ਲੇਖ : Autism
ਬੱਚਿਆਂ ਵਿੱਚ ਮੰਦਬੁੱਧੀ (Autism)
ਮੰਦਬੁੱਧੀ ਭਾਵ ਆਟਿਜ਼ਮ ਦੀ ਸਮੱਸਿਆ (Autism) ਬੱਚਿਆ ਵਿੱਚ ਪਾਈ ਜਾਣ ਵਾਲੀ ਅਸਾਵੀਂ ਮਾਨਸਿਕ ਪ੍ਰਵਿਰਤੀ ਹੈ। ਇਹ ਮਾਨਸਿਕ, ਵਿਕਾਸ ਦਾ ਬੇਰਤੀਬਾ ਪ੍ਰਬੰਧ ਹੈ। ਇਹ ਪਹਿਲੇ ਛੇ ਮਹੀਨੇ ਤੋਂ ਆਰੰਭ ਹੋ ਕੇ ਵਿਕਸਿਤ ਬੱਚੇ ਵਿੱਚ ਪਾਇਆ ਜਾਂਦਾ ਹੈ।
ਇਸ ਦੇ ਲੱਛਣ :
ਮੰਦਬੁੱਧੀ ਨੂੰ ਕੇਵਲ ਇਕ ਲੱਛਣ ਨਾਲ ਨਹੀਂ ਪਛਾਣਿਆ ਜਾ ਸਕਦਾ। ਇਸ ਦੇ ਕੁਝ ਲੱਛਣ ਹੇਠ ਲਿਖੇ ਅਨੁਸਾਰ ਹਨ :
📌 ਬੱਚੇ ਦੇ ਆਪਸੀ ਵਿਹਾਰ ਵਿਚ ਨੁਕਸ
📌 ਦੂਜਿਆਂ ਨਾਲ ਮਿਲਣ-ਜੁਲਣ ਵਿੱਚ ਰੁਕਾਵਟ
📌 ਆਪਣੇ-ਆਪ ਨੂੰ ਦੁਹਰਾਉਣਾ
📌 ਆਪਾ ਨਾ ਪ੍ਰਗਟ ਕਰ ਸਕਣਾ
📌 ਕਿਸੇ ਖੁਸ਼ੀ-ਗ਼ਮੀ ਵਾਲੀ ਸਥਿਤੀ ਵੱਲ ਰੁਖ ਨਾ ਕਰਨਾ
📌 ਕਿਸੇ ਨਾਲ ਅੱਖਾਂ ਨਾ ਮਿਲਾਉਣਾ
📌 ਆਪਣਾ ਨਾਂ ਬੁਲਾਉਣ ‘ਤੇ ਵੀ ਧਿਆਨ ਨਾ ਦੇਣਾ।
ਇਹ ਲੱਛਣ ਤਿੰਨ ਸਾਲ ਦੇ ਬੱਚੇ ਵਿੱਚ ਇੰਨੇ ਸਪਸ਼ਟ ਹੋ ਜਾਂਦੇ ਹਨ ਕਿ ਵਿਗਿਆਨੀ ਸਿਫਾਰਸ਼ ਕਰ ਦਿੰਦੇ ਹਨ ਕਿ ਇਸ ਉਮਰ ਵਿਚ ਹੀ ਇਸ ਦੇ ਇਲਾਜ ਪ੍ਰਤੀ ਸਚੇਤ ਹੋ ਜਾਣਾ ਚਾਹੀਦਾ ਹੈ, ਪਰ ਉਹ ਅਜੇ ਤਕ ਇਸ ਸਿੱਟੇ ‘ਤੇ ਨਹੀਂ ਪਹੁੰਚ ਸਕੇ ਕਿ ਕਦੇ ਦਿਮਾਗ ਵਿਚ ਕੁਦਰਤੀ ਸੈੱਲ ਵਿਹਾਰ ਕਰਨਾ ਬੰਦ ਕਰ ਦਿੰਦੇ ਹਨ ਤੇ ਅਜਿਹਾ ਕੰਮ ਕਰਨ ਲੱਗ ਜਾਂਦੇ ਹਨ ਜਿਸ ਨਾਲ ਬੱਚਾ ਤੰਦਰੁਸਤ ਨਹੀਂ ਰਹਿੰਦਾ। ਵਿਗਿਆਨੀਆਂ ਅਨੁਸਾਰ ਇਨ੍ਹਾਂ ਬੱਚਿਆਂ ਵਿਚ ਜਮਾਂਦਰੂ ਕਾਰਨ ਹੋਣਾ ਸੰਭਵ ਹੈ।
