇਂ ਇਕੱਠੇ ਹੀ ਨਜ਼ਰੀ ਆਉਂਦੇ ਸਨ, ਤਾਂ ਹੀ ਤੇ ਕਿਹਾ ਜਾਂਦਾ ਹੈ ਕਈ ਵਾਰੀ ਛੋਲਿਆਂ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ।

23. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ (ਜਦ ਬਹੁਤੇ ਨੁਕਸਾਨ ਵਿੱਚੋਂ ਥੋੜ੍ਹਾ ਜਿੰਨਾ ਪੂਰਾ ਹੋ ਜਾਏ)

ਵਾਕ : ਚੋਰ ਦੇ ਪਕੜੇ ਜਾਣ ‘ਤੇ ਸ਼ਰਮਾ ਜੀ ਨੂੰ ਪੰਜ ਲੱਖ ਦੀ ਹੋਈ ਚੋਰੀ ਵਿੱਚੋਂ ਦੋ ਲੱਖ ਮਿਲ ਗਏ ਤਾਂ ਸਭ ਨੇ ਕਿਹਾ—ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ, ਬਾਕੀ ਬਾਅਦ ਵਿੱਚ ਵੇਖਾਂਗੇ।

24. ਜ਼ੋਰਾਵਰਾਂ ਦਾ ਸੱਤੀਂ-ਵੀਹੀਂ ਸੌ (ਜਦ ਕੋਈ ਤਕੜਾ ਕਿਸੇ ਮਾੜੇ ‘ਤੇ ਜ਼ਿਆਦਤੀ ਕਰ ਰਿਹਾ ਹੋਵੇ ਤਾਂ ਕਹਿੰਦੇ ਹਨ)

ਵਾਕ : ਘਰ ਦੇ ਨੌਕਰ ਨੂੰ ਜੁੱਤੀਆਂ ਨਾਲ ਮਾਰਦੇ ਵੇਖ ਗੁਆਂਢੀ ਕਹਿ ਰਹੇ ਸਨ-ਜ਼ੋਰਾਵਰਾਂ ਦਾ ਸੱਤੀਂ-ਵੀਹੀਂ ਸੌ ਹੈ।

25. ਝੱਟ ਮੰਗਣੀ ਪੱਟ ਵਿਆਹ (ਜਦੋਂ ਕੋਈ ਕੰਮ ਇਕਦਮ ਹੋ ਜਾਏ, ਤਾਂ ਕਿਹਾ ਜਾਂਦਾ ਹੈ)

ਵਾਕ : ਕਈ ਸਾਲਾਂ ਤੋਂ ਉਹ ਬੇਰੁਜ਼ਗਾਰ ਸੀ, ਪਰ ਕੱਲ੍ਹ ਇੰਟਰਵਿਊ ਦੇ ਕੇ ਆਉਣ ਤੋਂ ਬਾਅਦ, ਅੱਜ ਉਹ ਆਪਣੀ ਨੌਕਰੀ ‘ਤੇ ਜਾ ਰਿਹਾ ਸੀ। ਉਸ ਦੇ ਦੋਸਤਾਂ ਨੇ ਖੁਸ਼ੀ ਵਿੱਚ ਉਸ ਨੂੰ ਕਿਹਾ ਕਿ ਉਸ ਦੀ ਤਾਂ ਇਹੀ ਗੱਲ ਹੋਈ-ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਹੈ।

26. ਟੱਟੂ ਪਹਾੜੇ ਕਰਨਾ ਹੈ ਤਾਂ ਕੁੜਮਾਂ ਦਾ ਕੀ ਕਰਨਾ ਹੈ? (ਜਦ ਇਹ ਦੱਸਣਾ ਹੋਵੇ ਕਿ ਜੇ ਕੋਈ ਚੀਜ਼ ਮੁੱਲ ਲੈਣੀ ਹੋਏ ਤਾਂ ਆਪਣੇ ਸੰਬੰਧੀ ਦਾ ਮੁਥਾਜ ਨਹੀਂ ਹੋਣਾ ਚਾਹੀਦਾ, ਤਾਂ ਵਰਤਦੇ ਹਨ)

