CBSEclass 11 PunjabiEducationPunjab School Education Board(PSEB)

ਸਬਜ਼ ਪਰੀ – ਸਾਰ

ਪ੍ਰਸ਼ਨ . ‘ਸਬਜ਼ ਪਰੀ’ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਇਕ ਰਾਜੇ ਦੇ ਤਿੰਨ ਪੁੱਤਰਾਂ ਵਿੱਚੋਂ ਇਕ, ਜਿਸ ਦਾ ਨਾਂ ਮੀਰਜ਼ਾਦਾ ਸੀ, ਅਜੇ ਕੁਆਰਾ ਸੀ। ਉਸ ਦੀ ਭਰਜਾਈ ਨੇ ਉਸ ਨੂੰ ਆਪਣੀ ਭੈਣ ਨਾਲ ਵਿਆਹ ਕਰਨ ਲਈ ਨਾ ਮੰਨਦਾ ਦੇਖ ਕੇ ਤਾਅਨਾ ਮਾਰਿਆ ਕਿ ਉਹ ਦੇਖੇਗੀ, ਜਦੋਂ ਉਹ ਕੋਈ ਸਬਜ਼ ਪਰੀ ਵਿਆਹ ਕੇ ਲੈ ਆਵੇਗਾ। ਮੀਰਜ਼ਾਦੇ ਨੇ ਗੁੱਸੇ ਨਾਲ ਕਿਹਾ ਕਿ ਉਹ ਸਬਜ਼ ਪਰੀ ਹੀ ਵਿਆਹ ਕੇ ਲਿਆਵੇਗਾ।

ਮੀਰਜ਼ਾਦਾ ਘੋੜੇ ਉੱਤੇ ਚੜ੍ਹ ਕੇ ਸਬਜ਼ ਪਰੀ ਨੂੰ ਲੱਭਣ ਲਈ ਚਲ ਪਿਆ। ਸੰਘਣੇ ਜੰਗਲ ਵਿੱਚ ਜਦੋਂ ਉਹ ਆਰਾਮ ਕਰਨ ਲੱਗਾ, ਤਾਂ ਇਕ ਵੱਡੇ ਸੱਪ ਨੇ ਉਸ ਉੱਤੇ ਹਮਲਾ ਕਰ ਦਿੱਤਾ, ਪਰ ਮੀਰਜ਼ਾਦੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ।

ਉਹ ਸੱਪ ਉੱਥੇ ਦਰੱਖਤ ਉੱਤੇ ਰਹਿੰਦੇ ਹੰਸ ਤੇ ਹੰਸਣੀ ਦੇ ਬੱਚੇ ਖਾ ਜਾਂਦਾ ਹੁੰਦਾ ਸੀ। ਉਨ੍ਹਾਂ ਮੀਰਜ਼ਾਦੇ ਦੇ ਉਪਕਾਰ ਦਾ ਬਦਲਾ ਚੁਕਾਉਣ ਲਈ ਕੋਈ ਮੱਦਦ ਪੁੱਛੀ, ਤਾਂ ਉਸ ਨੇ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਆਪਣੀ ਇੱਛਾ ਦੱਸੀ। ਹੰਸ – ਹੰਸਣੀ ਉੱਡਦੇ – ਉੱਡਦੇ ਕਈ ਵਾਰੀ ਸਬਜ਼ ਪਰੀ ਦੇ ਦੇਸ਼ ਗਏ ਸਨ। ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ ਉੱਪਰ ਬਿਠਾ ਕੇ ਕਈ ਦਿਨ ਉੱਡਦਾ ਰਿਹਾ ਅਤੇ ਉਸ ਨੇ ਮੀਰਜ਼ਾਦੇ ਨੂੰ ਇਕ ਰੁੱਖ ਹੇਠ ਉਤਾਰ ਕੇ ਦੱਸਿਆ ਕਿ ਓਸ ਤਲਾ ਵਿਚ ਨਹਾ ਰਹੀਆਂ ਪਰੀਆਂ ਹੀ ਉਸ ਨੂੰ ਸਬਜ਼ ਪਰੀ ਤਕ ਪਹੁੰਚਾ ਸਕਦੀਆਂ ਹਨ। ਉਹ ਮੰਨਣਗੀਆਂ ਤਾਂ, ਜੇਕਰ ਉਹ ਕੰਢੇ ਉੱਪਰ ਪਏ ਉਨ੍ਹਾਂ ਦੇ ਖੰਭ ਚੁਰਾ ਲਵੇ ਤੇ ਫਿਰ ਉਹ ਉਨ੍ਹਾਂ ਨੂੰ ਸਬਜ਼ ਪਰੀ ਨਾਲ਼ ਵਿਆਹ ਕਰਾਉਣ ਦੀ ਸ਼ਰਤ ਉੱਤੇ ਵਾਪਸ ਕਰੇ।