ਮੰਦਬੁੱਧੀ ਸਬੰਧੀ ਧਾਰਨਾਵਾਂ : ਮੰਦਬੁੱਧੀ ਬੱਚਿਆਂ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਸਾਹਮਣੇ ਆਉਂਦੀਆਂ ਹਨ। ਸਭ ਦੀ ਸਾਂਝੀ ਰਾਏ ਬਣਦੀ ਹੈ ਕਿ ਇਹ ਕੋਈ ਅਜਿਹੀ ਬੀਮਾਰੀ ਨਹੀਂ ਜਿਸਦੀ ਕੋਈ ਖ਼ਾਸ ਦਵਾਈ ਕਿਸੇ ਡਾਕਟਰ ਕੋਲ ਹੁੰਦੀ ਹੈ। ਇਸ ਦਾ ਇਲਾਜ ਸਮੁੱਚੇ ਸਮਾਜ ਕੋਲ ਹੈ ਤੇ ਸਮਾਜ ਹੀ ਉਸਦਾ ਰਖਵਾਲਾ ਬਣਦਾ ਹੈ। ਮੰਦਬੁੱਧੀ ਬੱਚੇ ਕੁਝ ਵੱਖਰੀ ਜਿਹੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ। ਉਹ ਕਈ ਵਾਰ ਅਜਿਹੇ ਹੈਰਾਨੀਜਨਕ ਕਰਤਬ ਕਰ ਜਾਂਦੇ ਹਨ ਕਿ ਆਮ ਬੱਚੇ ਤੋਂ ਕਦੇ ਆਸ ਵੀ ਨਹੀਂ ਹੋ ਸਕਦੀ। ਮੰਦਬੁੱਧੀ ਬੱਚਿਆਂ ਦੀਆਂ ਕੁਝ ਵੰਨਗੀਆਂ ਹੁੰਦੀਆਂ ਹਨ। ਇਸ ਵਿਸ਼ੇ ਨਾਲ ਜੁੜੇ ਮਾਹਰ ਕਹਿੰਦੇ ਹਨ ਕਿ ਮਾਪੇ ਇਹ ਮੰਨਣ ਨੂੰ ਕਦੇ ਤਿਆਰ ਹੀ ਨਹੀਂ ਹੁੰਦੇ ਕਿ ਉਨ੍ਹਾਂ ਦੇ ਬੱਚੇ ਨਾਰਮਲ ਨਹੀਂ ਹਨ। ਜਦੋਂ ਕੋਈ ਉਨ੍ਹਾਂ ਨੂੰ ਇਸ ਗੱਲ ਦਾ ਸੰਕੇਤ ਵੀ ਕਰਦਾ ਹੈ ਕਿ ਤੁਹਾਡਾ ਬੱਚਾ ਨਾਰਮਲ ਨਹੀਂ ਲੱਗਦਾ ਤਾਂ ਉਹ ਝਗੜਾ ਕਰਨ ਤਕ ਜਾਂਦੇ ਹਨ। ਉਹ ਇਥੋਂ ਤਕ ਬਜ਼ਿੱਦ ਹੋ ਜਾਂਦੇ ਹਨ ਕਿ ਬੱਚਿਆ ਨੂੰ ਡਾਕਟਰੀ ਮੁਆਇਨੇ ਲਈ ਵੀ ਨਹੀਂ ਲੈ ਕੇ ਜਾਂਦੇ।