ਵਾਕ : ਕਰਨਜੀਤ ਆਪਣੇ ਪਰਿਵਾਰ ਨੂੰ ਲੈ ਕੇ ਸ਼ਿਮਲੇ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੇ ਸਹੁਰਿਆਂ ਦੀ ਟੈਕਸੀ ਕਿਰਾਏ ਉੱਪਰ ਲੈਣ ਦਾ ਵਿਚਾਰ ਬਣਾਇਆ, ਪਰ ਦੋਸਤ ਨੇ ਸਮਝਾਉਂਦਿਆਂ ਕਿਹਾ ਕਿ ਜੇ ਉਸ ਨੇ ਟੱਟੂ ਪਹਾੜੇ ਕਰਨਾ ਹੈ ਤਾਂ ਕੁੜਮਾਂ ਦਾ ਕੀ ਕਰਨਾ ਹੈ?

27. ਠੰਡੇ ਦੁੱਧ ਨੂੰ ਫੂਕਾਂ ਮਾਰਨਾ (ਜਦੋਂ ਕੋਈ ਖ਼ਾਹ-ਮਖ਼ਾਹ ਨੁਕਤਾਚੀਨੀ ਕਰੇ ਤਾਂ ਕਿਹਾ ਜਾਂਦਾ ਹੈ)

ਵਾਕ : ਰੱਬ ਨੇ ਤੈਨੂੰ ਚੰਗੀ ਨੌਕਰੀ, ਸੁਹਣੀ ਪਤਨੀ ਅਤੇ ਦੋ ਪਿਆਰੇ ਬੱਚੇ ਦਿੱਤੇ ਹਨ, ਫੇਰ ਵੀ ਤੂੰ ਰੱਬ ਨੂੰ ਕੋਸਦਾ ਰਹਿੰਦਾ ਏਂ, ਸਮਝ ਨਹੀਂ ਆਉਂਦੀ ਠੰਡੇ ਦੁੱਧ ਨੂੰ ਫੂਕਾਂ ਮਾਰਨ ਦੀ ਆਦਤ ਤੇਰੀ ਕਦੋਂ ਜਾਵੇਗੀ?

28. ਡਿੱਗ-ਡਿੱਗ ਕੇ ਹੀ ਸਵਾਰ ਹੋਈਦਾ ਹੈ (ਜਦ ਇਹ ਸਮਝਾਣਾ ਹੋਵੇ ਕਿ ਦੁੱਖ ਤੋਂ ਬਾਅਦ ਸੁੱਖ ਮਿਲਦਾ ਹੈ, ਤਾਂ ਕਿਹਾ ਜਾਂਦਾ ਹੈ)

ਵਾਕ : ਪਹਿਲੀ ਵਾਰੀ ਵਿੱਚ ਹੀ ਹਿੰਮਤ ਹਾਰ ਗਿਆ ਏਂ, ਫੇਰ ਹਿੰਮਤ ਕਰ ਕੇ ਪਰੀਖਿਆ ਦਿਓ, ਹੋ ਸਕਦਾ ਹੈ ਇਸ ਵਾਰ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੋ। ਯਾਦ ਰੱਖੋ ਡਿੱਗ-ਡਿੱਗ ਕੇ ਹੀ ਸਵਾਰ ਹੋਈਦਾ ਹੈ।

29. ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ (ਜਦੋਂ ਕੋਈ ਵਿਗੜਿਆ ਕੰਮ ਠੀਕ ਹੋ ਸਕਦਾ ਹੋਵੇ, ਤਾਂ ਆਖਦੇ ਹਨ)

