ਲੰਮੀ ਬੋਲੀ ਦੀ ਪਰਿਭਾਸ਼ਾ
ਪ੍ਰਸ਼ਨ . ਲੰਮੀ ਬੋਲੀ ਕੀ ਹੁੰਦੀ ਹੈ?
ਜਾਣ – ਪਛਾਣ : ਲੰਮੀਆਂ ਬੋਲੀਆਂ ਸਾਮੂਹਿਕ ਰੂਪ ਵਿਚ ਗਾਇਆ ਜਾਣ ਵਾਲਾ ਇਕ ਲੋਕ – ਗੀਤ ਹੈ। ਇਸ ਵਿਚ ਪਹਿਲੀਆਂ ਤੁਕਾਂ ਦਾ ਤੋਲ ਬਰਾਬਰ ਹੁੰਦਾ ਹੈ, ਪਰ ਅੰਤਲੀ ਤੁਕ ਅੱਧੀ ਹੁੰਦੀ ਹੈ, ਜਿਸ ਨੂੰ ‘ਤੋੜਾ’ ਕਿਹਾ ਜਾਂਦਾ ਹੈ।
ਮਰਦ ਇਨ੍ਹਾਂ ਨੂੰ ਭੰਗੜੇ ਵਿਚ ਗਾਉਂਦੇ ਹਨ ਤੇ ਇਸਤਰੀਆਂ ਇਨ੍ਹਾਂ ਨੂੰ ਗਿੱਧੇ ਵਿਚ ਗਾਉਂਦੀਆਂ ਹਨ। ਮਰਦਾਂ ਦੀਆਂ ਬੋਲੀਆਂ ਵਿਚ ਇਸਤਰੀ – ਹੁਸਨ ਦੀ ਵਡਿਆਈ, ਕਿਸਾਨੀ ਜੀਵਨ, ਪ੍ਰਕਿਰਤੀ, ਮੇਲੇ ਤੇ ਤਿਉਹਾਰ, ਆਰਥਿਕ ਤੇ ਸਮਾਜਿਕ ਪਹਿਲੂ ਹੁੰਦੇ ਹਨ। ਔਰਤਾਂ ਦੀਆਂ ਬੋਲੀਆਂ ਵਿਚ ਉਨ੍ਹਾਂ ਦੇ ਹਰ ਜੀਵਨ ਅਵਸਥਾ ਦੇ ਅਨੁਭਵ, ਮਾਨਸਿਕਤਾ ਤੇ ਜੀਵਨ – ਘੁਟਣ ਦਾ ਪ੍ਰਗਟਾਵਾ ਮਿਲਦਾ ਹੈ।
ਲੰਮੀ ਬੋਲੀ ਪਾਉਣ ਸਮੇਂ ਪਹਿਲਾਂ ਇਕ ਜਣਾ ਬੋਲੀ ਸ਼ੁਰੂ ਕਰਦਾ ਹੈ, ਬਾਕੀ ਮੈਂਬਰ ਨਾਲੋ – ਨਾਲ ਹੁੰਗਾਰਾ ਭਰਦੇ ਹਨ, ਜੋ ਕਈ ਵਾਰੀ ਪ੍ਰਸ਼ਨਿਕ ਰੂਪ ਜਾਂ ਵਿਸਮੀ ਰੂਪ ਵਿਚ ਹੁੰਦਾ ਹੈ। ਜਦੋਂ ਬੋਲੀ ਖ਼ਤਮ ਹੋਣ ‘ਤੇ ਆਉਂਦੀ ਹੈ, ਤਾਂ ਤੋੜੇ ਦੀ ਤੁਕ ਨੂੰ ਸਾਰੇ ਜਣੇ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈਅ ਵਿਚ ਗਾਉਂਦੇ ਹਨ।