ਮੀਰਜ਼ਾਦੇ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਤਲ਼ਾ ਤੋਂ ਬਾਹਰ ਆ ਕੇ ਖੰਭ ਮੰਗਦੀਆਂ ਪਰੀਆਂ ਤੋਂ ਆਪਣੀ ਸ਼ਰਤ ਮੰਨਵਾ ਕੇ ਇਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਸਬਜ਼ ਪਰੀ ਕੋਲ ਪੁੱਜੀ, ਤਾਂ ਉਹ ਐਨੀ ਦੂਰ ਕਿਸੇ ਲੜਕੇ ਦੇ ਪਹੁੰਚਣ ਬਾਰੇ ਸੁਣ ਕੇ ਹੈਰਾਨ ਹੋ ਗਈ। ਉਹ ਸੋਹਣੇ ਸੁਨੱਖੇ ਮੀਰਜ਼ਾਦੇ ਕੋਲ ਪਹੁੰਚੀ ਤੇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ। ਉਸ ਨੇ ਖੰਭ ਉਤਾਰ ਕੇ ਪਰੀਆਂ ਵਾਲੇ ਕੱਪੜੇ ਪਾ ਲਏ। ਹੁਣ ਉਸ ਵਿੱਚ ਪਹਿਲਾਂ ਵਰਗੀ ਉੱਡਣ ਸ਼ਕਤੀ ਨਾ ਰਹੀ।

ਹੰਸ ਦੋਹਾਂ ਨੂੰ ਲੈ ਕੇ ਉੱਡ ਨਹੀਂ ਸੀ ਸਕਦਾ। ਤਿੰਨੇ ਇਕ ਬੇੜੀ ਵਿੱਚ ਸਵਾਰ ਹੋ ਕੇ ਸਮੁੰਦਰ ਰਾਹੀਂ ਮੀਰਜ਼ਾਦੇ ਦੇ ਦੇਸ਼ ਨੂੰ ਚੱਲ ਪਏ, ਪਰ ਰਸਤੇ ਵਿੱਚ ਆਏ ਭਿਆਨਕ ਤੂਫ਼ਾਨ ਵਿੱਚ ਬੇੜੀ ਦੇ ਡੁੱਬਣ ਕਾਰਨ ਤਿੰਨੇ ਵਿਛੜ ਗਏ।

ਸਬਜ਼ ਪਰੀ ਇਕ ਸ਼ਹਿਰ ਵਿੱਚ ਜਾ ਪੁੱਜੀ ਤੇ ਮੀਰਜ਼ਾਦਾ ਦੂਜੇ ਸ਼ਹਿਰ ਵਿੱਚ। ਇਕ ਕੰਢੇ ਉੱਪਰ ਪੁੱਜੇ ਹੰਸ ਨੇ ਉਨ੍ਹਾਂ ਨੂੰ ਲੱਭਣ ਦਾ ਫ਼ੈਸਲਾ ਕੀਤਾ। ਲੋਕਾਂ ਰਾਹੀਂ ਸਬਜ਼ ਪਰੀ ਦੀ ਖ਼ੂਬਸੂਰਤੀ ਰਾਜੇ ਤੱਕ ਪੁੱਜੀ। ਉਸ ਨੇ ਉਸ ਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਾਉਣ ਲਈ ਕਿਹਾ ਪਰ ਉਸ ਨੇ ਉੱਤਰ ਦਿੱਤਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਉਸ ਨੇ ਰਾਜੇ ਤੋਂ ਇਕ ਸਾਲ ਦੀ ਮੁਹਲਤ ਮੰਗੀ।