ਵਾਕ : ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ, ਬੈਂਕ ਤੋਂ ਕਰਜ਼ਾ ਲੈ ਕੇ ਵਪਾਰ ਵਿੱਚ ਥੋੜ੍ਹਾ ਪੈਸਾ ਹੋਰ ਲਗਾਓ, ਕੰਮ ਫਿਰ ਚਲ ਪਵੇਗਾ।

30. ਢਾਈ ਘਰ ਡੈਣ ਵੀ ਛੱਡ ਦਿੰਦੀ ਹੈ (ਜਦੋਂ ਕੋਈ ਆਪਣੇ ਨਜ਼ਦੀਕੀ ਦਾ ਨੁਕਸਾਨ ਕਰੇ ਤਾਂ ਉਸ ਨੂੰ ਸ਼ਰਮਿੰਦਿਆਂ ਕਰਨ ਲਈ ਆਖਿਆ ਜਾਂਦਾ ਹੈ)

ਵਾਕ : ਮੈਂ ਤਾਂ ਤੁਹਾਡੀ ਭੈਣ ਸੀ, ਤੁਸੀਂ ਮੈਨੂੰ ਹੀ ਬਜ਼ਾਰ ਨਾਲੋਂ ਵੱਧ ਕੀਮਤ ‘ਤੇ ਸਮਾਨ ਵੇਚਿਆ। ਇਹ ਤੁਸੀਂ ਠੀਕ ਨਹੀਂ ਕੀਤਾ, ਢਾਈ ਘਰ ਡੈਣ ਵੀ ਛੱਡ ਦਿੰਦੀ ਹੈ।

31. ਤੀਰ ਕਮਾਨੋ, ਗੱਲ ਜ਼ਬਾਨੋ ਨਿਕਲੇ ਵਾਪਸ ਨਹੀਂ ਆਉਂਦੇ (ਜਦ ਇਹ ਪ੍ਰੇਰਨਾ ਦੇਣੀ ਹੋਵੇ ਕਿ ਗੱਲ ਸੋਚ-ਸਮਝ ਕੇ ਕਰਨੀ ਚਾਹੀਦੀ ਹੈ, ਤਾਂ ਕਿਹਾ ਜਾਂਦਾ ਹੈ)

ਵਾਕ : ਰਿਸ਼ਤਿਆਂ ਨੂੰ ਚਿਰ-ਸਥਾਈ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਸੁਭਾਅ ਨਿਮਰਤਾ ਵਾਲਾ ਅਤੇ ਬੋਲ ਮਿੱਠੇ ਹੋਣ, ਕਿਉਂਕਿ ਤੀਰ ਕਮਾਨੋ, ਗੱਲ ਜ਼ਬਾਨੋ ਨਿਕਲੇ ਵਾਪਸ ਨਹੀਂ ਆਉਂਦੇ।

32. ਤੰਦ ਨਹੀਂ ਵਿਗੜੀ, ਤਾਣੀ ਵਿਗੜੀ (ਜਦ ਕਿਸੇ ਘਰ ਦੇ ਸਾਰੇ ਜੀਵ ਭੈੜੇ-ਚੰਦਰੇ ਹੋਣ ਤਾਂ ਕਿਹਾ ਜਾਂਦਾ ਹੈ)

ਵਾਕ : ਪਿਤਾ ਜੀ ਨੇ ਪੁੱਤਰ ਨੂੰ ਕਿਹਾ ਕਿ ਉਹ ਆਪਣੀ ਕਾਰ ਨੂੰ ਕਿਧਰੇ ਹੋਰ ਲਗਾ ਦੇਵੇ, ਕਿਉਂਕਿ ਗੁਆਂਢੀ ਨੂੰ ਕਹਿ ਕੇ ਲੜਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੂੰ ਕਹਿਣ ਦਾ ਕੋਈ ਲਾਭ ਨਹੀਂ, ਉਨ੍ਹਾਂ ਦੇ ਘਰ ਤੰਦ ਨਹੀਂ ਵਿਗੜੀ, ਤਾਣੀ ਵਿਗੜੀ ਹੈ।

