ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਅਲੋਪ ਹੋ ਰਹੀਆਂ ਕਦਰਾਂ ਕੀਮਤਾਂ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………………….ਸ਼ਹਿਰ।
ਸੇਵਾ ਵਿਖੇ
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਅਲੋਪ ਹੋ ਰਹੀਆਂ ਕਦਰਾਂ-ਕੀਮਤਾਂ ਸਬੰਧੀ।
ਸ੍ਰੀਮਾਨ ਜੀ,
ਮੈਂ ਇਸ ਪੱਤਰ ਰਾਹੀਂ ਆਪਣੇ ਸਮਾਜ ਵਿੱਚੋਂ ਅਲੋਪ ਹੋ ਰਹੀਆਂ ਕਦਰਾਂ-ਕੀਮਤਾਂ ਬਾਰੇ ਆਪਣੇ ਵਿਚਾਰ ਲਿਖ ਕੇ
ਭੇਜ ਰਹੀ ਹਾਂ। ਇਨ੍ਹਾਂ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕਿਰਪਾਲਤਾ ਕਰਨੀ ਜੀ।
ਪਰਿਵਰਤਨ ਕੁਦਰਤ ਦਾ ਨਿਯਮ ਹੈ। ਬਦਲਦੀਆਂ ਸਥਿਤੀਆਂ ਕਾਰਨ ਬਦਲਦੇ ਸਮਾਜ ਦੀ ਸੋਚ ਅਨੁਸਾਰ ਆਪਣੇ- ਆਪ ਨੂੰ ਢਾਲਣਾ ਜ਼ਰੂਰੀ ਹੁੰਦਾ ਹੈ। ਪਰ ਕੁਝ ਤਬਦੀਲੀਆਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਾਂ ਵਾਪਰ ਰਹੀਆਂ ਹਨ ਜੋ ਮਨੁੱਖ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਠੀਕ ਇਸੇ ਤਰ੍ਹਾਂ, ਜਿਵੇਂ ਸਮੇਂ ਦੇ ਬਦਲਣ ਨਾਲ ਰਿਸ਼ਤਿਆਂ ਨੇ ਵੀ ਕਰਵਟ ਲਈ ਹੈ। ਰਿਸ਼ਤਿਆਂ ਵਿੱਚ ਆਈ ਇਸ ਤਬਦੀਲੀ ਨੇ ਆਪਣਿਆਂ ਨੂੰ ਵੀ ਅਜਨਬੀ ਬਣਾ ਦਿੱਤਾ ਹੈ। ਅੱਜ ਰਿਸ਼ਤਿਆਂ ਵਿੱਚੋਂ ਨਿੱਘ, ਮੋਹ ਤੇ ਅਪਣੱਤ ਮਨਫ਼ੀ ਹੋ ਗਿਆ ਹੈ। ਆਪਣਿਆਂ ਦਾ ਹੀ ਖ਼ੂਨ ਸਫੇਦ ਹੋ ਗਿਆ ਹੈ। ਹੁਣ ਨਜ਼ਦੀਕੀ ਮੋਹ-ਭਿੱਜੇ ਰਿਸ਼ਤੇ ਕਾਮ-ਵਾਸ਼ਨਾ ਵਿੱਚ ਅੰਨ੍ਹੇ ਹੋ ਕੇ ਤਾਰ-ਤਾਰ ਹੋ ਰਹੇ ਹਨ।