ਸਬਜ਼ ਪਰੀ ਨੇ ਮੀਰਜ਼ਾਦੇ ਤੇ ਹੰਸ ਨੂੰ ਲੱਭਣ ਲਈ ਆਪਣੇ ਮਹਿਲ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ – ਭਾਂਤ ਦੇ ਚੋਗੇ ਖਿਲਾਰ ਦਿੱਤੇ। ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਲਾ ਦਿੱਤਾ। ਬਹੁਤ ਸਾਰੇ ਪੰਛੀ ਉੱਥੇ ਚੋਗਾ ਚੁਗਣ ਆਉਣ ਲੱਗੇ।ਇਕ ਦਿਨ ਭੁੱਖਣ – ਭਾਣੇ ਉੱਡਦੇ ਹੰਸ ਨੂੰ ਪੰਛੀਆਂ ਤੋਂ ਮਹਿਲਾਂ ਉੱਪਰ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਾ, ਤਾਂ ਉਹ ਉੱਥੇ ਆ ਪਹੁੰਚਾ। ਇੱਥੇ ਸਬਜ਼ ਪਰੀ ਨੇ ਉਸ ਨੂੰ ਦੇਖ ਕੇ ਪਛਾਣ ਲਿਆ। ਦੋਵੇਂ ਮਿਲ ਕੇ ਬੜੇ ਖੁਸ਼ ਹੋਏ ਤੇ ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ।

ਉੱਧਰ ਭੁੱਖਾ – ਭਾਣਾ ਮੀਰਜ਼ਾਦਾ ਇਕ ਭਠਿਆਰਨ ਤੋਂ ਕੁੱਝ ਖਾਣ ਲਈ ਲੈ ਕੇ ਉਸ ਨੂੰ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆ ਦਿੰਦਾ ਸੀ। ਇਕ ਦਿਨ ਹੰਸ ਨੇ ਉਸ ਨੂੰ ਜੰਗਲ ਵਿਚ ਪਛਾਣ ਲਿਆ ਤੇ ਉਹ ਉਸ ਦੇ ਖੰਭਾਂ ਉੱਪਰ ਬੈਠ ਕੇ ਸਬਜ਼ ਪਰੀ ਕੋਲ ਪੁੱਜਾ।

ਹੰਸ ਦੀ ਮੱਦਦ ਨਾਲ ਮੀਰਜ਼ਾਦਾ ਤੇ ਸਬਜ਼ ਪਰੀ ਰਾਜੇ ਤੋਂ ਚੋਰੀ ਨਿਕਲ ਤੁਰੇ। ਆਪਣੇ ਸ਼ਹਿਰ ਕੋਲ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕੀਤਾ। ਨਾਲ ਹੀ ਮੀਰਜ਼ਾਦੇ ਨੇ ਆਪਣੇ ਬਾਪ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ, ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ।

ਉਹ ਦੋਵੇਂ ਇਕ ਬਾਗ਼ ਵਿਚ ਆਰਾਮ ਕਰਨ ਲੱਗੇ। ਸਬਜ਼ ਪਰੀ ਨੂੰ ਪਿਆਸ ਲੱਗੀ ਤੇ ਉਹ ਖੂਹ ਉੱਤੇ ਪਾਣੀ ਪੀਣ ਗਈ। ਉੱਥੇ ਇਕ ਬੜੀ ਚਲਾਕ ਮਾਲਣ ਸੀ।ਜਦੋਂ ਉਸ ਨੂੰ ਸਬਜ਼ ਪਰੀ ਬਾਰੇ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ, ਤਾਂ ਉਸ ਨੇ ਚਲਾਕੀ ਨਾਲ ਸਬਜ਼ ਪਰੀ ਨੂੰ ਬੇਫ਼ਿਕਰ ਹੋ ਕੇ ਨਹਾਉਣ ਧੋਣ ਲਈ ਕਿਹਾ। ਜਦੋਂ ਉਹ ਨਹਾਉਣ ਲੱਗੀ, ਤਾਂ ਮਾਲਣ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ। ਮਾਲਣ ਸਬਜ਼ ਪਰੀ ਦੇ ਕੱਪੜੇ ਪਾ ਕੇ ਤੇ ਉਸ ਵਾਂਗ ਹੀ ਹਾਰ – ਸ਼ਿੰਗਾਰ ਕਰਕੇ ਮੀਰਜ਼ਾਦੇ ਕੋਲ ਆ ਗਈ। ਮੀਰਜ਼ਾਦੇ ਨੇ ਜਦੋਂ ਉਸ ਦੇ ਰੰਗ ਰੂਪ ਵਲ ਦੇਖ ਕੇ ਹੈਰਾਨੀ ਪ੍ਰਗਟ ਕੀਤੀ, ਤਾਂ ਉਸ ਨੇ ਕਿਹਾ ਕਿ ਉਸ ਨੂੰ ਇਕ ਸੱਪ ਨੇ ਡੰਗ ਮਾਰਿਆ ਹੈ, ਜਿਸ ਨਾਲ ਉਸ ਦਾ ਰੰਗ ਕਾਲਾ ਹੋ ਗਿਆ ਹੈ, ਪਰ ਕੁੱਝ ਸਮੇਂ ਮਗਰੋਂ ਆਪੇ ਠੀਕ ਹੋ ਜਾਵੇਗਾ।

