BloggingEducation

ਸ਼ਬਦਾਂ ਦੀ ਸ਼ਕਤੀ


ਰਿਗਵੇਦ ਨੂੰ ਦੁਨੀਆਂ ਦਾ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। 3500 ਤੋਂ 4000 ਸਾਲ ਪਹਿਲਾਂ ਰਿਗਵੇਦ ਦੀ ਰਚਨਾ ਪੰਜਾਬ ਵਿੱਚ ਹੋਈ। ਇਸ ਦਾ ਭਾਵ ਹੈ ਕਿ ਜਦੋਂ ਪੂਰੀ ਦੁਨੀਆਂ ਦੇ ਲੋਕ ਜੰਗਲਾਂ ਪਹਾੜਾਂ ਵਿੱਚ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਹੇ ਸਨ ਤਾਂ ਉਸ ਸਮੇਂ ਇੱਥੋਂ ਦੇ ਲੋਕਾਂ ਦੀ ਸ਼ਬਦ ਨਾਲ ਸਾਂਝ ਬਣ ਚੁੱਕੀ ਸੀ। ਪਹਿਲਾਂ ਮਨੁੱਖ ਨੇ ਪੱਥਰਾਂ ‘ਤੇ ਲਿਖਣਾ ਸ਼ੁਰੂ ਕੀਤਾ, ਮਗਰੋਂ ਪੱਤਿਆਂ ‘ਤੇ। ਜਦੋਂ ਉਸ ਨੂੰ ਕੱਪੜਾ ਬੁਣਨ ਦੀ ਜਾਚ ਆਈ ਤਾਂ ਉਹ ਕੱਪੜੇ ਤੇ ਲਿਖਣ ਲੱਗਾ। ਕਈ ਸਦੀਆਂ ਮਗਰੋਂ ਉਸ ਨੇ ਕਾਗਜ਼ ਦੀ ਖੋਜ ਕੀਤੀ ਤੇ ਕਿਤਾਬਾਂ/ਹੋਂਦ ਵਿੱਚ ਆਈਆਂ।

ਸ਼ਬਦ ਦੀ ਸ਼ਕਤੀ ਕੀ ਹੈ?

