ਅਖਾਣ ਅਤੇ ਮੁਹਾਵਰੇ



1. ਜਿਹੀ ਕਰਨੀ, ਤਿਹੀ ਭਰਨੀ / ਜੋ ਕਰੇ, ਸੋ ਭਰੇ – ਕਿਸੇ ਆਦਮੀ ਦੇ ਜਿਹੋ ਜਿਹੇ ਅਮਲ ਹੋਣਗੇ, ਉਹੋ ਜਿਹਾ ਨਤੀਜਾ ਉਸ ਨੂੰ ਭੋਗਣਾ ਪਏਗਾ।

2. ਜਿਹਾ ਦੁੱਧ, ਤਿਹੀ ਬੁੱਧ – ਮਾਂ ਦੇ ਸੁਭਾਅ ਤੇ ਆਦਤਾਂ ਦਾ ਅਸਰ ਧੀਆਂ-ਪੁੱਤਾਂ ਤੇ ਹੁੰਦਾ ਹੈ।

3. ਜਿਹਾ ਮੂੰਹ, ਤਿਹੀ ਚਪੇੜ – ਜਿਹੋ ਜਿਹੇ ਸਲੂਕ ਦਾ ਕੋਈ ਹਕਦਾਰ ਹੋਵੇ, ਉਹੋ ਜਿਹਾ ਸਲੂਕ ਉਹਦੇ ਨਾਲ ਹੁੰਦਾ ਹੈ।

4. ਜਿਹੜਾ ਬੋਲੇ ਉਹ ਕੁੰਡਾ ਖੋਲ੍ਹੇ – ਜਦ ਕੋਈ ਪੁਰਸ਼ ਕੋਈ ਕੰਮ ਸ਼ੁਰੂ ਕਰਨ ਦੀ ਤਜਵੀਜ਼ ਕਰੇ, ਅਤੇ ਉਸੇ ਨੂੰ ਉਸ ਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਏ, ਤਾਂ ਇਹ ਅਖਾਣ ਬੋਲਦੇ ਹਨ।

5. ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ – ਅਮੀਰ ਆਦਮੀ ਦੇ ਪੁੱਤਰ ਧੀਆਂ – ਮੂਰਖ ਹੁੰਦੇ ਹੋਇਆਂ ਵੀ ਸਿਆਣੇ ਸਮਝੇ ਜਾਂਦੇ ਹਨ।

6. ਜਿਹੜੇ ਗਰਜਦੇ ਨੇ, ਉਹ ਵਰਸਦੇ ਨਹੀਂ – ਡਰਾਵੇ ਦੇਣ ਤੇ ਸ਼ੇਖੀਆਂ ਮਾਰਨ ਵਾਲੇ ਕੁਝ ਨਹੀਂ ਕਰ ਸਕਦੇ।

7. ਜੱਟ ਕੀ ਜਾਣੇ ਲੌਂਗਾਂ ਦਾ ਭਾਅ – ਜਿਸ ਆਦਮੀ ਨੂੰ ਕਿਸੇ ਚੀਜ਼ ਦੀ ਸਮਝ ਨਾ ਹੋਵੇ, ਉਹ ਉਸ ਦੀ ਠੀਕ ਕੀਮਤ ਨਹੀਂ ਪਾ ਸਕਦਾ।

8. ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ / ਸੋਣਾ ਰੂੜੀਆਂ ਤੇ ਸੁਪਨੇ ਸ਼ੀਸ਼-ਮਹੱਲਾਂ ਦੇ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ ਜੋ ਆਪਣੀ ਹੈਸੀਅਤ ਤੋਂ ਵੱਧ ਕੇ ਕਿਸੇ ਗੱਲ ਦੀ ਇੱਛਾ ਕਰੇ ਜਾਂ ਆਸ ਰੱਖੇ।

9. ਜਿੱਥੇ ਰੁੱਖ ਨਹੀਂ ਉੱਥੇ ਅਰਿੰਡ ਪ੍ਰਧਾਨ / ਅੰਨਿਆਂ ਵਿੱਚ ਕਾਣਾ ਰਾਜਾ / ਉਜੜੇ ਪਿੰਡ, ਭੜੋਲਾ ਮਹਿਲ – ਜਿੱਥੇ ਕੋਈ ਚੰਗੀ ਚੀਜ਼ ਜਾਂ ਆਦਮੀ ਨਾ ਮਿਲੇ, ਉੱਥੇ ਨਿਕੰਮੇ ਤੇ ਮਾੜੇ ਦੀ ਵੀ ਕਦਰ ਪੈ ਜਾਂਦੀ ਹੈ।

10. ਜਿੱਥੇ ਚਾਹ, ਉੱਥੇ ਰਾਹ – ਜੇ ਕੰਮ ਕਰਨ ਦੀ ਇੱਛਾ ਹੋਵੇ, ਤਾਂ ਮੁਸ਼ਕਲਾਂ ਤੇ ਰੁਕਾਵਟਾਂ ਹੁੰਦਿਆਂ ਵੀ ਉਹਦੇ ਪੂਰਾ ਕਰਨ ਦਾ ਰਾਹ ਨਿਕਲ ਆਉਂਦਾ ਹੈ।

11. ਜਿੱਥੇ ਵੇਖਾਂ ਤਵਾ ਪਰਾਤ, ਉੱਥੇ ਗਾਵਾਂ ਦਿਨ ਤੇ ਰਾਤ – ਜਿਹੜਾ ਆਦਮੀ ਉਸ ਬੰਦੇ ਦੀਆਂ ਹਰ ਵੇਲੇ ਤਾਰੀਫਾਂ ਕਰਦਾ ਰਹੇ, ਜਿਸ ਤੋਂ ਉਸ ਨੂੰ ਮਾਇਕ ਸਹਾਇਤਾ ਮਿਲਦੀ ਰਹਿੰਦੀ ਹੈ, ਉਹਦੇ ਬਾਰੇ ਇਹ ਅਖਾਣ ਬੋਲਦੇ ਹਨ।

12. ਜਥਾ ਰਾਜਾ, ਤਥਾ ਪਰਜਾ – ਕਿਸੇ ਦੇਸ਼ ਵਿਚ ਜਿਹੋ ਜਿਹੇ ਆਗੂ ਹੋਣ, ਉਹੋ ਜਿਹੀ ਉਥੋਂ ਦੀ ਜਨਤਾ ਹੁੰਦੀ ਹੈ।

13. ਜਾਂਦੇ ਚੋਰ ਦੀ ਲੰਗੋਟੀ ਸਹੀ – ਜਦ ਹੋ ਗਏ ਨੁਕਸਾਨ ਵਿਚੋਂ ਜਾਂ ਰੁੜ੍ਹ ਗਈ ਸਾਮੀ ਕੋਲੋਂ ਥੋੜੀ-ਬਹੁਤੀ ਰਕਮ ਵਸੂਲ ਹੋ ਜਾਏ, ਤਾਂ ਇਹ ਅਖਾਣ ਵਰਤਦੇ ਹਨ।

14. ਜਿੰਨੇ ਮੂਹ, ਉਨੀਆਂ ਗੱਲਾਂ – ਇਹ ਅਖਾਣ ਓਦੋਂ ਵਰਤਦੇ ਹਨ, ਜਦ ਕਿਸੇ ਮਾਮਲੇ ਜਾਂ ਘਟਨਾਂ ਬਾਰੇ ਕੋਈ ਕੁਝ ਆਖੇ ਤੇ ਕੋਈ ਕੁਝ।