ਮੀਰਜ਼ਾਦੇ ਦਾ ਪਿਤਾ ਵਾਜਿਆਂ – ਗ਼ਾਜ਼ਿਆਂ ਨਾਲ ਆਪਣੇ ਨੂੰਹ ਤੇ ਪੁੱਤਰ ਨੂੰ ਮਹਿਲਾਂ ਵਿੱਚ ਲੈ ਗਿਆ। ਸਾਰੇ ਨੂੰਹ ਦੇ ਕੱਪੜੇ ਦੇਖ ਕੇ ਹੀ ਵਾਹ – ਵਾਹ ਕਰਦੇ ਰਹੇ। ਮੀਰਜ਼ਾਦਾ ਬੜਾ ਉਦਾਸ ਸੀ ਤੇ ਉਸ ਨੂੰ ਸਬਜ਼ ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ।

ਇਕ ਦਿਨ ਮੀਰਜ਼ਾਦਾ ਖੂਹ ਦੇ ਨੇੜੇ ਘੁੰਮ ਰਿਹਾ ਸੀ, ਜਿੱਥੇ ਮਾਲਣ ਨੇ ਸਬਜ਼ ਪਰੀ ਨੂੰ ਧੱਕਾ ਦਿੱਤਾ ਸੀ। ਉੱਥੇ ਉਸ ਨੇ ਇਕ ਸੱਪ ਦੇਖਿਆ। ਮੀਰਜ਼ਾਦੇ ਨੇ ਸਮਝਿਆ ਕਿ ਇਸੇ ਨੇ ਹੀ ਸਬਜ਼ ਪਰੀ ਨੂੰ ਡੰਗਿਆ ਸੀ। ਉਹ ਉਸ ਦੇ ਮਗਰ ਖੂਹ ਵਿੱਚ ਗਿਆ। ਖੂਹ ਵਿਚ ਉਸ ਨੇ ਬਹੁਤ ਹੀ ਸੁੰਦਰ ਫੁਲ ਦੇਖਿਆ। ਜਦੋਂ ਮੀਰਜ਼ਾਦਾ ਉਸ ਨੂੰ ਤੋੜਨ ਲਈ ਹੱਥ ਅੱਗੇ ਕਰਦਾ, ਤਾਂ ਉਹ ਨੀਵਾਂ ਹੋ ਜਾਂਦਾ, ਪਰ ਜਦੋਂ ਹੱਥ ਪਿੱਛੇ ਕਰਦਾ, ਤਾਂ ਉਹ ਉੱਚਾ ਹੋ ਜਾਂਦਾ।

ਜਦੋਂ ਮੀਰਜ਼ਾਦਾ ਮੁੜਨ ਲੱਗਾ, ਤਾਂ ਫੁੱਲ ਆਪਣੇ ਆਪ ਹੀ ਉਸ ਦੇ ਹੱਥ ਵਿੱਚ ਆ ਗਿਆ ਤੇ ਉਹ ਫੁੱਲ ਲੈ ਕੇ ਆਪਣੇ ਮਹਿਲਾਂ ਵਿਚ ਆ ਗਿਆ। ਜਦੋਂ ਮਾਲਣ ਨੇ ਉਹ  ਅਲੌਕਿਕ ਫੁੱਲ ਦੇਖਿਆ, ਤਾਂ ਉਹ ਸਮਝ ਗਈ ਕਿ ਇਹ ਸਬਜ਼ ਪਰੀ ਦਾ ਹੀ ਕੌਤਕ ਹੈ। ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ – ਉੱਚੀ ਰੋਂਦੀ ਹੋਈ ਕਹਿਣ ਲੱਗੀ ਕਿ ਉਸ ਦੇ ਸਿਰ ਪੀੜ ਹੋਣ ਲੱਗ ਪਈ ਹੈ। ਇਹ ਫੁੱਲ ਨਹਿਸ਼ ਹੈ, ਉਸ ਨੂੰ ਜੰਗਲ ਵਿੱਚ ਸੁੱਟ ਦਿਓ। ਮੀਰਜ਼ਾਦੇ ਨੇ ਇੰਞ ਹੀ ਕੀਤਾ।