33. ਬੁੱਕਾਂ ਨਾਲ ਵੜੇ ਤਲਦਾ ਹੈ (ਜਦ ਕੋਈ ਆਦਮੀ ਗੱਲੀਂ-ਬਾਤੀਂ ਘਰ ਪੂਰਾ ਕਰੇ, ਪਰ ਅਮਲੀ ਕੋਈ ਕੰਮ ਨਾ ਕਰੇ, ਤਾਂ ਉਸ ’ਤੇ ਵਰਤਿਆ ਜਾਂਦਾ ਹੈ)

ਵਾਕ : ਅਜੋਕੇ ਸਮੇਂ ਵਿੱਚ ਥੁੱਕਾਂ ਨਾਲ ਵੜੇ ਤੱਲਣਾ ਔਖਾ ਹੈ, ਕਿਉਂਕਿ ਜੀਵਨ ਦੀ ਰਫ਼ਤਾਰ ਤੇਜ਼ ਹੈ ਅਤੇ ਮਨੁੱਖ ਵਧੇਰੇ ਚੇਤੰਨ ਹਨ।

34. ਦਾਲ ਵਿੱਚ ਕੁਝ ਕਾਲਾ-ਕਾਲਾ ਜਾਪਦਾ ਹੈ (ਜਦ ਕਿਸੇ ਗੱਲ ਵਿੱਚ ਕੋਈ ਹੇਰਾ ਫੇਰੀ ਨਜ਼ਰ ਆਏ ਤਾਂ ਕਹਿੰਦੇ ਹਨ)

ਵਾਕ : ਮਕਾਨ ਖ਼ਰੀਦਣ ਲਈ ਚੈਕ ਦੇਣ ਤੋਂ ਪਹਿਲਾਂ ਏਜੰਟ ਨਾਲ ਗੱਲ-ਬਾਤ ਕਰਨ ’ਤੇ ਉਸ ਨੂੰ ਦਾਲ ਵਿੱਚ ਕੁਝ ਕਾਲਾ-ਕਾਲਾ ਜਾਪਿਆ, ਇਸ ਲਈ ਉਸ ਨੇ ਚੈਕ ਨਾ ਦਿੱਤਾ ਅਤੇ ਮਕਾਨ ਖ਼ਰੀਦਣ ਦਾ ਵਿਚਾਰ ਅੱਗੇ ਪਾ ਦਿੱਤਾ।

35. ਦਿਲ ਦੇ ਬਾਂਕੇ ਤੇ ਖੀਸੇ ਵਿੱਚ ਗਾਜਰਾਂ (ਇਹ ਅਖਾਣ ਸੁੱਕੀ ਆਕੜ ਰੱਖਣ ਵਾਲਿਆਂ ‘ਤੇ ਵਰਤਿਆ ਜਾਂਦਾ ਹੈ)

ਵਾਕ : ਹੁਣ ਉਹ ਵੇਲੇ ਗਏ ਜਦੋਂ ਦਿਲ ਦੇ ਬਾਂਕੇ ਤੇ ਖੀਸੇ ਵਿੱਚ ਗਾਜਰਾਂ ਹੋਣ ਵਾਲਿਆਂ ਦੀ ਪੁੱਛ-ਪ੍ਰਤੀਤ ਹੁੰਦੀ ਸੀ। ਹੁਣ ਤਾਂ ਜੇਲ੍ਹ ਵਿੱਚ ਪੈਸੇ ਵਾਲਿਆਂ ਦੀ ਕਦਰ ਹੈ।

36. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ (ਦੁਚਿੱਤਾ ਮਨੁੱਖ ਕਿਸੇ ਪਾਸੇ ਨਹੀਂ ਲੱਗ ਸਕਦਾ, ਉਹ ਅਸਫਲ ਹੀ ਰਹਿੰਦਾ ਹੈ)

