ਸੁਇਨੇ ਦੇ ਕੋਟੁ…………. ਤੂੰ ਜਾਣੁ ਨ ਜਾਣੁ ॥


ਆਪਿ ਨੂੰ ਪਛਾਣੁ : ਸ਼ਾਹ ਹੁਸੈਨ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਸੁਇਨੇ ਦੇ ਕੋਟੁ ਰੁਪਹਿਰੀ ਛੱਜੇ, ਹਰਿ ਬਿਨੁ ਜਾਣਿ ਮਸਾਣੁ।

ਤੇਰੇ ਸਿਰ ਤੇ ਜਮ ਸਾਜ਼ਸ਼ ਕਰਦਾ, ਭਾਵੇਂ ਤੂੰ ਜਾਣੁ ਨ ਜਾਣੁ ॥


ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ਼ਾਹ ਹੁਸੈਨ ਦੀ ਕਾਫ਼ੀ ‘ਆਪਿ ਨੂੰ ਪਛਾਣੁ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਆਪਣੇ ਸੂਫ਼ੀ ਵਿਚਾਰਾਂ ਨੂੰ ਅੰਕਿਤ ਕਰਦਾ ਹੋਇਆ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪੇ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਰਿਕ ਪਦਾਰਥਾਂ ਦੇ ਅਡੰਬਰ ਦਾ ਹੰਕਾਰ ਤਿਆਗਣ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪੇ ਦੀ ਪਛਾਣ ਕਰਨ ਲਈ ਕਹਿੰਦਾ ਹੈ।

ਵਿਆਖਿਆ : ਸ਼ਾਹ ਹੁਸੈਨ ਕਹਿੰਦਾ ਹੈ, ਹੇ ਮਨੁੱਖ ! ਪਰਮਾਤਮਾ ਦੇ ਸਿਮਰਨ ਬਿਨਾਂ ਤੇਰੇ ਸੰਸਾਰਿਕ ਪਦਾਰਥਾਂ ਦੇ ਅਡੰਬਰ ਕਿਸੇ ਕੰਮ ਨਹੀਂ। ਪ੍ਰਭੂ-ਨਾਮ ਤੋਂ ਬਿਨਾਂ ਤੇਰੇ ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲ੍ਹੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ। ਤੂੰ ਸੰਸਾਰਿਕ ਪਦਾਰਥਾਂ ਦੇ ਅਡੰਬਰ ਦੇ ਹੰਕਾਰ ਵਿੱਚ ਫਸ ਕੇ ਮੌਤ ਨੂੰ ਭੁੱਲਾ ਹੋਇਆ ਹੈ, ਪਰ ਇਹ ਇਕ ਸਚਾਈ ਹੈ ਕਿ ਤੇਰੇ ਸਿਰ ਉੱਪਰ ਜਮਦੂਤ ਤੈਨੂੰ ਮਾਰਨ ਦੀ ਗੋਦ ਗੁੰਦ ਰਿਹਾ ਹੈ। ਜਿਸ ਦਿਨ ਵੀ ਉਸ ਦਾ ਦਾਅ ਲੱਗ ਗਿਆ, ਉਹ ਤੈਨੂੰ ਮੌਤ ਦੇ ਹਵਾਲੇ ਕਰ ਕੇ ਤੇਰੀ ਹਸਤੀ ਨੂੰ ਮਿਟਾ ਦੇਵੇਗਾ ਤੇ ਤੇਰੇ ਸੰਸਾਰਿਕ ਪਦਾਰਥਾਂ ਦੇ ਅਡੰਬਰ ਇੱਥੇ ਧਰੇ-ਧਰਾਏ ਰਹਿ ਜਾਣਗੇ।