ਹਸਪਤਾਲ – ਪੈਰਾ ਰਚਨਾ

ਹਸਪਤਾਲ ਅਜਿਹੀ ਥਾਂ ਹੁੰਦੀ ਹੈ, ਜਿੱਥੇ ਰੋਗੀਆਂ ਦਾ ਇਲਾਜ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ। ਇੱਥੇ ਮਰੀਜ਼ਾਂ ਦੀ ਸੇਵਾ ਤੇ ਸਹਾਇਤਾ ਲਈ ਮੁਸਕਰਾਹਟਾਂ ਵੰਡਦੀਆਂ ਨਰਸਾਂ ਮੌਜੂਦ ਹੁੰਦੀਆਂ ਹਨ। ਆਮ ਸਰਕਾਰੀ ਹਸਪਤਾਲ ਵਿਚ ਓ . ਪੀ . ਡੀ . ਵਿਭਾਗ ਵੀ ਹੁੰਦਾ ਹੈ ਤੇ ਇਨ – ਡੋਰ ਵੀ। ਓ . ਪੀ . ਡੀ . ਵਿਖੇ ਸਧਾਰਨ ਬਿਮਾਰੀਆਂ ਵਾਲੇ, ਤੁਰ – ਫਿਰ ਸਕਣ ਵਾਲੇ ਰੋਗੀ ਪਰਚੀ ਬਣਵਾ ਕੇ ਮਾਹਿਰ ਡਾਕਟਰ ਤੋਂ ਦਵਾਈ ਲੈਂਦੇ ਹਨ ਤੇ ਆਪਣੇ ਘਰ ਚਲੇ ਜਾਂਦੇ ਹਨ।

ਇਨਡੋਰ ਵਿਭਾਗ ਵਿਚ ਉਨ੍ਹਾਂ ਮਰੀਜ਼ਾਂ ਨੂੰ ਹੀ ਦਾਖ਼ਲ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਇਲਾਜ ਉਨ੍ਹਾਂ ਦੇ ਘਰਾਂ ਵਿਚ ਹੋਣਾ ਸੰਭਵ ਨਹੀਂ ਹੁੰਦਾ। ਹਸਪਤਾਲ ਵਿਚ ਖ਼ੂਨ, ਪਿਸ਼ਾਬ, ਟੱਟੀ, ਥੁੱਕ ਤੇ ਹੋਰ ਸਾਰੇ ਟੈਸਟਾਂ ਦਾ ਪ੍ਰਬੰਧ ਹੁੰਦਾ ਹੈ ਤੇ ਰੋਗੀਆਂ ਦੇ ਰੋਗਾਂ ਦੀ ਜਾਂਚ ਤੇ ਇਲਾਜ ਲਈ ਆਧੁਨਿਕ ਮਸ਼ੀਨਾਂ ਤੇ ਦਵਾਈਆਂ ਮੌਜੂਦ ਹੁੰਦੀਆਂ ਹਨ।

ਜੇਕਰ ਤੁਸੀਂ ਕਿਸੇ ਵਾਰਡ ਦਾ ਚੱਕਰ ਲਾਓ, ਤਾਂ ਤੁਹਾਨੂੰ ਉਸ ਵਿੱਚ ਬਿਸਤਰਿਆਂ ਉੱਪਰ ਪਏ ਮਰੀਜ਼ ਦਿਖਾਈ ਦੇਣਗੇ, ਕਿਸੇ ਨੂੰ ਆਕਸੀਜਨ ਲੱਗੀ ਹੁੰਦੀ ਹੈ, ਕਿਸੇ ਨੂੰ ਗਲੂਕੋਜ਼, ਕਿਸੇ ਨੂੰ ਖ਼ੂਨ ਚੜ੍ਹਾਇਆ ਜਾ ਰਿਹਾ ਹੁੰਦਾ ਹੈ ਤੇ ਕਿਸੇ ਦੀ ਲੱਤ ਨਾਲ ਭਾਰ ਬੰਨ੍ਹਿਆ ਹੁੰਦਾ ਹੈ। ਉਨ੍ਹਾਂ ਦੇ ਨੇੜੇ ਹੀ ਇਕ ਮੇਜ਼ ਉੱਤੇ ਟਰੇ ਵਿਚ ਦਵਾਈਆਂ ਪਈਆਂ ਹੁੰਦੀਆਂ ਹਨ। ਇਕ ਜਾਂ ਦੋ ਡਾਕਟਰ ਕੁੱਝ ਨਰਸਾਂ ਸਮੇਤ ਮਰੀਜ਼ਾਂ ਦੀ ਜਾਂਚ ਕਰਨ ਲਈ ਚੱਕਰ ਲਾ ਰਹੇ ਹੁੰਦੇ ਹਨ।

ਸਫ਼ਾਈ – ਸੇਵਕ ਸਫ਼ਾਈ ਵਿਚ ਲੱਗੇ ਹੁੰਦੇ ਹਨ। ਹਸਪਤਾਲ ਦੀਆਂ ਭਿੰਨ – ਭਿੰਨ ਵਾਰਡਾਂ ਵਿਚ ਭਿੰਨ – ਭਿੰਨ ਪ੍ਰਕਾਰ ਦੇ ਮਰੀਜ਼ ਹੁੰਦੇ ਹਨ। ਇਸਤਰੀਆਂ, ਬੱਚਿਆਂ ਤੇ ਗੰਭੀਰ ਰੋਗੀਆਂ ਲਈ ਵੱਖਰੇ ਵਾਰਡ ਹੁੰਦੇ ਹਨ। ਕੁੱਝ ਸਪੈਸ਼ਲ ਵਾਰਡ ਵੀ ਹੁੰਦੇ ਹਨ, ਜਿਨ੍ਹਾਂ ਦੇ ਕਮਰਿਆਂ ਦਾ ਕਿਰਾਇਆ ਵਧੇਰੇ ਹੁੰਦਾ ਹੈ। ਹਸਪਤਾਲ ਵਿੱਚ ਮਨੁੱਖ ਦੇ ਸਿਰ ਤੋਂ ਪੈਰਾਂ ਤੱਕ ਦੇ ਰੋਗਾਂ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ।

ਇਹ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਸਰਜਰੀ ਵਿਭਾਗ ਇਸ ਵਿਚ ਖ਼ਾਸ ਮਹੱਤਵਪੂਰਨ ਹੁੰਦਾ ਹੈ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ਲੋਕਾਂ ਵਿਚ ਸਰਕਾਰੀ ਹਸਪਤਾਲ ਬਹੁਤੇ ਹਰਮਨ ਪਿਆਰੇ ਨਹੀਂ। ਉਹ ਪ੍ਰਾਈਵੇਟ ਡਾਕਟਰਾਂ, ਹਸਪਤਾਲਾਂ ਤੇ ਮੈਡੀਕਲ ਇੰਸਟੀਚਿਊਟਾਂ ਵਿੱਚ ਜਾਣਾ ਵਧੇਰੇ ਪਸੰਦ ਕਰਦੇ ਹਨ।