ਕੁਝ ਮਹਾਨ ਵਿਅਕਤੀਆਂ ਜਿਨ੍ਹਾਂ ਦੀਆਂ ਖੋਜਾਂ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ, ਬਾਰੇ ਵੀ ਇਹ ਦੱਸਿਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਦੇ ਆਰੰਭ ਵਿਚ ਆਟਿਜ਼ਮ ਦੇ ਸ਼ਿਕਾਰ ਸਨ। ਵਿਸ਼ਵ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਵੀ ਪਹਿਲਾਂ ਆਟਿਜ਼ਮ ਦਾ ਸ਼ਿਕਾਰ ਸਨ, ਜਿਨ੍ਹਾਂ ਦੇ ‘ਸਾਪੇਖਤਾ ਸਿਧਾਂਤ’ ਨੇ ਵਿਗਿਆਨਕ ਸੋਚ ਵਿਚ ਕ੍ਰਾਂਤੀ ਲੈ ਆਉਂਦੀ ਸੀ।
ਖੋਜ ਕੀ ਕਹਿੰਦੀ ਹੈ? : ਵਿਗਿਆਨਕ ਸੋਚ ਰੱਖਣ ਵਾਲੇ ਅਤੇ ਖ਼ਾਸ ਤੌਰ ‘ਤੇ ਮਨੋਵਿਗਿਆਨੀਆਂ ਨੇ ਮੰਦਬੁੱਧੀ ਬੱਚਿਆ, ਇਨ੍ਹਾਂ ਦੇ ਮਨ ਤੇ ਸਰੀਰ ਨੂੰ ਵਿਕਸਤ ਕਰਨ ਲਈ ਤੇ ਇਨ੍ਹਾਂ ਨੂੰ ਜੀਵਨ ਦੀ ਮੁੱਖ ਧਾਰਾ ਨਾਲ ਜੋੜਨ ਲਈ ਕਈ ਸੁਝਾਅ ਜ਼ਰੂਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਮੰਦਬੁੱਧੀ ਬੱਚਿਆਂ ਵਿਚ ਸੁਧਾਰ ਆਉਣਾ ਸ਼ੁਰੂ ਹੋ ਜਾਦਾ ਹੈ।
ਸੰਗੀਤ ਦਾ ਅਸਰ : ਇਨ੍ਹਾਂ ਬੱਚਿਆਂ ਕੋਲ ਚੰਗਾ ਸੰਗੀਤ ਚਲਾ ਕੇ ਵੇਖਿਆ ਗਿਆ ਤੇ ਇਹ ਵੇਖਿਆ ਗਿਆ ਕਿ ਇਨ੍ਹਾਂ ਵਿਚ ਸੰਗੀਤ ਦੀਆਂ ਸੁਰਾਂ ਨਾਲ ਕੁਝ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਹੋਰ ਚੰਗਾ ਸੰਗੀਤ ਸੁਣਨ ਲਈ ਤਤਪਰ ਹੋ ਜਾਂਦੇ ਹਨ। ਸੰਗੀਤ ਨਾਲ ਇਨ੍ਹਾਂ ਦੇ ਜੀਵਨ ਵਿਚ ਇਕਸਾਰਤਾ ਵਧਾਈ ਜਾ ਸਕਦੀ ਹੈ ਪਰ ਇਹ ਨਿਰਭਰ ਕਰਦਾ ਹੈ ਕਿ ਉਨ੍ਹਾਂ ਵਿਚ ਮੰਦਬੁੱਧੀ ਦੀ ਮਿਕਦਾਰ ਕਿੰਨੀ ਹੈ?
