ਅਖਬਾਰ ਦੇ ਸੰਪਾਦਕ ਨੂੰ ਪੱਤਰ


ਕੋਰੋਨਾ ਮਹਾਂਮਾਰੀ ਦੌਰਾਨ ਹੋਣ ਵਾਲੇ ਵਿਆਹ-ਸ਼ਾਦੀਆਂ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ ਅਖ਼ਬਾਰ,

ਜਲੰਧਰ।

ਵਿਸ਼ਾ : ਕੋਰੋਨਾ ਮਹਾਂਮਾਰੀ ਦੌਰਾਨ ਹੋਣ ਵਾਲੇ ਵਿਆਹ-ਸ਼ਾਦੀਆਂ ਸਬੰਧੀ।

ਸ੍ਰੀਮਾਨ ਜੀ,

ਮੈਂ ਇਸ ਪੱਤਰ ਰਾਹੀਂ ਕੋਰੋਨਾ ਮਹਾਂਮਾਰੀ ਦੌਰਾਨ ਹੋਣ ਵਾਲੇ ਵਿਆਹ-ਸ਼ਾਦੀਆਂ ਸਬੰਧੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਛਾਪਣ ਦੀ ਕਿਰਪਾਲਤਾ ਕਰਨਾ।

ਅਸੀਂ ਨਿੱਤ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦੀ ਸੰਖਿਆ ਜਾਣ ਕੇ ਦੁਖੀ ਹੁੰਦੇ ਰਹਿੰਦੇ ਹਾਂ। ਜਿਹੜਾ ਮਰਜ਼ੀ ਚੈਨਲ ਲਗਾ ਲਓ, ਇਹੋ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ। ਅਜਿਹੇ ਸਮੇਂ ਜੇ ਕਿਧਰੋਂ ਵਿਆਹ ਦਾ ਸੱਦਾ ਪੱਤਰ ਆ ਜਾਵੇ ਤਾਂ ਖ਼ੁਸ਼ੀ ਹੋਣ ਦੀ ਥਾਂ ਚਿੰਤਾ ਲੱਗ ਜਾਂਦੀ ਹੈ ਕਿ ਕਿਤੇ ਕੋਰੋਨਾ ਦੀ ਚਪੇਟ ਵਿੱਚ ਹੀ ਨਾ ਆ ਜਾਈਏ, ਪਰ ਮਜ਼ਬੂਰੀ ਵੱਸ ਜਾਣਾ ਹੀ ਪੈਂਦਾ ਹੈ।