ਵਾਕ : ਘੜੀ-ਮੁੜੀ ਜੀਵਨ ਦਾ ਮਨੋਰਥ ਬਦਲਣ ਨਾਲ ਕੁਝ ਵੀ ਨਹੀਂ ਕਰ ਸਕੋਗੇ, ਕਿਉਂਕਿ ਕੋਈ ਵੀ ਫੈਸਲਾ ਨਾ ਕਰਨ ਵਾਲੇ ਮਨੁੱਖ ਦਾ ਹਾਲ-ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ, ਵਾਲਾ ਹੋ ਜਾਂਦਾ ਹੈ। ਇਸ ਲਈ ਆਪਣੇ ਜੀਵਨ ਦਾ ਉਦੇਸ਼ ਮਿੱਥੋਂ ਅਤੇ ਅੱਗੇ ਵਧੋ।

37. ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ (ਜਦੋਂ ਇਹ ਸਮਝਾਣਾ ਹੋਵੇ ਕਿ ਖੂਨ ਦੇ ਰਿਸ਼ਤੇ ਨਹੀਂ ਛੱਡੇ ਜਾ ਸਕਦੇ ਤਾਂ ਕਿਹਾ ਜਾਂਦਾ ਹੈ)

ਵਾਕ : ਆਪਣੇ ਸੁਭਾਅ ਨੂੰ ਠੀਕ ਕਰੋ ਅਤੇ ਸਾਰੇ ਭੈਣ-ਭਰਾ ਮਿਲ ਕੇ ਰਹੋ।ਇਹੋ ਹੀ ਜੀਵਨ ਦਾ ਸੱਚ ਹੈ ਕਿ ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ।

38. ਨਾਲੇ ਚੋਰ ਨਾਲੇ ਚਤਰ (ਜਦ ਕੋਈ ਕਸੂਰ ਕਰ ਕੇ ਉਸ ਨੂੰ ਚਲਾਕੀ ਨਾਲ ਲੁਕਾਣਾ ਚਾਹੇ)

ਵਾਕ : ਮੇਰੇ ਘਰ ਵਿੱਚ ਰਹਿ ਕੇ ਮੇਰੇ ਵਪਾਰ ਨੂੰ ਨੁਕਸਾਨ ਪਹੁੰਚਾ ਰਹੇ ਹੋ, ਨਾਲੇ ਚੋਰ ਨਾਲੇ ਚਤਰ। ਮੇਰੇ ਕੋਲੋਂ ਇਹ ਆਸ ਕਿਵੇਂ ਰੱਖ ਸਕਦੇ ਹੋ ਕਿ ਮੈਂ ਤੁਹਾਡੇ ਨਾਲ ਚੰਗਾ ਵਰਤਾਓ ਕਰਾਂ?

39. ਪੜ੍ਹਿਆ ਹੈ ਗੁੜ੍ਹਿਆ ਨਹੀਂ (ਪੜ੍ਹੇ ਹੋਏ ਮੂਰਖ ਲਈ ਵਰਤਿਆ ਜਾਂਦਾ ਹੈ)

ਵਾਕ : ਅੱਜ ਤੋਂ ਤਿੰਨ ਦਹਾਕੇ ਪਹਿਲਾਂ ਵਪਾਰ ਵਿੱਚ ਪੜ੍ਹੇ ਹੋਏ ਮਨੁੱਖ ਘੱਟ ਤੇ ਗੁੜ੍ਹੇ ਹੋਏ ਜ਼ਿਆਦਾ ਸਨ—ਉਨ੍ਹਾਂ ਅੰਦਰ ਸ਼ਾਂਤੀ ਸੀ। ਹੁਣ ਪੜ੍ਹੇ ਹੋਏ ਜ਼ਿਆਦਾ, ਗੁੜ੍ਹੇ ਘੱਟ ਹਨ, ਪਰ ਸ਼ਾਂਤੀ ਨਹੀਂ।