ਇਸ ਬਾਰੇ ਇੱਕ ਕਥਾ ਹੈ ਕਿ ਇੱਕ ਵਾਰ ਇੱਕ ਰਾਜਾ ਇੱਕ ਵਿਦਵਾਨ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਕਿਹਾ ਕਿ ਮੈਨੂੰ ਕੋਈ ਅਜਿਹਾ ਮੰਤਰ ਦਿਓ ਜੋ ਹਰ ਸੰਕਟ ਵਿੱਚ ਕੰਮ ਆ ਸਕੇ। ਵਿਦਵਾਨ ਨੇ ਰਾਜੇ ਨੂੰ ਕਿਹਾ ਕਿ ਉਹ ਦੋ ਮਹੀਨੇ ਬਾਅਦ ਉਸ ਕੋਲ ਆਵੇ। ਜਦੋਂ ਰਾਜਾ ਦੁਬਾਰਾ ਗਿਆ ਤਾਂ ਵਿਦਵਾਨ ਨੇ ਇੱਕ ਅੰਗੂਠੀ ਦਿੰਦਿਆਂ ਰਾਜੇ ਨੂੰ ਕਿਹਾ, “ਇਹਦੇ ਨਗ ਦੇ ਹੇਠ ਇੱਕ ਕਾਗਜ਼ ਦੇ ਛੋਟੇ ਟੁਕੜੇ ‘ਤੇ ਕੁਝ ਸ਼ਬਦ ਲਿਖੇ ਹਨ, ਇਹ ਸੰਕਟ ਸਮੇਂ ਤੁਹਾਡੀ ਅਗਵਾਈ ਕਰਨਗੇ। ਯਾਦ ਰੱਖਣਾ ਕਿ ਮੁੰਦਰੀ ਦੇ ਇਸ ਨਗ ਨੂੰ ਉਦੋਂ ਹੀ ਉਖਾੜਨਾ ਤੇ ਪੜ੍ਹਨਾ ਜਦੋਂ ਸਭ ਹੀਲੇ ਨਾਕਾਮ ਹੋ ਜਾਣ, ਪਹਿਲਾਂ ਨਹੀਂ।” ਸਮਾਂ ਬੀਤਿਆ ਕਈ ਸੰਕਟ ਸਮੱਸਿਆਵਾਂ ਆਈਆਂ ਤੇ ਚਲੀਆਂ ਗਈਆਂ, ਪਰ ਰਾਜੇ ਨੇ ਮੁੰਦਰੀ ਦਾ ਨਗ ਉਖਾੜ ਕੇ ਨਾ ਵੇਖਿਆ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਗੁਆਂਢੀ ਰਾਜੇ ਨੇ ਉਸ ਦੇ ਰਾਜ ‘ਤੇ ਹਮਲਾ ਕਰ ਦਿੱਤਾ। ਘਮਸਾਣ ਦਾ ਯੁੱਧ ਹੋਇਆ। ਰਾਜੇ ਦੀ ਫ਼ੌਜ ਗੁਆਂਢੀ ਫ਼ੌਜ ਅੱਗੇ ਹਾਰ ਗਈ। ਹਾਰ ਨੂੰ ਦੇਖਦਿਆਂ ਰਾਜਾ ਆਪਣੀ ਜਾਨ ਬਚਾਉਣ ਲਈ ਘੋੜੇ ‘ਤੇ ਯੁੱਧ ਮੈਦਾਨ ਵਿੱਚੋਂ ਭੱਜ ਨਿਕਲਿਆ, ਪਰ ਦੁਸ਼ਮਣ ਦੀ ਫ਼ੌਜ ਨੂੰ ਪਤਾ ਲੱਗ ਗਿਆ। ਫ਼ੌਜ ਦੀ ਟੁਕੜੀ ਰਾਜੇ ਦਾ ਪਿੱਛਾ ਕਰਨ ਲੱਗੀ। ਪਹਾੜੀ ਇਲਾਕੇ ਵਿੱਚ ਰਾਜਾ ਦੁਸ਼ਮਣ ਦੀ ਫ਼ੌਜ ਤੋਂ ਬਚਦਾ ਇੱਕ ਪਹਾੜੀ ਰਸਤੇ ਦਾ ਮੋੜ ਮੁੜ ਗਿਆ। ਮੋੜ ਮੁੜਦਿਆਂ ਕੁਝ ਫਾਸਲੇ ‘ਤੇ ਰਸਤਾ ਮੁੱਕ ਗਿਆ। ਅੱਗੇ ਡੂੰਘੀ ਖਾਈ ਸੀ। ਰਾਜੇ ਦਾ ਘੋੜਾ ਖਾਈ ਵਿੱਚ ਡਿੱਗਦਾ ਡਿੱਗਦਾ ਮਸਾਂ ਬਚਿਆ। ਦੁਸ਼ਮਣ ਫ਼ੌਜ ਪਿੱਛੇ ਆ ਰਹੀ ਸੀ। ਰਾਜੇ ਨੂੰ ਇਸ ਸਮੇਂ ਮੁੰਦਰੀ ਦਾ ਖ਼ਿਆਲ ਆਇਆ। ਉਸ ਨੇ ਛੁਰੀ ਦੀ ਨੋਕ ਨਾਲ ਮੁੰਦਰੀ ਦਾ ਨਗ ਉਖਾੜਿਆ। ਕਾਗਜ਼ ਕੱਢ ਕੇ ਪੜ੍ਹਿਆ। ਉਪਰ ਲਿਖਿਆ ਸੀ: ‘ਇਹ ਵਕਤ ਵੀ ਬੀਤ ਜਾਵੇਗਾ। ਇਨ੍ਹਾਂ ਸ਼ਬਦਾਂ ਨਾਲ ਰਾਜੇ ਅੰਦਰ ਵਿਲੱਖਣ ਊਰਜਾ ਦਾ ਸੰਚਾਰ ਹੋਇਆ। ਰਾਜੇ ਨੇ ਮੁੰਦਰੀ ਨੂੰ ਬੰਦ ਕਰਕੇ ਆਪਣੇ ਚੋਲੇ ਦੇ ਖੀਸੇ ਵਿੱਚ ਸੰਭਾਲ ਲਿਆ। ਦੁਸ਼ਮਣ ਦੀ ਫ਼ੌਜ ਮੋੜ ਮੁੜਨ ਦੀ ਬਜਾਏ ਅੱਗੇ ਲੰਘ ਗਈ। ਰਾਜੇ ਦੀ ਜਾਨ ਬਚ ਗਈ। ਕਈ ਮਹੀਨਿਆਂ ਦੀ ਮਿਹਨਤ ਮਗਰੋਂ ਉਸ ਨੇ ਲੁਕਵੀ ਥਾਂ ‘ਤੇ ਆਪਣੀ ਫ਼ੌਜ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਮਿੱਤਰ ਰਾਜਿਆਂ ਦੀ ਮਦਦ ਲਈ ਤੇ ਵੱਡੀ ਫ਼ੌਜ ਬਣਾ ਕੇ ਦੁਸ਼ਮਣ ਰਾਜੇ ਨੂੰ ਮੈਦਾਨ-ਏ-ਜੰਗ ਵਿੱਚ ਲਲਕਾਰਿਆ, ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣਾ ਰਾਜ ਭਾਗ ਮੁੜ ਹਾਸਲ ਕਰ ਲਿਆ। ਰਾਜਾ ਹੁਣ ਵੀ ਉਨ੍ਹਾਂ ਸ਼ਬਦਾਂ ਇਹ ਸਮਾਂ ਵੀ ਬੀਤ ਜਾਵੇਗਾ ਨੂੰ ਕਦੇ-ਕਦੇ ਪੜ੍ਹਦਾ। ਇਹ ਸ਼ਬਦ ਉਸ ਨੂੰ ਅਹਿਸਾਸ ਕਰਾਉਂਦੇ ਕਿ ਚੰਗਾ ਮਾੜਾ ਦੋਵੇਂ ਤਰ੍ਹਾਂ ਦਾ ਸਮਾਂ ਸਦਾ ਨਹੀਂ ਰਹਿਣਾ ਹੁੰਦਾ।