ਫਿਜਿਓਥੈਰੇਪਿਸਟ ਦਾ ਪ੍ਰਬੰਧ : ਦੂਜੀ ਸਲਾਹ ਇਹ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਲਈ ਇਕ ਫਿਜਿਓਥੈਰੇਪਿਸਟ ਦਾ ਪ੍ਰਬੰਧ ਕੀਤਾ ਜਾਵੇ। ਕਈ ਵਾਰ ਬਹੁਤ ਪ੍ਰਬਲ ਵਹਿਣ ਵਿਚ ਆ ਕੇ ਇਹ ਬੱਚੇ ਖੇਡਦੇ ਹੋਏ ਕਈ ਅਜਿਹੀਆਂ ਸਰੀਰਕ ਹਰਕਤਾਂ ਕਰਦੇ ਹਨ ਜਿਸ ਨਾਲ ਸਰੀਰ ਵਿਚ ਮੋਚ ਜਾਂ ਹੱਡੀ ਵਿਚ ਦਰਾਰ ਆ ਜਾਂਦੀ ਹੈ ਜਾਂ ਹੱਡੀ ਟੁੱਟਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਾਹਰ ਸਲਾਹ ਦਿੰਦੇ ਹਨ ਕਿ ਇਨ੍ਹਾਂ ਨੂੰ ਖ਼ਾਸ ਕਿਸਮ ਦੇ ਸੁਰੱਖਿਆ ਕਮਰਿਆਂ ਅਤੇ ਘਟ ਉੱਚੇ ਮੰਜਿਆਂ ਤੇ ਰੱਖਣ ਦੀ ਲੋੜ ਹੁੰਦੀ ਹੈ।
ਇਨ੍ਹਾਂ ਬੱਚਿਆਂ ਨੂੰ ਵਧੇਰੇ ਪਿਆਰ ਅਤੇ ਦੁਲਾਰ ਦੀ ਲੋੜ ਹੁੰਦੀ ਹੈ। ਮਾਹਰ ਸਲਾਹ ਦਿੰਦੇ ਹਨ ਕਿ ਇਨ੍ਹਾਂ ਨੂੰ ਵੀ ਆਮ ਸਧਾਰਨ ਬੱਚਿਆਂ ਦੇ ਸਕੂਲ ਵਿਚ ਦਾਖ਼ਲ ਕਰਵਾਉਣ ਦੀ ਲੋੜ ਹੁੰਦੀ ਹੈ। ਸਕੂਲ ਦੇ ਸਾਰੇ ਅਧਿਆਪਕ, ਬੱਚੇ ਅਤੇ ਕਰਮਚਾਰੀ ਇਨ੍ਹਾਂ ਨੂੰ ਬਣਦੀ ਹਮਦਰਦੀ ਤੇ ਪਿਆਰ ਦੇਣ ਤਾਂ ਕੋਈ ਕਾਰਨ ਨਹੀਂ ਕਿ ਇਨ੍ਹਾਂ ਦੀ ਜਿੰਦਗੀ ਵਿਚ ਸੁਧਾਰ ਨਾ ਹੋਵੇ। ਇਸ ਨਾਲ ਇਹ ਬੱਚੇ ਵੀ ਆਪਣਾ ਜੀਵਨ ਸਾਰਥਕ ਬਣਾ ਕੇ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾ ਸਕਣਗੇ। ਜੇ ਬੱਚਿਆਂ ਵਿਚ ਇਸ ਮਾਨਸਿਕ ਰੋਗ ਦੀ ਪ੍ਰਵਿਰਤੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ 1000 ਪਿੱਛੇ ਇਕ ਜਾਂ ਦੇ ਤੱਕ ਹੀ ਸੀਮਤ ਹੈ ਪਰ ਅਬਾਦੀ ਵਿਚ ਆਏ ਵਿਸਫੋਟ ਕਾਰਨ ਜੇ ਕੁੱਲ ਵਸੋਂ ਨੂੰ ਵੇਖੀਏ ਤਾਂ ਗਿਣਤੀ ਚਿੰਤਾਜਨਕ ਹੱਦ ਤਕ ਪੁੱਜ ਜਾਂਦੀ ਹੈ। ਵਿਗਿਆਨਕ ਖੋਜ ਅਨੁਸਾਰ ਮੁੰਡਿਆਂ ਵਿਚ ਮੰਦਬੁੱਧੀ ਦੀ ਪ੍ਰਵਿਰਤੀ ਲੜਕੀਆਂ ਨਾਲੋਂ ਚਾਰ ਗੁਣਾਂ ਵੱਧ ਪਾਈ ਜਾਂਦੀ ਹੈ। ਵਿਸ਼ਵ ਵਿਚ ਫੈਲੀ ਹੋਈ ਇਸ ਮਾਨਸਿਕ ਬੀਮਾਰੀ ਦੀ ਰੋਕਥਾਮ ਲਈ ਸਹੀ ਸੋਚ ਦੇ ਨਾਲ-ਨਾਲ ਦੂਸ਼ਿਤ ਵਾਤਾਵਰਨ, ਕੀਟਨਾਸ਼ਕ ਦਵਾਈਆਂ ਤੇ ਪਾਬੰਦੀ ਅਤੇ ਬੱਚਿਆਂ ਦੇ ਲਾਏ ਜਾਂਦੇ ਟੀਕਿਆਂ ਤੇ ਕਰੜੀ ਨਜ਼ਰ ਰੱਖਣ ਦੀ ਲੋੜ ਹੈ।