ਕੋਰੋਨਾ ਕਾਲ ਦੌਰਾਨ ਵਿਆਹ-ਸ਼ਾਦੀਆਂ ਦਾ ਸਮਾਗਮ ਕਰਦੇ ਸਮੇਂ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਵਿਆਹ ਵਿੱਚ ਸਿਰਫ਼ ਉਨ੍ਹਾਂ ਹੀ ਸਾਕ-ਸਬੰਧੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਜਿਨ੍ਹਾਂ ਬਿਨਾਂ ਬਿਲਕੁਲ ਵੀ ਨਾ ਸਰਦਾ ਹੋਵੇ। ਸਰਕਾਰ ਵੱਲੋਂ ਨਿਰਧਾਰਤ ਸੰਖ਼ਿਆ ਅਨੁਸਾਰ ਹੀ ਇਕੱਠ ਕਰਨਾ ਚਾਹੀਦਾ ਹੈ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਵਿਆਹ ਤੋਂ ਦੋ ਦਿਨ ਪਹਿਲਾਂ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਜੇ ਕਿਸੇ ਨੂੰ ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਹੋਵੇ ਤਾਂ ਵਿਆਹ ਵੇਖਣ ਨਹੀਂ ਜਾਣਾ ਚਾਹੀਦਾ। ਵਿਆਹ ਵਾਲਾ ਹਾਲ/ਸਥਾਨ ਚੰਗੀ ਤਰ੍ਹਾਂ ਸੈਨੇਟਾਈਜ਼ ਹੋਣਾ ਚਾਹੀਦਾ ਹੈ ਅਤੇ ਸਾਫ਼-ਸਫ਼ਾਈ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਮਹਿਮਾਨਾਂ ਦੇ ਹੱਥ ਮੁੱਖ ਦੁਆਰ ‘ਤੇ ਸੈਨੇਟਾਈਜ਼ ਕਰਵਾ ਕੇ ਅਤੇ ਮਾਸਕ ਪਵਾ ਕੇ ਹੀ ਹਾਲ ਅੰਦਰ ਦਾਖ਼ਲ ਹੋਣ ਦੇਣਾ ਚਾਹੀਦਾ ਹੈ। ਕੁਰਸੀਆਂ ਦੋ ਗਜ਼ ਦੀ ਦੂਰੀ ‘ਤੇ ਰੱਖਣੀਆਂ ਚਾਹੀਦੀਆਂ ਹਨ ਅਤੇ ਮੇਜ਼ਾਂ ’ਤੇ ਸੈਨੇਟਾਈਜ਼ਰ ਦੀਆਂ ਬੋਤਲਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਮਹਿਮਾਨ ਲੋੜ ਅਨੁਸਾਰ ਵਰਤੋਂ ਕਰ ਸਕਣ। ਹਾਲ ਅੰਦਰ ਵੀ ਕੋਰੋਨਾ ਸਬੰਧੀ ਨਿਯਮਾਂ ਦੇ ਚਾਰਟ ਲਗਾਏ ਜਾਣ ਤਾਂ ਜੋ ਵਿਆਹ ਦੀ ਖੁਸ਼ੀ ਵਿੱਚ ਵੀ ਲੋਕ ‘ਕਰੋਨਾ’ ਸਬੰਧੀ ਸੁਚੇਤ ਰਹਿਣ। ਖ਼ਾਣ-ਪੀਣ ਦਾ ਸਮਾਨ ਵਰਤਾਉਣ ਵਾਲਿਆਂ ਵਰਤਾਵਿਆਂ ਲਈ ਮਾਸਕ ਦੇ ਨਾਲ-ਨਾਲ ਦਸਤਾਨੇ ਪਾਉਣਾ ਵੀ ਲਾਜ਼ਮੀ ਹੋਵੇ। ਜੇ ਸੰਭਵ ਹੋਵੇ ਤਾਂ ਖ਼ਾਣ-ਪੀਣ ਵਾਲੀਆਂ ਵਸਤੂਆਂ ਦੇ ਸਟਾਲ ਦੂਰ-ਦੂਰ ਲਗਾਏ ਜਾਣ ਤਾਂ ਜੋ ਇੱਕੋ ਥਾਂ ‘ਤੇ ਹੀ ਜ਼ਿਆਦਾ ਲੋਕ ਇਕੱਠਾ ਨਾ ਹੋਣ। ਮਹਿਮਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਸੀ ਦੂਰੀ ਨੂੰ ਅਣਗੌਲਿਆਂ ਨਾ ਕਰਨ ਅਤੇ ਸੁਰੱਖਿਅਤ ਰਹਿਣ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਥਾਂ ਪਰਿਵਾਰ ਵਾਲਿਆਂ ਨੂੰ ਨੱਚ-ਟੱਪ ਕੇ ਵਿਆਹ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ। ਬਰਾਤ ਦੇ ਆਉਣ ਤੋਂ ਲੈ ਕੇ ਡੋਲੀ ਦੇ ਤੁਰਨ ਤੱਕ ਕਰੋਨਾ ਸਬੰਧੀ ਬਣਾਏ ਨਿਯਮਾਂ ਦੀ ਦਿਲੋਂ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਕੋਈ ਵਿਆਹ ਦੀਆਂ ਖ਼ੁਸ਼ੀ ਭਰੀਆਂ ਮਿੱਠੀਆਂ ਯਾਦਾਂ ਲੈ ਕੇ ਜਾਏ ਨਾ ਕਿ ਕੋਰੋਨਾ ਵਾਇਰਸ।

ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੇ ਵਿਚਾਰ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ੳ . ਅ . ੲ ।

ਮਿਤੀ : 14 ਜਨਵਰੀ, 2022