ਕੁੱਝ ਦਿਨਾਂ ਮਗਰੋਂ ਮੀਰਜ਼ਾਦਾ ਸ਼ਿਕਾਰ ਖੇਡਦਾ ਜੰਗਲ ਵਿੱਚ ਪੁੱਜਾ, ਤਾਂ ਉਸ ਨੇ ਦੇਖਿਆ ਕਿ ਜਿੱਥੇ ਉਸ ਨੇ ਫੁੱਲ ਸੁੱਟਿਆ ਸੀ, ਉੱਥੇ ਫੁੱਲਾਂ ਦਾ ਇਕ ਸੁੰਦਰ ਬਗੀਚਾ ਬਣਿਆ ਹੋਇਆ ਸੀ। ਕੁੱਝ ਦੇਰ ਉੱਥੇ ਬੈਠਣ ਮਗਰੋਂ ਉਸ ਦੀ ਅੱਖ ਲੱਗ ਗਈ। ਉਸ ਦੇ ਕੰਨਾਂ ਵਿੱਚ ਨੱਚਣ ਤੇ ਗਾਉਣ ਦੀ ਆਵਾਜ਼ ਆਉਣ ਲੱਗੀ। ਉਸ ਨੇ ਦੇਖਿਆ ਕਿ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਹਨ। ਜਦੋਂ ਉਹ ਉੱਡਣ ਲੱਗੀਆਂ ਤਾਂ ਇਕ ਪਰੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਆਦਮ ਜਾਤ ਉੱਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਬੜੇ ਧੋਖੇਬਾਜ਼ ਹੁੰਦੇ ਹਨ।

ਮੀਰਜ਼ਾਦੇ ਨੇ ਸਬਜ਼ ਪਰੀ ਦੀ ਆਵਾਜ਼ ਪਛਾਣ ਲਈ। ਉਸ ਨੇ ਪੁੱਛਿਆ ਕਿ ਜੇ ਉਹ ਇੱਥੇ ਹੈ, ਤਾਂ ਉਸ ਦੇ ਕੋਲ ਕੌਣ ਰਹਿ ਰਿਹਾ ਹੈ। ਸਬਜ਼ ਪਰੀ ਨੇ ਕਿਹਾ ਕਿ ਉਸ ਨੇ ਉਸ ਦੇ ਪਿੱਛੇ ਆਪਣਾ ਦੇਸ਼ ਤੇ ਸੁੱਖ – ਚੈਨ ਛੱਡਿਆ ਸੀ, ਪਰ ਉਹ ਮਾਲਣ ਤੇ ਸਬਜ਼ ਪਰੀ ਵਿੱਚ ਫ਼ਰਕ ਹੀ ਨਹੀਂ ਸਮਝ ਸਕਿਆ। ਉਹ ਫੁੱਲ ਬਣ ਕੇ ਉਸ ਕੋਲ ਆਈ, ਤਾਂ ਉਸ ਨੇ ਬਾਹਰ ਸੁੱਟ ਦਿੱਤਾ। ਇਹ ਕਹਿ ਕੇ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਮੀਰਜ਼ਾਦੇ ਨੂੰ ਬੜਾ ਗੁੱਸਾ ਚੜ੍ਹਿਆ। ਉਸ ਨੇ ਮਾਲਣ ਨੂੰ ਘਰੋਂ ਕੱਢ ਦਿੱਤਾ ਤੇ ਫਿਰ ਉਹ ਤੇ ਸਬਜ਼ ਪਰੀ ਖੁਸ਼ੀ – ਖੁਸ਼ੀ ਰਹਿਣ ਲੱਗੇ।