40. ਫੱਸਿਆਂ ਨੂੰ ਛੱਡ ਕੇ ਉੱਡਦਿਆਂ ਪਿੱਛੇ ਨਾ ਜਾਓ (ਬਹੁਤ ਵਸਤੂ ਦੀ ਕੋਸ਼ਿਸ਼ ਵਿੱਚ ਥੋੜ੍ਹੀ ਨੂੰ ਨਹੀਂ ਛੱਡਣਾ ਚਾਹੀਦਾ)

ਵਾਕ : ਅੱਜ ਦਾ ਨਾਂ ਜੀਵਨ ਹੈ, ਜੋ ਤੁਹਾਡੇ ਕੋਲ ਹੈ, ਉਸ ਦਾ ਅਨੰਦ ਮਾਣੋ, ਜੋ ਨਹੀਂ ਹੈ ਉਸ ਦੇ ਪਿੱਛੇ ਮਾਰੇ-ਮਾਰੇ ਫਿਰਨ ਨਾਲ ਥੋੜ੍ਹੇ ਤੋਂ ਵੀ ਜਾਓਗੇ। ਵੱਡਿਆਂ ਨੇ ਸਹੀ ਕਿਹਾ ਹੈ—ਫੱਸਿਆਂ ਨੂੰ ਛੱਡ ਕੇ ਉੱਡਦਿਆਂ ਪਿੱਛੇ ਨਾ ਜਾਓ।

41. ਬੱਕਰੀ ਦੁੱਧ ਦੇਊ, ਪਰ ਮੇਗਣਾਂ ਪਾ ਕੇ (ਜਦ ਕੋਈ ਤੰਗ ਕਰ ਕੇ ਕਿਸੇ ਦਾ ਕੰਮ ਕਰੇ, ਤਾਂ ਬੋਲਦੇ ਹਨ)

ਵਾਕ : ਉਹ ਆਪਣੇ ਸੱਸ-ਸਹੁਰੇ ਨੂੰ ਚੰਗੀ ਰੋਟੀ ਬਣਾ ਕੇ ਖੁਆਉਂਦੀ, ਪਰ ਰੋਟੀ ਦੇਣ ਵੇਲੇ ਕੁਝ ਨਾ ਕੁਝ ਕੁਬੋਲ ਕਹਿ ਹੀ ਦਿੰਦੀ, ਜਿਸ ਕਾਰਨ ਸੱਸ ਨੂੰ ਹਮੇਸ਼ਾਂ ਕਹਿਣਾ ਪੈਂਦਾ-ਬੱਕਰੀ ਦੁੱਧ ਦੇਉ, ਪਰ ਮੇਗਣਾਂ ਪਾ ਕੇ।

42. ਬੰਦੇ ਦਾ ਬੰਦਾ ਦਾਰੂ (ਇਹ ਅਖਾਣ ਮਿਲ-ਜੁਲ ਕੇ ਰਹਿਣ ਲਈ ਪ੍ਰੇਰਨਾ ਦੇਣ ਲਈ ਵਰਤਿਆ ਜਾਂਦਾ ਹੈ, ਕਿਉਂਕਿ ਇਸ ਤਰ੍ਹਾਂ ਇੱਕ ਦੂਜੇ ਦੀ, ਦੁੱਖ-ਸੁਖ ਵੇਲੇ ਸਹਾਇਤਾ ਕੀਤੀ ਜਾ ਸਕਦੀ ਹੈ)

ਵਾਕ : ਸਭ ਨੂੰ ਪਤਾ ਹੈ ਕਿ ਬੰਦੇ ਦਾ ਬੰਦਾ ਦਾਰੂ ਹੈ। ਪਰ ਫੇਰ ਵੀ ਮਨ ਵਿੱਚ ਇੱਕ ਦੂਜੇ ਲਈ ਈਰਖਾ ਤੇ ਕ੍ਰੋਧ ਹੁੰਦਾ ਹੈ ਅਤੇ ਲੜਾਈ-ਝਗੜਿਆਂ ਵਿੱਚ ਪਏ ਰਹਿੰਦੇ ਹਾਂ।