ਇਸੇ ਤਰ੍ਹਾਂ ਇਹ ਜ਼ਫ਼ਰਨਾਮੇ ਦੇ ਸ਼ਬਦਾਂ ਦੀ ਸ਼ਕਤੀ ਹੀ ਸੀ ਕਿ ਔਰੰਗਜ਼ੇਬ ਨੂੰ ਉਹਦੇ ਜ਼ੁਲਮ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ ਕਿ ਉਹ ਅੰਦਰੋਂ ਟੁੱਟ ਗਿਆ।

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ਬਦਾਂ ਨਾਲ ਤੁਸੀਂ ਸਾਰਾ ਸੰਸਾਰ ਜਿੱਤ ਸਕਦੇ ਹੋ, ਪਰ ਤਲਵਾਰ ਨਾਲ ਨਹੀਂ। ਸ਼ਬਦ ਦੀ ਅਹਿਮੀਅਤ ਨੂੰ ਸਮਝ ਜਾਣ ਵਾਲੇ ਲੋਕ ਸਾਰੀ ਉਮਰ ਕਿਤਾਬਾਂ ਨਾਲ ਲਗਾਅ ਰੱਖਦੇ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਵਿੱਚ ਬੁਲੰਦੀ ਆਉਣ ਲੱਗਦੀ ਹੈ।