ਸੁਆਰਥ ਭਰੀਆਂ ਨਕਾਰਾਤਮਕ ਸੋਚਾਂ, ਜਿਨ੍ਹਾਂ ਨੇ ਮਨੁੱਖ ਦੀ ਸੋਚ ਨੂੰ ਧੁੰਦਲਾ ਕਰ ਦਿੱਤਾ ਹੈ। ਅਗਲਾ ਕਾਰਨ ਟੀ.ਵੀ. ਸੀਰੀਅਲ ਹਨ, ਜਿਨ੍ਹਾਂ ਵਿੱਚ ਬਹੁਤਾ ਕਰਕੇ ਸਿਵਾਇ ਸਾਜਿਸ਼ਾਂ ਤੋਂ ਹੋਰ ਕੁਝ ਵੀ ਨਹੀਂ ਹੁੰਦਾ। ਟੀ.ਵੀ. ‘ਚ ਦਿਖਾਏ ਜਾਂਦੇ ਅਮੀਰ ਵਰਗ ਦੇ ਨਿਆਰੇ ਸ਼ੋਜ਼; ਜਿਵੇਂ ਆਲੀਸ਼ਾਨ ਬੰਗਲੇ, ਗਹਿਣਿਆਂ ਨਾਲ ਲੱਦੀਆਂ ਘਰੇਲੂ ਔਰਤਾਂ, ਵੱਡੇ-ਵੱਡੇ ਕਰੋੜਾਂ ਦੇ ਵਪਾਰ, ਆਦਿ ਨੇ ਆਮ ਸਧਾਰਨ ਮਨੁੱਖ ਨੂੰ ਵੀ ਲਾਲਚੀ ਜਿਹਾ ਬਣਾ ਦਿੱਤਾ ਹੈ। ਮਨੁੱਖ ਦੀ ਸੁਆਰਥੀ ਸੋਚ ਕਦਰਾਂ-ਕੀਮਤਾਂ ‘ਤੇ ਹਾਵੀ ਹੋ ਗਈ ਹੈ। ਉਨ੍ਹਾਂ ਸਾਹਮਣੇ ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਆਦਿ ਦੇ ਰਿਸ਼ਤੇ ਹੀਣ ਹੋ ਗਏ ਹਨ। ਅੱਜ ਜਾਇਦਾਦ ਦੀ ਖ਼ਾਤਰ ਬਜ਼ੁਰਗ ਮਾਪਿਆਂ ਦਾ ਬੇਰਹਿਮੀ ਨਾਲ ਕਤਲ, ਭਰਾ-ਭਰਾ ਦਾ ਕਤਲ, ਪਤੀ ਦਾ ਕਤਲ ਆਦਿ ਆਮ ਜਿਹੀ ਗੱਲ ਹੋ ਗਈ ਹੈ। ਰਿਸ਼ਤਿਆਂ ਵਿੱਚ ਆ ਰਹੀ ਇਹ ਤਬਦੀਲੀ ਕਿਹੜੇ ਸੱਭਿਆਚਾਰ ਦਾ ਅੰਗ ਹੈ। ਇਸ ਲਈ ਮਨੁੱਖ ਨੂੰ ਆਪਣੀ ਇਹ ਨਿਹਾਇਤ ਘਟੀਆ ਸੋਚ ਤੁਰੰਤ ਬਦਲਣੀ ਪਵੇਗੀ ਨਹੀਂ ਤਾਂ ਉਹ ਦਿਨ ਨਹੀਂ ਜਦ ਹਰ ਮਨੁੱਖ ਇਕੱਲਾ ਰਹਿ ਜਾਏਗਾ। ਸਿਆਣੇ ਤਾਂ ਕਹਿੰਦੇ ਹਨ “ਇਕੱਲਾ ਤਾਂ ਕੋਈ ਰੁੱਖ ਵੀ ਨਾ ਹੋਵੇ।” ਇਸ ਲਈ ਇਸ ਨਿਘਰ ਲਈ ਸੋਚਣਾ ਬਹੁਤ ਜ਼ਰੂਰੀ ਹੈ।
ਮੇਰੀ ਫਿਰ ਬੇਨਤੀ ਹੈ ਕਿ ਮੇਰੀ ਇਹ ਚਿੱਠੀ ਅਖਬਾਰ ‘ਚ ਜਲਦੀ ਛਾਪਣਾ।
ਧੰਨਵਾਦ ਸਹਿਤ,
ਆਪ ਜੀ ਦੀ ਵਿਸ਼ਵਾਸਪਾਤਰ,
ੳ. ਅ. ੲ।
ਮਿਤੀ : 12 ਮਾਰਚ, 20……..