43. ਭੱਠ ਪਿਆ ਸੋਨਾ, ਜਿਹੜਾ ਕੰਨ ਪਾੜੇ (ਜਦ ਇਹ ਦੱਸਣਾ ਹੋਵੇ ਕਿ ਦੁੱਖਦਾਈ ਮਿੱਤਰ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਕਹਿੰਦੇ ਹਨ)

ਵਾਕ : ਤੇਜਵੰਤ ਹਮੇਸ਼ਾ ਮੈਨੂੰ ਕਿਸੇ ਨਾ ਕਿਸੇ ਮੁਸੀਬਤ ਵਿੱਚ ਫਸਾ ਦਿੰਦਾ ਹੈ ਅਤੇ ਮੇਰੇ ਕੋਲੋਂ ਕਈ ਫਾਇਦੇ ਉਠਾਂਦਾ ਹੈ। ਪਰ ਹੁਣ ਮੈਂ ਇਹ ਫੈਸਲਾ ਕਰ ਲਿਆ ਹੈ ਕਿ ਉਸ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਭੱਠ ਪਿਆ
ਸੋਨਾ, ਜਿਹੜਾ ਕੰਨ ਪਾੜੇ।

44. ਮਾਪਿਆਂ ਦੀਆਂ ਗਾਲ੍ਹਾਂ, ਦੁੱਧ ਘਿਓ ਦੀਆਂ ਨਾਲਾਂ (ਮਾਪਿਆਂ ਦੀ ਝਿੜਕ ਵਿੱਚ ਵੀ ਮੱਤ ਹੁੰਦੀ ਹੈ)

ਵਾਕ : ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਬਚਪਨ ਵਿੱਚ ਉਸ ਦੀ ਮਾਂ ਗੁੱਸੇ ਵਿੱਚ ਉਸ ਨੂੰ ਕਈ ਗਾਲ੍ਹਾਂ ਕੱਢਦੀ ਸੀ। ਉਸ ਨੇ ਮਾਂ ਦੀਆਂ ਗਾਲ੍ਹਾਂ ਦਾ ਉੱਤਰ ਇੱਕ ਪ੍ਰੋਫੈਸਰ ਬਣ ਕੇ ਦਿੱਤਾ। ਪਰ, ਅੱਜ ਉਹ ਇਹ ਵੀ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਮਾਪਿਆਂ ਦੀਆਂ ਗਾਲ੍ਹਾਂ, ਦੁੱਧ ਘਿਓ ਦੀਆਂ ਨਾਲਾਂ ਹੁੰਦੀਆਂ ਹਨ।

45. ਰੱਸੀ ਸੜ ਗਈ, ਵੱਟ ਨਾ ਗਿਆ (ਜਦ ਕੋਈ ਅਮੀਰ ਤੋਂ ਗਰੀਬ ਹੋ ਕੇ ਵੀ ਆਪਣੀ ਪੁਰਾਣੀ ਆਕੜ ਨਾ ਛੱਡੇ, ਤਾਂ ਵਰਤਦੇ ਹਨ)

ਵਾਕ : ਸ੍ਰੀਨਗਰ ਵਿੱਚ ਆਏ ਭੁਚਾਲ ਨੇ ਉਸ ਦਾ ਸਾਰਾ ਕਾਰੋਬਾਰ ਤਬਾਹ ਕਰ ਦਿੱਤਾ ਸੀ। ਉਸ ਨੂੰ ਪੈਸੇ ਦੀ ਸਖ਼ਤ ਲੋੜ ਸੀ। ਉਹ ਜਿੱਥੇ ਵੀ ਕਰਜ਼ ਲੈਣ ਜਾਂਦਾ, ਆਪਣੀ ਪੁਰਾਣੀ ਆਕੜ ਦਿਖਾਉਂਦਾ, ਜਿਸ ਕਰਕੇ ਕੋਈ ਵੀ ਉਸ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਸੀ। ਇਕ ਨੇ ਕਹਿ ਹੀ ਦਿੱਤਾ—ਰੱਸੀ ਸੜ ਗਈ, ਵੱਟ ਨਾ ਗਿਆ।

46. ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ (ਜਦ ਇਹ ਦੱਸਣਾ ਹੋਵੇ ਕਿ ਕਿਸੇ ਦੇ ਸੁਭਾਅ ਦਾ ਉਸ ਨਾਲ ਵਰਤ ਕੇ ਹੀ ਪਤਾ ਲਗਦਾ ਹੈ, ਤਾਂ ਕਹਿੰਦੇ ਹਨ)

ਵਾਕ : ਉਹ ਉਸ ਦੀ ਸ਼ਖ਼ਸੀਅਤ ਅਤੇ ਲੋਕਾਂ ਨਾਲ ਉਸ ਦੇ ਵਰਤਾਰੇ ਤੋਂ ਬਹੁਤ ਪ੍ਰਭਾਵਿਤ ਸੀ, ਜਿਸ ਕਰਕੇ ਉਸ ਨੇ ਉਸ ਨਾਲ ਦੋਸਤੀ ਕਰ ਲਈ। ਪਰ ਕੁਝ ਹੀ ਮਹੀਨਿਆਂ ਵਿੱਚ ਜਦੋਂ ਉਸ ਨੂੰ ਉਸ ਦੇ ਸੁਭਾਅ ਅਤੇ ਚਰਿੱਤਰ ਦਾ ਗਿਆਨ ਹੋ ਗਿਆ ਤਾਂ ਉਹ ਕਹਿਣੋਂ ਨਾ ਰਹਿ ਸਕੀ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।

47. ਲੜਦਿਆਂ ਦੇ ਪਿੱਛੇ, ਭੱਜਦਿਆਂ ਦੇ ਅੱਗੇ (ਇਹ ਅਖਾਣ ਇੱਕ ਡਰੂ ਲਈ ਵਰਤਿਆ ਜਾਂਦਾ ਹੈ)

ਵਾਕ : ਮਨਮੀਤ ਨੇ ਆਪਣੇ ਛੋਟੇ ਭਰਾ ਨੂੰ ਅਦਾਲਤ ਆਉਣ ਤੋਂ ਮਨ੍ਹਾਂ ਕਰ ਦਿੱਤਾ, ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਭਰਾ ਲੜਦਿਆਂ ਦੇ ਪਿੱਛੇ, ਭੱਜਦਿਆਂ ਦੇ ਅੱਗੇ ਰਹਿੰਦਾ ਹੈ।

48. ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ (ਜਦ ਇਹ ਦੱਸਣਾ ਹੋਵੇ ਕਿ ਕਿਸੇ ਦੀ ਆਦਤ ਬਦਲਣੀ ਬਹੁਤ ਕਠਿਨ ਹੈ, ਤਾਂ ਆਖਦੇ ਹਨ)

ਵਾਕ : ਬਲਜੀਤ ਨੇ ਆਪਣੀ ਮਾਂ ਨੂੰ ਸਬਰ ਤੋਂ ਕੰਮ ਲੈਣ ਲਈ ਆਖਦੇ ਹੋਏ ਕਿਹਾ ਕਿ ਉਹ ਆਪਣੀ ਪਤਨੀ ਕਮਲ ਦੇ ਵਿਚਾਰ ਤਾਂ ਬਦਲ ਸਕਦਾ ਹੈ, ਪਰ ਉਸ ਦੀਆਂ ਆਦਤਾਂ ਇੰਨੀ ਜਲਦੀ ਨਹੀਂ ਬਦਲ ਸਕਦਾ, ਕਿਉਂਕਿ ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ।