ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


‘ਅੰਧ-ਵਿਸ਼ਵਾਸ ਅਤੇ ਭਰਮ-ਜਾਲ ਦੇ ਪਸਾਰੇ’ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਅੰਧ-ਵਿਸ਼ਵਾਸ ਅਤੇ ਭਰਮ-ਜਾਲ ਦੇ ਪਸਾਰੇ ਬਾਰੇ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਪਣੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੀ ਬੁਰਾਈ ਅੰਧ-ਵਿਸ਼ਵਾਸ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਹੀ ਹਾਂ। ਕਿਰਪਾ ਕਰਕੇ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਸਾਡੇ ਦੇਸ਼ ਵਿੱਚ ਅੰਧ-ਵਿਸ਼ਵਾਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਜੋਤਸ਼ੀ, ਪੰਡਤ, ਤਾਂਤਰਿਕ, ਮੀਆਂ, ਬੰਗਾਲੀ, ਪਖੰਡੀ ਬਾਬੇ, ਸਾਧੂ, ਧਾਗੇ-ਤਵੀਤਾਂ ਵਾਲੇ ਤੇ ਕਈ ਹੋਰ ਜੋ ਬਿਨਾਂ ਪੁੱਛਿਆਂ ਦਿਲ ਦੇ ਹਾਲ ਦੱਸ ਕੇ ਜੀਵਨ ਦੀਆਂ ਮੁਸ਼ਕਲਾਂ ਦਾ ਹੱਲ ਚੁਟਕੀ ਵਿੱਚ ਕਰਨ ਦੀ ਗੱਲ ਕਰਦੇ ਹਨ, ਉਹ ਲੋਕਾਂ ਦੀ ਬਿਮਾਰ ਮਾਨਸਿਕਤਾ ਨੂੰ ਆਪਣੀ ਚਤੁਰਾਈ ਨਾਲ ਸਹਿਜੇ ਹੀ ਭਰਮਾ ਕੇ ਲੁੱਟ ਲੈਂਦੇ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਘਰੇਲੂ ਹਾਲਤ, ਆਰਥਕ ਕਮਜ਼ੋਰੀ, ਬੇਰੁਜ਼ਗਾਰੀ, ਲੜਾਈ-ਝਗੜਾ, ਨਸ਼ਾ, ਈਰਖਾ, ਸ਼ੱਕ, ਵਹਿਮ, ਬਿਮਾਰੀ ਆਦਿ ਪ੍ਰਮੁੱਖ ਕਾਰਨਾਂ ਕਰਕੇ ਮਨੁੱਖ ਮਾਨਸਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ। ਇੱਕ ਪਾਸੇ ਸਰੀਰਕ ਅਤੇ ਮਾਨਸਕ ਰੋਗ ਅਤੇ ਦੂਜੇ ਪਾਸੇ ਗ਼ਰੀਬੀ, ਵਧਦੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਧਦੀਆਂ ਇੱਛਾਵਾਂ। ਸਿੱਟੇ ਵਜੋਂ ਆਮ ਮਨੁੱਖ ਅੰਧ-ਵਿਸ਼ਵਾਸਾਂ ਵਿੱਚ ਘਿਰ ਜਾਂਦਾ ਹੈ। ਉਹ ਪਖੰਡੀ ਸਾਧੂਆਂ, ਤਾਂਤਰਿਕਾਂ ਤੇ ਬਾਬਿਆਂ ਦੇ ਝਾਂਸੇ ਵਿੱਚ ਆ ਜਾਂਦਾ ਹੈ। ਉਸ ਨੂੰ ਵਹਿਮ ਹੋ ਵੀ ਜਾਂਦਾ ਹੈ ਤੇ ਕਰਵਾਇਆ ਵੀ ਜਾਂਦਾ ਹੈ ਕਿ ਉਸ ਉੱਤੇ ਕੋਈ ਜਾਦੂ-ਟੂਣਾ ਹੋਇਆ ਹੈ ਜਦੋਂ ਕਿ ਪਖੰਡੀਆਂ ਹੱਥੋਂ ਉਹ ਹੋਰ ਵੀ ਲੁੱਟਿਆ-ਪੁੱਟਿਆ ਜਾਂਦਾ ਹੈ। ਅਜਿਹੀ ਮਾੜੀ ਸੋਚ ਦਾ ਦਿਨ-ਰਾਤ ਪ੍ਚਾਰ ਅਤੇ ਪ੍ਰਸਾਰ ਕਰਨ ਲਈ ਅਖ਼ਬਾਰਾਂ, ਟੀ. ਵੀ. ਚੈਨਲਾਂ ‘ਤੇ ਲਗਾਤਾਰ ਭਰਮ ਸਿਰਜੇ ਜਾਂਦੇ ਹਨ। ਟੈਲੀਫ਼ੋਨ ਕਾਲ ਕਰਕੇ ਪ੍ਰਸ਼ਨ ਪੁੱਛੇ ਜਾਂਦੇ ਹਨ ਤੇ ਸਮਾਧਾਨ ਦੱਸੇ ਜਾਂਦੇ ਹਨ। ਦੈਵੀ ਸ਼ਕਤੀਆਂ ਨਾਲ ਸਬੰਧਤ ਵਸਤਾਂ ਮਹਿੰਗੇ ਭਾਅ ਵੇਚੀਆਂ ਜਾਂਦੀਆਂ ਹਨ।

ਭਾਵੇਂ ਕਿ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਕਈ ਪਖੰਡੀ ਬਾਬਿਆਂ ਦੇ ਪਰਦੇ ਫਾਸ਼ ਕਰਕੇ ਉਨ੍ਹਾਂ ਤੋਂ ਤੌਬਾ ਵੀ ਕਰਵਾਈ ਹੈ ਪਰ ਅਜੇ ਵੀ ਪੰਡਤ, ਜੋਤਸ਼ੀ, ਤਾਂਤਰਿਕ, ਮੀਆਂ, ਬੰਗਾਲੀ ਆਦਿ ਜੋ 24 ਘੰਟਿਆਂ ਜਾਂ 72 ਘੰਟਿਆਂ ਆਦਿ ਵਿੱਚ ਸਮੱਸਿਆ ਦੇ ਸਮਾਧਾਨ ਕਰਨ ਦੇ ਦਾਅਵੇ ਕਰਕੇ ਲੱਖਾਂ ਰੁਪਏ ਬਟੋਰ ਲੈਂਦੇ ਹਨ। ਜੇਕਰ ਕਿਸੇ ਸਮੱਸਿਆ ਦਾ ਹੱਲ ਇਨ੍ਹਾਂ ਕੋਲ ਹੁੰਦਾ ਤਾਂ ਦੁਨੀਆ ਵਿੱਚ ਕੋਈ ਦੁਖੀ ਹੀ ਕਿਉਂ ਹੁੰਦਾ? ਇਹ ਆਪ ਬਣੇ ਰੱਬ ਹਨ ਜੋ ਲੋਕਾਂ ਦਾ ਨੁਕਸਾਨ ਕਰਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ।

ਸਮੱਸਿਆਵਾਂ ਤਾਂ ਹਰ ਘਰ, ਹਰ ਪਰਿਵਾਰ ‘ਤੇ ਆਉਂਦੀਆਂ ਹਨ ਪਰ ਉਨ੍ਹਾਂ ਦਾ ਹੱਲ ਹੋਰ ਹੁੰਦਾ ਹੈ ਨਾ ਕਿ ਇਨ੍ਹਾਂ ਪਖੰਡੀਆਂ ਦੇ ਟੋਟਕੇ। ਸਾਨੂੰ ਇਨ੍ਹਾਂ ਦੇ ਚੁੰਗਲ ਤੋਂ ਬਚਣ ਦੀ ਤੇ ਇਨ੍ਹਾਂ ਦੇ ਪਖੰਡਾਂ ਦੇ ਪਰਦੇ ਫਾਸ਼ ਕਰਨ ਦੀ ਲੋੜ ਹੈ। ਇਸ ਵਿੱਚ ਹੀ ਸਮੁੱਚੀ ਮਾਨਵਤਾ ਦੀ ਭਲਾਈ ਹੈ। ਸਰਕਾਰ ਨੂੰ ਵੀ ਅਜਿਹੇ ਪਾਖੰਡੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਉਮੀਦ ਹੈ ਕਿ ਤੁਸੀਂ ਮੇਰੀ ਚਿੱਠੀ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………